ਰਸਤਾ ਖੋਲ੍ਹਣ ਦੇ ਮਾਮਲੇ ਵਿੱਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਸੁਭਾਸ਼ ਚੰਦਰ
ਸਮਾਣਾ, 17 ਸਤੰਬਰ
ਇੱਥੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਅਗਰਵਾਲ ਕਲੋਨੀ ਵਿੱਚੋਂ ਦੀ ਨਾਲ ਲਗਦੀ ਜ਼ਮੀਨ ਲਈ ਰਸਤਾ ਖੋਲ੍ਹਣ ਦੇ ਮਾਮਲੇ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਬੀਤੀ ਰਾਤ ਹੋਏ ਝਗੜੇ ਵਿਚ ਸਿਟੀ ਪੁਲੀਸ ਸਮਾਣਾ ਨੇ 7 ਜਣਿਆਂ ਅਤੇ ਇਕ ਔਰਤ ਸਣੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਨੇ ਗੁਣਤਾਸਪਾਲ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ ਦੀ ਸ਼ਿਕਾਇਤ ’ਤੇ ਸਰਬਜੀਤ ਕੋਰ, ਗੁਰਲਾਲ ਸਿੰਘ, ਗੁਰਮੀਤ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਦਵਿੰਦਰ ਸਿੰਘ, ਜੋਗਾ ਸਿੰਘ ਵਾਸੀ ਅਗਰਵਾਲ ਕਲੋਨੀ ਸਮਾਣਾ, ਔਰਤ ਸਣੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਣਤਾਸਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 6 ਵਜੇ ਉਹ ਆਪਣੇ ਦੋਸਤਾਂ ਭਗਵੰਤ ਪਾਲ ਵਾਸੀ ਮਿਆਲ ਕਲਾਂ, ਜੋਰਾਵਰ ਸਿੰਘ ਵਾਸੀ ਪਟਿਆਲਾ, ਦਵਿੰਦਰ ਸਿੰਘ ਵਾਸੀ ਸੈਫ਼ਦੀਪੁਰ, ਕੁਲਦੀਪ ਸਿੰਘ ਵਾਸੀ ਵੜੈਚਾਂ ਪੱਤੀ ਸਮਾਣਾ ਨਾਲ ਅਗਰਵਾਲ ਕਲੋਨੀ ਵਿਚ ਉਸ ਦੀ ਜ਼ਮੀਨ ਨੂੰ ਲੱਗਦੇ ਰਸਤੇ ਨੂੰ ਗੇਟ ਲਗਾਉਣ ਲਈ ਸਲਾਹ ਮਸ਼ਵਰਾ ਕਰ ਰਹੇ ਸਨ। ਇਸੇ ਦੌਰਾਨ ਸਰਬਜੀਤ ਕੌਰ ਤੇ ਇਕ ਹੋਰ ਨਾ-ਮਾਲੂਮ ਔਰਤ ਮੌਕੇ ’ਤੇ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਈਆਂ। ਫਿਰ ਔਰਤਾਂ ਨੇ ਫੋਨ ਕਰਕੇ ਗੁਰਲਾਲ ਸਿੰਘ ਅਤੇ ਇਕ ਹੋਰ ਲੜਕੇ ਨੂੰ ਮੌਕੇ ’ਤੇ ਬੁਲਾ ਲਿਆ। ਗੁਰਮੀਤ ਸਿੰਘ ’ਤੇ 2 ਹੋਰ ਵਿਅਕਤੀ ਮੌਕੇ ’ਤੇ ਆ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਧਮਕੀਆਂ ਦੇ ਕੇ ਮੌਕੇ ਤੋਂ ਚਲੇ ਗਏ। ਕੁੱਝ ਸਮੇਂ ਬਾਅਦ ਕਥਿਤ ਮੁਲਜ਼ਮ ਗੁਰਲਾਲ ਸਿੰਘ ਅਤੇ ਇਕ ਵਿਅਕਤੀ ਨੇ ਆਪਣੇ ਘਰ ਦੀ ਛੱਤ ’ਤੇ ਚੜ੍ਹ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਗੋਲੀ ਗੁਣਤਾਸਪਾਲ ਦੇ ਸਿਰ ਦੇ ਖੱਬੇ ਪਾਸੇ ਲੱਗੀ ਅਤੇ ਇਕ ਭਗਵੰਤ ਪਾਲ ਸਿੰਘ ਦੀ ਸੱਜੀ ਅੱਖ ਕੋਲ ਲੱਗੀ। ਦੋਵੇਂ ਜ਼ਖ਼ਮੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਹਨ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।