ਕਿਸਾਨ ਆਗੂਆਂ ਦੀਆਂ ਗ਼ਲਤੀਆਂ ਕਾਰਨ ਸ਼ਹੀਦ ਹੋਇਆ ਸ਼ੁਭਕਰਨ: ਬਿੱਟੂ
ਪੱਤਰ ਪ੍ਰੇਰਕ
ਪਟਿਆਲਾ, 29 ਜੁਲਾਈ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਕਿਸਾਨ ਸ਼ੰਭੂ ਤੇ ਖਨੌਰੀ ਆਦਿ ਬਾਰਡਰਾਂ ’ਤੇ ਬੈਠੇ ਹਨ, ਉਹ ਕਾਂਗਰਸ, ‘ਆਪ’ ਤੇ ‘ਇੰਡੀਆ’ ਗੱਠਜੋੜ ਦੇ ‘ਸਪਾਂਸਰਡ’ ਕਿਸਾਨ ਹਨ। ਇਸੇ ਕਰ ਕੇ ਇਹ ਕਿਸਾਨ ਮੰਗਾਂ ਮੰਨਣ ਤੋਂ ਬਾਅਦ ਵੀ ਚੋਣਾਂ ਦੌਰਾਨ ਮੋਰਚੇ ’ਤੇ ਬੈਠੇ ਰਹੇ ਹਨ। ਸ੍ਰੀ ਬਿੱਟੂ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੀਆਂ ਆਪਣੀਆਂ ਗ਼ਲਤੀਆਂ ਕਰ ਕੇ ਸ਼ੁਭਕਰਨ ਜਿਹਾ ਗ਼ਰੀਬ ਕਿਸਾਨ ਸ਼ਹੀਦ ਹੋ ਗਿਆ ਹੈ। ਸ੍ਰੀ ਬਿੱਟੂ ਇੱਥੇ ਭਾਜਪਾ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਸਾਬਕਾ ਮੰਤਰੀ ਪ੍ਰਨੀਤ ਕੌਰ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਆਦਿ ਮੌਜੂਦ ਸਨ। ਸ੍ਰੀ ਬਿੱਟੂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਵੱਧ ਲਾਭ ਦਿੱਤੇ ਹਨ ਪਰ ਫਿਰ ਵੀ ਕਿਸਾਨ ਪ੍ਰਧਾਨ ਮੰਤਰੀ ਦੀ ਖ਼ਿਲਾਫ਼ਤ ਕਰ ਰਹੇ ਹਨ। ਮੰਤਰੀ ਬਿੱਟੂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕਿਸਾਨਾਂ ਦਾ ਬਜਟ 25 ਹਜ਼ਾਰ ਕਰੋੜ ਸੀ ਪਰ ਹੁਣ ਇਹ ਬਜਟ 1,52,000 ਕਰੋੜ ਹੈ। ਇਸ ਨਾਲ ਆਧੁਨਿਕ ਖੇਤੀ, ਫ਼ਸਲੀ ਵੰਨ-ਸੁਵੰਨਤਾ ਤੇ ਮੰਡੀਕਰਨ ਸਹੀ ਕੀਤਾ ਜਾਵੇਗਾ। 167 ਰੇਲ ਰੂਟਾਂ ਰਾਹੀਂ ਕਿਸਾਨ ਆਪਣੀ ਫ਼ਸਲ ਕਿਤੇ ਵੀ ਲਿਜਾ ਕੇ ਵੇਚ ਸਕਦਾ ਹੈ। ਕਿਸਾਨ ਔਰਤਾਂ ਨੂੰ ਡਰੋਨ ਸਿਖਲਾਈ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ’ਤੇ ਖਾਦਾਂ ਦਿੱਤੀਆਂ ਜਾ ਰਹੀਆਂ ਹਨ।