ਜਿਊਲਰ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
ਪੱਤਰ ਪ੍ਰੇਰਕ
ਯਮੁਨਾਨਗਰ, 25 ਨਵੰਬਰ
ਅੱਜ ਇੱਥੇ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਈਐੱਸਆਈ ਹਸਪਤਾਲ ਦੇ ਸਾਹਮਣੇ ਰੋਸ਼ਨ ਲਾਲ ਜਵੈਲਰਜ਼ ਐਂਡ ਸੰਨਜ਼ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਦੁਕਾਨ ਦੇ ਮਾਲਕ ਸ਼ਿਵ ਕੁਮਾਰ ਦੇ ਢਿੱਡ ਵਿੱਚ ਲੱਗੀ, ਜਦੋਂਕਿ ਨੇੜੇ ਹੀ ਇੱਕ ਗਲੀ ਦੇ ਸਟਾਲ ’ਤੇ ਖੜ੍ਹਾ ਸਬਜ਼ੀ ਵਿਕਰੇਤਾ ਸੱਤਿਆ ਪ੍ਰਕਾਸ਼ ਵਾਲ-ਵਾਲ ਬਚ ਗਿਆ । ਗੋਲੀ ਉਸ ਨੂੰ ਖਹਿ ਕੇ ਨਿਕਲ ਗਈ। ਦੁਕਾਨ ਤੋਂ ਕੁਝ ਗਹਿਣੇ ਵੀ ਲੁੱਟੇ ਗਏ ਹਨ ਜਾਂ ਨਹੀਂ ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਵ ਕੁਮਾਰ (30) ਅਤੇ ਉਸ ਦਾ ਭਰਾ ਚੇਤਨ ਵਾਸੀ ਛੋਟੀ ਲਾਈਨ ਆਪਣੀ ਰੋਸ਼ਨ ਲਾਲ ਐਂਡ ਸੰਨਜ਼ ਦੀ ਦੁਕਾਨ ’ਤੇ ਖੜ੍ਹੇ ਸਨ ਕਿ ਕਰੀਬ ਤਿੰਨ-ਚਾਰ ਮੋਟਰਸਾਈਕਲਾਂ ’ਤੇ ਛੇ-ਸੱਤ ਨੌਜਵਾਨ ਆਏ। ਜਿਵੇਂ ਹੀ ਉਹ ਪਹੁੰਚੇ ਤਾਂ ਲੁਟੇਰਿਆਂ ਨੇ ਪਹਿਲਾਂ ਦੁਕਾਨ ਦੇ ਬਾਹਰ ਤਿੰਨ ਫਾਇਰ ਕੀਤੇ ਅਤੇ ਦੋ-ਤਿੰਨ ਲੁਟੇਰੇ ਦੁਕਾਨ ਦੇ ਅੰਦਰ ਵੜ ਗਏ। ਅੰਦਰ ਦਾਖਲ ਹੁੰਦੇ ਸਾਰ ਹੀ ਉਨ੍ਹਾਂ ਨੇ ਦੋ-ਤਿੰਨ ਫਾਇਰ ਕੀਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਸ਼ਿਵ ਕੁਮਾਰ ਦੇ ਢਿੱਡ ਵਿੱਚ ਲੱਗੀ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ। ਨੇੜਲੇ ਦੁਕਾਨਦਾਰਾਂ ਨੇ ਜ਼ਖ਼ਮੀ ਸ਼ਿਵ ਕੁਮਾਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਸੈਕਟਰ- 17 ਥਾਣੇ ਸਣੇ ਸੀਆਈਏ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਸੀਨ ਆਫ ਕਰਾਈਮ ਟੀਮ ਵੀ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸੈਕਟਰ- 17 ਥਾਣਾ ਇੰਚਾਰਜ ਜਸਮੇਰ ਗੁਲੀਆ ਨੇ ਦੱਸਿਆ ਕਿ ਗਹਿਣਿਆਂ ਦੀ ਦੁਕਾਨ ’ਤੇ ਗੋਲੀਆਂ ਚੱਲੀਆਂ ਹਨ ਅਤੇ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਜਾਂਚ ਅਜੇ ਵੀ ਜਾਰੀ ਹੈ।