ਸੂਬਾ ਸਰਕਾਰ ਨੂੰ ‘ਕਾਰਨ ਦੱਸੋ’ ਨੋਟਿਸ
ਸੁਭਾਸ਼ ਚੰਦਰ
ਸਮਾਣਾ, 11 ਸਤੰਬਰ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਐੱਨਪੀਐੱਸ ਮੁਲਾਜ਼ਮਾਂ ਦੇ ਵੱਡੇ ਇਕੱਠ ਨਾਲ ਮਾਰਚ ਕਰਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਨਾਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ, ਜਿਸ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਮੌਕੇ ’ਤੇ ਉਨ੍ਹਾਂ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਨੇ ਪ੍ਰਾਪਤ ਕੀਤਾ। ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਸਤਪਾਲ ਸਮਾਨਵੀ ਹਰਵਿੰਦਰ ਬੇਲੂਮਾਜਰਾ ਅਤੇ ਰਾਜਿੰਦਰ ਸਮਾਣਾ ਨੇ ਦੱਸਿਆ ਕਿ ‘ਆਪ’ ਸਰਕਾਰ ਦਾ 18 ਨਵੰਬਰ, 2022 ਨੂੰ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਵੀ ਇੱਕ ਕਾਗ਼ਜ਼ੀ ਜੁਮਲਾ ਸਾਬਤ ਹੋਇਆ ਹੈ। ‘ਆਪ’ ਸਰਕਾਰ ਦੀ ਇਸ ਨਾਕਾਮੀ ਦੇ ਰੋਸ ਵਜੋਂ ਪੀਪੀਪੀਐੱਫ ਫਰੰਟ ਸਮਾਣਾ ਵੱਲੋਂ ਮੁਲਾਜ਼ਮਾਂ ਦੀ ਭਰਵੀਂ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਕੋਈ ਸਪੱਸ਼ਟੀਕਰਨ 30 ਸਤੰਬਰ ਤੱਕ ਜਾਰੀ ਨਾ ਹੋਣ ਦੀ ਸੂਰਤ ਵਿੱਚ 1 ਤੋਂ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ‘ਪੈਨਸ਼ਨ ਪ੍ਰਾਪਤੀ ਮੋਰਚਾ’ ਲਗਾਇਆ ਜਾਵੇਗਾ। ਪੁਰਾਣੀ ਪੈਨਸ਼ਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਤੇਜ ਗਾਜ਼ੀਪੁਰ ਗੁਰਵਿੰਦਰ ਖੱਟੜਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪ੍ਰਸਤਾਵਿਤ ਯੂਪੀਐੱਸ ਸਕੀਮ ਵਿੱਚ ਪੁਰਾਣੀ ਪੈਨਸ਼ਨ ਦੇ ਲਾਭਕਾਰੀ ਮੱਦਾਂ ਨੂੰ ਸ਼ਾਮਲ ਕੀਤੇ ਜਾਣਾ ਮੁਲਾਜ਼ਮ ਸੰਘਰਸ਼ਾਂ ਦੀ ਅੰਸ਼ਿਕ ਪ੍ਰਾਪਤੀ ਜ਼ਰੂਰ ਹੈ ਪਰ ਇਹ ਨਵੀਂ ਪੈਨਸ਼ਨ ਯੋਜਨਾ ਓਪੀਐੱਸ ਦੀ ਅਧੂਰੀ ਨਕਲ ਹੈ ਜਿਸ ਕਾਰਨ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੋਰ ਵੀ ਭਖਵੇਂ ਰੂਪ ਵਿੱਚ ਉਠਾਉਣਾ ਸਮੇਂ ਦੀ ਲੋੜ ਬਣ ਗਈ ਹੈ। ਇਸ ਮੌਕੇ ਮਨਦੀਪ ਕੌਰ ਸਿੱਧੂ, ਸੁਖਦੀਪ ਕੌਰ ਬੁਢਲਾਡਾ, ਸੁਖਦੀਪ ਕੌਰ ਟਾਹਲੀਆਂ, ਹਰਮਿੰਦਰ ਸਮਾਣਾ, ਅਮਨਦੀਪ ਸਿੰਘ ਕੌੜਾ, ਗੁਰਵੀਰ ਸਿੰਘ, ਕਰਨਵੀਰ ਸਿੰਘ, ਜਸਵੀਰ ਸਿੰਘ ਧਨੇਠਾ ਹਾਜ਼ਰ ਸਨ।