ਅਹਿਸਾਨ ਜਤਾਉਣਾ ਨਿਰਾ ਹੋਛਾਪਣ
ਕਰਨੈਲ ਸਿੰਘ ਸੋਮਲ
ਮਨੁੱਖੀ ਰਿਸ਼ਤਿਆਂ ਦੇ ਪ੍ਰਸੰਗ ਵਿੱਚ ਅਹਿਸਾਨ ਸ਼ਬਦ ਅਕਸਰ ਵਰਤਿਆ ਜਾਂਦਾ ਹੈ। ਫਰਜ਼ ਅਤੇ ਅਹਿਸਾਨ ਵਿੱਚ ਬੜਾ ਸੂਖਮ, ਪਰ ਮਹੱਤਵਪੂਰਨ ਫ਼ਰਕ ‘ਅਹਿਸਾਸ’ ਅਤੇ ‘ਸ਼ੁਭ-ਭਾਵਨਾ’ ਦਾ ਹੈ। ਮਨੁੱਖ ਆਪਣੀ ਔਲਾਦ ਦੀ ਤੀਬਰ ਲੋਚਾ ਰੱਖਦਾ ਹੈ। ਪਸ਼ੂ-ਪੰਛੀਆਂ ਵਿੱਚ ਵੀ ਇਹ ਖ਼ਾਹਿਸ਼ ਕੁਦਰਤੀ ਹੈ। ਮਨੁੱਖ ਦੇ ਜਾਏ ਦੀ ਪਰਵਰਿਸ਼ ਲੰਮਾ ਸਮਾਂ ਮੰਗਦੀ ਹੈ। ਖੇਚਲ ਅਤੇ ਖ਼ਰਚਾ ਵੀ ਬਹੁਤ ਹੁੰਦਾ ਹੈ। ਮਨੁੱਖ ਇਸ ਸਿਲਸਿਲੇ ਨੂੰ ਕਿਵੇਂ ਸਮਝਦਾ ਹੈ? ਬੋਝ, ਖਲਜਗਣ, ਖ਼ੁਸ਼ੀ ਦਾ ਸਬੱਬ ਜਾਂ ਫਰਜ਼? ਫਰਜ਼ ਦੇ ਨਾਲ ਕਈ ਵਾਰੀ ‘ਪਵਿੱਤਰ’ ਸ਼ਬਦ ਵੀ ਜੋੜ ਲਿਆ ਜਾਂਦਾ ਹੈ। ਤਦ ਇਸ ਨੂੰ ਮਾਨਵੀ ਧਰਮ ਵਜੋਂ ਵੀ ਚਿਤਵਿਆ ਜਾਂਦਾ ਹੈ। ਬੁਢਾਪੇ ਦੀ ਅਵਸਥਾ ਵਿੱਚੋਂ ਗੁਜ਼ਰਦਿਆਂ ਨਿਰਭਰਤਾ ਦਾ ਖ਼ਿਆਲ ਭਾਰੂ ਹੋਣ ਲੱਗਦਾ ਹੈ। ਸਿਹਤ ਦੇ ਵਿਗਾੜ ਵੀ ਪੈਦਾ ਹੋ ਸਕਦੇ ਹਨ। ਇਸ ਤੋਂ ਬਜ਼ੁਰਗ ਦੀ ਸੇਵਾ-ਸੰਭਾਲ ਦਾ ਵਿਚਾਰ ਵੀ ਉੱਭਰਦਾ ਹੈ। ਇਸ ਸਾਰੇ ਕੁਝ ਦਾ ਖੇਚਲ ਤੇ ਖ਼ਰਚੇ ਨਾਲ ਵੀ ਸਬੰਧ ਹੈ। ਬਾਲ ਅਵਸਥਾ ਅਤੇ ਬਿਰਧ ਅਵਸਥਾ ਦੋਵੇਂ ਹਾਲਤਾਂ ਵਿੱਚ ਨਿੱਜੀ ਸੰਪਰਕ/ ਮਾਨਵੀ ਸਪਰਸ਼ ਅਤੇ ਡੂੰਘੀ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ। ਮੋਹ, ਅਪਣੱਤ ਅਤੇ ਪਵਿੱਤਰ ਫਰਜ਼ ਅਥਵਾ ਮਾਨਵੀ-ਧਰਮ ਦੀਆਂ ਭਾਵਨਾਵਾਂ ਪ੍ਰਬਲ ਹੋਣ ਤਾਂ ਇਹ ਖੇਚਲਾਂ ਭਾਰ ਨਹੀਂ ਬਣਦੀਆਂ ਬਲਕਿ ਡੂੰਘੀ ਤ੍ਰਿਪਤੀ ਦਾ ਸੋਮਾ ਬਣਦੀਆਂ ਹਨ। ਇਸ ਹਾਲਤ ਵਿੱਚ ਪਰਿਵਾਰਕ ਜੀਆਂ ਲਈ ਖੇਚਲਾਂ ਕੱਟਣਾ ਦੂਜੇ ਪ੍ਰਤੀ ਅਹਿਸਾਨ ਨਹੀਂ ਹੁੰਦਾ ਸਗੋਂ ਸੁਭਾਗ ਸਮਝਿਆ ਜਾਂਦਾ ਹੈ।
ਅਪਣੱਤ ਦਾ ਅਹਿਸਾਸ ਜਾਂ ਸ਼ੁਭ-ਭਾਵਨਾ ਮੂਲੋਂ ਹੀ ਗ਼ੈਰਹਾਜ਼ਰ ਹੋਣ ਤਦ ਅਜਿਹੇ ਪੜਾਅ ਵੀ ਆ ਸਕਦੇ ਹਨ ਜਦੋਂ ਤਲਖ਼-ਕਲਾਮੀ ਹੋ ਸਕਦੀ ਹੈ। ਕੀਤੀ ਸਹਾਇਤਾ ਦੇ ਕਾਰਜ ਨੂੰ ਅਹਿਸਾਨ ਕਰਨਾ ਜਤਾ ਕੇ ਮਿਹਣੇ ਦਾ ਰੂਪ ਵੀ ਦੇ ਦਿੱਤਾ ਜਾਂਦਾ ਹੈ। ਦਲੀਲ ਦਾ ਕੀ ਹੈ, ਕੋਈ ਕਹਿ ਸਕਦਾ ਹੈ ਤੁਹਾਨੂੰ ਵੀ ਕਿਸੇ ਪਾਲਿਆ ਸੀ। ਤੁਸੀਂ ਆਪਣੇ ਬਜ਼ੁਰਗਾਂ ਦੀ ਕਿੰਨੀ ਕੁ ਸੇਵਾ ਕੀਤੀ ਸੀ। ਤਦ ਕਿਹਾ ਜਾਂਦਾ ਹੈ ਕਿ ਬੰਦਾ ‘ਰੱਬ’ ਤੋਂ ਮੰਗੇ ਜਿਹੜਾ ਦੇ ਕੇ ਭੁੱਲੇ। ਭਾਵ ਇਹ ਕਿ ਭਾਵੇਂ ਕੋਈ ਬੱਚਿਆਂ ਦੀ ਸੰਭਾਲ ਕਰੇ ਜਾਂ ਬਜ਼ੁਰਗਾਂ ਦੀ ਸੇਵਾ, ਉਸ ਨੂੰ ਮੁੜ ਕੇ ਕਦੇ ਚਿਤਾਰੇ ਨਾ, ਜ਼ੁਬਾਨ ਉੱਤੇ ਨਾ ਲਿਆਵੇ, ਭਾਵ ਮੁੜ-ਮੁੜ ਜਤਾਵੇ ਨਾ। ਇਸ ਤਰ੍ਹਾਂ ਮਾਨਵੀ ਰਿਸ਼ਤਿਆਂ ਵਿੱਚ ਲੇਸ ਨਹੀਂ ਰਹਿੰਦੀ। ਕਹਿ ਸਕਦੇ ਹਾਂ ਕਿ ਬਹੁਤੀ ਖ਼ੁਸ਼ਕੀ ਤਾਂ ਮਸ਼ੀਨੀ ਪੁਰਜੇ ਵੀ ਨਹੀਂ ਝੱਲਦੇ। ਇਨਸਾਨੀ ਰਿਸ਼ਤੇ ਤਾਂ ਕੱਚੇ ਧਾਗਿਆਂ ਜਿਹੇ ਮਲੂਕ ਹੁੰਦੇ ਹਨ ਜ਼ਰਾ ਵੀ ਜ਼ਰਬ (ਝਟਕਾ) ਨਹੀਂ ਸਹਾਰਦੇ।
ਆਪਸੀ ਸਹਿਯੋਗ ਤੇ ਪਰਸਪਰ ਸਹਾਇਤਾ ਮਨੁੱਖੀ ਸਬੰਧਾਂ ਦੀ ਸੋਭਾ ਸ਼ੁਰੂ ਤੋਂ ਹੀ ਬਣਦੇ ਆਏ ਹਨ। ਇਕੱਲੇ ਹੱਥ ਨੂੰ ਦੋਵੇਂ ਹੱਥਾਂ ਦਾ ਕੰਮ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ। ਇੱਕ-ਇੱਕ, ਦੋ ਗਿਆਰਾਂ ਦਾ ਵੀ ਇਹੋ ਭਾਵ ਹੈ। ਇਉਂ, ਜ਼ਰੂਰਤ ਪੈਣ ਉੱਤੇ ਦੂਜਿਆਂ ਦੀ ਮਦਦ ਕਰਨੀ ਅਤੇ ਲੈਣੀ ਕੋਈ ਬੱਜ ਨਹੀਂ, ਮਿਹਣਾ ਨਹੀਂ। ਸਗੋਂ ਇਹ ਸਾਂਝੀ ਸ਼ਕਤੀ ਜਗਾਉਣ ਦਾ ਰਾਹ ਹੈ। ਸੱਜਾ ਧੋਵੇ ਖੱਬੇ ਨੂੰ ਅਤੇ ਖੱਬਾ ਧੋਵੇ ਸੱਜੇ ਨੂੰ ਦੀ ਰੀਤ ਮੁੱਢੋਂ ਹੀ ਚੱਲਦੀ ਆਈ ਹੈ। ਵੱਸ ਲੱਗਦੇ ਬੰਦਾ ਦੂਜੇ ਦੇ ਲੋੜ ਵੇਲੇ ਮਦਦ ਕਰਦਾ ਹੈ। ਇਸ ਨੂੰ ਜੀਵਨ-ਚੱਜ ਮੰਨਿਆ ਜਾਂਦਾ ਹੈ। ਦੂਜੀ ਧਿਰ ਨੂੰ ਅਹਿਸਾਨ ਦੀ ਮੂਕ ਪ੍ਰਤੀਤੀ ਕਰਾਈ ਜਾਂਦੀ ਹੈ। ‘ਧੰਨਵਾਦ’ ਜਿਹੇ ਸ਼ਬਦ ਤਦੇ ਸੱਜਣਤਾ ਮੰਨੇ ਜਾਂਦੇ ਹਨ। ਕਈ ਵਾਰੀ ਦੂਜੇ ਦੀ ਮੋੜਵੀਂ ਮਦਦ ਕਰਨ ਦਾ ਮੌਕਾ ਹੀ ਨਹੀਂ ਬਣਦਾ ਜਾਂ ਭੁੱਲ-ਚੁੱਕ ਹੋ ਜਾਂਦੀ ਹੈ। ਕਿਸੇ ਦੀ ਕਿਰਤੱਗਤਾ ਚੇਤੇ ਰਹੇ ਇਹੋ ਬਹੁਤ ਹੈ। ‘ਅਹਿਸਾਨ’ ਦਾ ਮਸਲਾ ਹੀ ਖੜ੍ਹਾ ਨਹੀਂ ਹੁੰਦਾ। ਕੀਤੀ ਮਦਦ ਦਾ ਕਿਸੇ ਦਾ ਬੋਝ ਵੀ ਨਹੀਂ ਹੁੰਦਾ।
ਕਿਸੇ ਨੂੰ ਸਮਾਜਿਕ ਭਲਾਈ ਕਰਨ ਦਾ ਅਵਸਰ ਮਿਲਦਾ ਹੈ ਤਦ ਉਹ ਲਾਭਪਾਤਰੀਆਂ ਪ੍ਰਤੀ ਅਹਿਸਾਨ ਜਤਾਵੇ ਜਾਂ ਤਰਸ ਦੀ ਭਾਵਨਾ ਪ੍ਰਗਟਾਅ ਕੇ ਖ਼ੁਦ ਨੂੰ ‘ਦਾਤਾ’ ਦਰਸਾਵੇ ਤਦ ਮਾਨਵੀ ਮੁੱਲਾਂ ਦੀ ਹਾਨੀ ਹੁੰਦੀ ਹੈ। ਨਿੱਜੀ ਪੱਧਰ ਉੱਤੇ ਕੀਤੇ ਭਲੇ ਦੇ ਕੰਮਾਂ ਬਾਰੇ ਵੀ ਕਿਹਾ ਜਾਂਦਾ ਕਿ ਇੱਕ ਹੱਥ ਨਾਲ ਦਿੰਦਿਆਂ ਦੂਜੇ ਹੱਥ ਨੂੰ ਮਾਲੂਮ ਹੀ ਨਾ ਹੋਵੇ। ਹੈਰਤ ਦੀ ਗੱਲ ਹੈ ਕਿ ਮਨੁੱਖ ਨੇ ਆਪਣੀ ਜਾਤੀ ਨੂੰ ਸ੍ਰੇਸ਼ਟ ਮੰਨਿਆ, ਹੋਰ ਸਾਰੇ ਜੀਵਾਂ ਨੂੰ ਹੇਚ ਸਮਝਿਆ। ਮਾਨਵ ਜਾਤੀ ਨੂੰ ਵੀ ਵੱਖ-ਵੱਖ ਭੇਦ-ਭਾਵਾਂ ਤਹਿਤ ਨੀਵਾਂ ਰੱਖਦਿਆਂ ਮਾਨਵੀ ਸਤਿਕਾਰ ਤੋਂ ਸੱਖਣਾ ਰੱਖਿਆ। ਆਪਣੀ ਹਉਮੈ ਨੂੰ ਪੱਠੇ ਪਾਉਣ ਹਿਤ ਦਇਆ, ਕ੍ਰਿਪਾਲਤਾ ਆਦਿ ਦਾ ਦੰਭ ਵੀ ਕੀਤਾ ਜਾਂਦਾ ਹੈ। ਆਪਣੇ ਕੀਤੇ ਦਾਨ-ਪੁੰਨ ਨੂੰ ਉਘਾੜਨ ਲਈ ਆਪਣਾ ਨਾਂ ਉਕਰਾ ਕੇ ਸਿਲਾਂ ਲਵਾਈਆਂ ਜਾਂਦੀਆਂ ਹਨ। ‘ਮਾਣਸ ਖਾਣੇ’ ਕਿੰਨੇ ਖੇਖਣ ਕਰਦੇ ਹਨ, ਲੱਜਿਆ ਦਾ ਅਹਿਸਾਸ ਤੱਕ ਨਹੀਂ ਹੁੰਦਾ।
ਸੰਪਰਕ: 98141-57137