For the best experience, open
https://m.punjabitribuneonline.com
on your mobile browser.
Advertisement

ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ

11:07 AM Nov 09, 2024 IST
ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ
ਹਸਪਤਾਲ ਵਿੱਚ ਜ਼ੇਰੇ ਇਲਾਜ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 8 ਨਵੰਬਰ
ਸੋਸ਼ਲ ਮੀਡੀਆ ’ਤੇ ਆਪਣੀਆਂ ਪੋਸਟਾਂ ਕਰਕੇ ਸੁਰਖੀਆਂ ’ਚ ਰਹੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਦੀ ਖੁੱਡ ਮੁਹੱਲਾ ਸਥਿਤ ਦੁਕਾਨ ਵਿੱਚ ਵੜ ਕੇ ਅੱਜ ਕੁਝ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਵਾਰਦਾਤ ਵਿੱਚ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਹਨ ਤੇ ਉਸ ਦੀ ਸਾਥੀ ਨਵਜੋਤ ਕੌਰ ਵੀ ਫੱਟੜ ਹੋਈ ਹੈ। ਮੂੰਹ ਢੱਕ ਕੇ ਆਏ ਪੰਜ ਨੌਜਵਾਨਾਂ ਨੇ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵੇਲੇ ਦੁਕਾਨ ਵਿੱਚ ਪ੍ਰਿੰਕਲ, ਉਸ ਦੀ ਮੈਨੇਜਰ ਤੇ ਟੈਟੂ ਆਰਟਿਸਟ ਨਵਜੋਤ ਕੌਰ, ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਤੇ ਗਾਹਕ ਮੌਜੂਦ ਸਨ।
ਇਸ ਮੌਕੇ ਜਵਾਬੀ ਕਾਰਵਾਈ ਕਰਦਿਆਂ ਪ੍ਰਿੰਕਲ ਨੇ ਵੀ ਆਪਣੇ ਲਾਇਸੈਂਸੀ ਹਥਿਆਰ ਤੋਂ ਗੋਲੀ ਚਲਾਈ ਸੀ ਜਿਸ ਨਾਲ ਹਮਲਾਵਰਾਂ ਵਿੱਚੋਂ ਇੱਕ ਜਣਾ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਹਾਲੇ ਜ਼ਖ਼ਮੀ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਵਾਪਸੀ ਵੇਲੇ ਹਮਲਾਵਰਾਂ ਨੇ ਪ੍ਰਿੰਕਲ ਦੇ ਭਰਾ ਦੀ ਕੱਪੜੇ ਦੀ ਦੁਕਾਨ ਤੇ ਪਿਤਾ ਸਤਨਾਮ ਸਿੰਘ ਸ਼ੰਟੀ ਦੀ ਮੀਟ ਦੀ ਦੁਕਾਨ ’ਤੇ ਵੀ ਗੋਲੀਆਂ ਚਲਾਈਆਂ ਤੇ ਕੁਝ ਹਮਲਾਵਰ ਆਪਣੇ ਹਥਿਆਰ ਵੀ ਮੌਕੇ ’ਤੇ ਹੀ ਸੁੱਟ ਗਏ। ਜ਼ਖ਼ਮੀ ਹਾਲਤ ਵਿੱਚ ਪ੍ਰਿੰਕਲ ਖੁਦ ਸੀਐੱਮਸੀ ਹਸਪਤਾਲ ਪਹੁੰਚਿਆ। ਇਸ ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਤੇ ਵੱਖ-ਵੱਖ ਥਾਣਿਆਂ ਦੀ ਪੁਲੀਸ ਉਥੇ ਪਹੁੰਚੀ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ ਤੇ ਮੌਕੇ ’ਤੇ ਪ੍ਰਾਪਤ ਹੋਏ ਹਥਿਆਰ ਵੀ ਪੁਲੀਸ ਨੇ ਜ਼ਬਤ ਕਰ ਲਏ ਹਨ।
ਜ਼ਿਕਰਯੋਗ ਹੈ ਕਿ ਜੁੱਤੀਆਂ ਦਾ ਕਾਰੋਬਾਰੀ ਪ੍ਰਿੰਕਲ ਸੋਸ਼ਲ ਮੀਡੀਆ ’ਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ ’ਚ ਰਿਹਾ ਹੈ। ਕਿਸੇ ਵੇਲੇ ਪ੍ਰਿੰਕਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਰੀਬੀ ਸਾਥੀ ਸੀ ਪਰ ਬੈਂਸ ਨਾਲ ਵਿਵਾਦ ਹੋਣ ਮਗਰੋਂ ਉਹ ਕੁਝ ਸਮਾਂ ਭਾਜਪਾ ਆਗੂ ਕਮਲਜੀਤ ਸਿੰਘ ਕੜਵਲ ਨੇੜੇ ਹੋ ਗਿਆ। ਇਹ ਵੀ ਖ਼ਬਰ ਹੈ ਕਿ ਪ੍ਰਿੰਕਲ ਨੂੰ ਪਹਿਲਾਂ ਪੁਲੀਸ ਸੁਰੱਖਿਆ ਮਿਲੀ ਹੋਈ ਸੀ, ਜੋ ਕੁਝ ਸਮਾਂ ਪਹਿਲਾਂ ਹੀ ਵਾਪਸ ਲਈ ਗਈ ਸੀ। ਇਸ ਤੋਂ ਪਹਿਲਾਂ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨਾਲ ਉਸ ਦੀ ਦੋਸਤੀ ਤੇ ਮਗਰੋਂ ਹੋਏ ਵਿਵਾਦ ਕਾਰਨ ਵੀ ਦੋਵੇਂ ਸੁਰਖੀਆਂ ’ਚ ਰਹੇ ਸਨ। ਪ੍ਰਿੰਕਲ ਵਿੱਕੀ ਥਾਮਲ ਨਾਲ ਵੀ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਗੈਂਗਸਟਰ ਨਾਨੂ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ।

Advertisement

ਪ੍ਰਿੰਕਲ ਨੇ ਗੈਂਗਸਟਰ ਨਾਨੂ ਸਣੇ ਪੰਜ ਜਣਿਆਂ ਨੂੰ ਦੱਸਿਆ ਦੋਸ਼ੀ

ਹਸਪਤਾਲ ਵਿੱਚ ਜ਼ੇਰੇ ਇਲਾਜ ਪ੍ਰਿੰਕਲ ਨੇ ਇਕ ਵੀਡੀਓ ਜਾਰੀ ਕਰਦਿਆਂ ਇਸ ਹਮਲੇ ਲਈ ਗੈਂਗਸਟਰ ਨਾਨੂ, ਉਸ ਦਾ ਜੀਜਾ ਰਾਜੂ ਤੇ ਲਵੀ, ਇਕ ਵਕੀਲ ਤੇ ਸ਼ਹਿਰ ਦੇ ਇਕ ਹੋਰ ਵਿਅਕਤੀ ਨੂੰ ਕਸੂਰਵਾਰ ਠਹਿਰਾਇਆ ਹੈ। ਪ੍ਰਿੰਕਲ ਦੇ ਪਰਿਵਾਰ ਵੱਲੋਂ ਵੀ ਦੋਸ਼ ਲਾਇਆ ਗਿਆ ਹੈ ਕਿ ਗੈਂਗਸਟਰ ਨਾਨੂ ਪਿਛਲੇ ਸਮੇਂ ਦੌਰਾਨ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਸੀ।

Advertisement

ਪਰਿਵਾਰ ਵੱਲੋਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼

ਪ੍ਰਿੰਕਲ ਦੇ ਪਿਤਾ ਸਤਨਾਮ ਸਿੰਘ ਸ਼ੰਟੀ ਨੇ ਦੱਸਿਆ ਕਿ ਨਾਨੂ ਵੱਲੋਂ ਧਮਕੀਆਂ ਮਿਲਣ ਸਬੰਧੀ ਉਹ ਕਈ ਵਾਰ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਕੋਲ ਪੇਸ਼ ਹੋ ਕੇ ਸ਼ਿਕਾਇਤ ਦੇ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪ੍ਰਿੰਕਲ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਪਰਿਵਾਰ ਵੱਲੋਂ ਪ੍ਰਿੰਕਲ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

Advertisement
Author Image

joginder kumar

View all posts

Advertisement