ਪੇਸ਼ੀ ਭੁਗਤ ਕੇ ਪਰਤ ਰਹੇ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ, ਇੱਕ ਦੀ ਮੌਤ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 31 ਜੁਲਾਈ
ਸਥਾਨਕ ਅਦਾਲਤ ਵਿਚ ਪੇਸ਼ੀ ਭੁਗਤ ਕੇ ਵਾਪਸ ਘਰ ਆ ਰਹੇ ਕਾਰ ਸਵਾਰ ਚਾਰ ਨੌਜਵਾਨਾਂ ’ਤੇ ਵਿਰੋਧੀ ਧਿਰ ਦੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕਾਰ ’ਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਇੱਕ ਨੌਜਵਾਨ ਵਾਲ-ਵਾਲ ਬਚ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਉਰਫ਼ ਅਕਾਸ਼ ਵਾਸੀ ਪਿੰਡ ਲੇਲੀ ਵਾਲਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅਠਾਰਾਂ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਮ੍ਰਿਤਕ ਅਕਾਸ਼ ਦੇ ਖ਼ਿਲਾਫ਼ ਵੀ ਕੁਝ ਅਪਰਾਧਿਕ ਕੇਸ ਦਰਜ ਹਨ ਤੇ ਅੱਜ ਵਾਪਰੀ ਗੋਲੀਬਾਰੀ ਦੀ ਇਹ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਅਕਾਸ਼ ਅੱਜ ਇੱਥੋਂ ਦੀ ਇੱਕ ਅਦਾਲਤ ਵਿੱਚ ਪੇਸ਼ੀ ਭੁਗਤ ਕੇ ਆਪਣੇ ਤਿੰਨ ਸਾਥੀਆਂ ਨਾਲ ਪਿੰਡ ਵਾਪਸ ਪਰਤ ਰਿਹਾ ਸੀ। ਪਿੰਡ ਤੋਂ ਕੁਝ ਦੂਰੀ ’ਤੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੇਤ ਵਿੱਚ ਖੜ੍ਹੇ ਦਰਖ਼ਤ ਵਿੱਚ ਜਾ ਵੱਜੀ। ਅਕਾਸ਼ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਮਹਿੰਦਰ ਪਾਲ ਉਰਫ਼ ਬਿੱਟੂ ਵਾਸੀ ਪਿੰਡ ਲੇਲੀ ਵਾਲਾ ਅਤੇ ਰੋਹਿਤ ਵਾਸੀ ਫ਼ਾਜ਼ਿਲਕਾ ਜ਼ਖ਼ਮੀ ਹੋ ਗਏ। ਅਕਾਸ਼ ਦੇ ਚਾਚਾ ਸੋਨੂੰ ਨੇ ਪੁਲੀਸ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦਾ ਛੇਤੀ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।