ਪੁਲੀਸ ਥਾਣੇ ਨੇੜਲੀ ਦੁਕਾਨ ’ਤੇ ਕਬਜ਼ਾ ਕਰਨ ਲਈ ਚਲਾਈਆਂ ਗੋਲੀਆਂ
ਗੁਰਬਖਸ਼ਪੁਰੀ
ਤਰਨ ਤਾਰਨ, 1 ਸਤੰਬਰ
ਭਿੱਖੀਵਿੰਡ ਦੀ ਖਾਲੜਾ ਰੋਡ ’ਤੇ ਸ਼ੁੱਕਰਵਾਰ ਰਾਤ ਝਗੜੇ ਵਾਲੀ ਇੱਕ ਦੁਕਾਨ ’ਤੇ ਕਬਜ਼ਾ ਕਰਨ ਨੂੰ ਲੈ ਕੇ ਦੋ ਘੰਟੇ ਹਥਿਆਰਬੰਦ ਵਿਅਕਤੀਆਂ ਨੇ ਗੁੰਡਾਗਰਦੀ ਕੀਤੀ। ਇਹ ਥਾਂ ਭਿੱਖੀਵਿੰਡ ਥਾਣੇ ਤੋਂ ਕੁਝ ਗਜ਼ ਦੀ ਦੂਰੀ ’ਤੇ ਸਥਿਤ ਹੈ| ਭਿੱਖੀਵਿੰਡ ਪੁਲੀਸ ਨੇ ਗੋਲੀਆਂ ਚਲਾਉਣ ਅਤੇ ਹੱਲਾ-ਗੁੱਲਾ ਕਰਨ ਵਾਲੇ 30 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ| ਇਸ ਦੁਕਾਨ ’ਤੇ ਮਹਾਂ ਕਾਲੀ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਮਾਲਕੀ ਦਾ ਦਾਅਵਾ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਬਜੀਤ ਧਵਨ ਨੇ ਅੱਜ ਦੱਸਿਆ ਕਿ ਦੁਕਾਨ ਨੂੰ ਮੰਦਰ ਦੀ ਕਮੇਟੀ ਨੇ ਤਾਲਾ ਲਗਾ ਕੇ ਬੰਦ ਕਰ ਦਿੱਤਾ ਸੀ| ਇਸ ਦੁਕਾਨ ’ਚ ਖਾਲੜਾ ਵਾਸੀ ਕਬਾੜ ਦੀ ਦੁਕਾਨ ਕਰਦਾ ਆ ਰਿਹਾ ਹੈ| ਉਸ ਨੇ ਆਪਣੇ ਹਥਿਆਰਬੰਦ ਸਾਥੀਆਂ ਨੂੰ ਨਾਲ ਲੈ ਕੇ ਦੁਕਾਨ ’ਤੇ ਕਬਜ਼ਾ ਕਰਨ ਲਈ ਗੋਲੀਆਂ ਚਲਾਈਆਂ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਪਰ ਲੋਕਾਂ ਦਾ ਇਕੱਠ ਹੋਣ ’ਤੇ ਮੁਲਜ਼ਮ ਫਰਾਰ ਹੋ ਗਏ| ਡੀਐੱਸਪੀ ਭਿੱਖੀਵਿੰਡ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ| ਅਧਿਕਾਰੀ ਨੇ ਦੱਸਿਆ ਕਿ ਇਕ ਮੁਲਜ਼ਮ ਬਲਕਾਰ ਸਿੰਘ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਮੰਦਰ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ੁਕਰਵਾਰ ਨੂੰ ਦੁਕਾਨ ’ਤੇ ਕਬਜ਼ਾ ਕਰਨ ਲਈ ਕਾਰਵਾਈ 8:30 ਵਜੇ ਕੀਤੀ ਸੀ ਪਰ ਪੁਲੀਸ ਵਲੋਂ ਮੁਲਜ਼ਮਾਂ ਨੂੰ ਰੋਕਣ ਵਿੱਚ ਅਸਫਲ ਰਹਿਣ ’ਤੇ ਮੁਲਜ਼ਮਾਂ ਨੇ ਰਾਤ ਦੇ 10 ਵਜੇ ਦੇ ਬਾਅਦ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ| ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਆਖਿਆ ਕਿ ਜੇ ਪੁਲੀਸ ਮੌਕੇ ’ਤੇ ਕਾਰਵਾਈ ਕਰਦੀ ਤਾਂ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਰੋਕਿਆ ਜਾ ਸਕਦਾ ਸੀ|