For the best experience, open
https://m.punjabitribuneonline.com
on your mobile browser.
Advertisement

ਸ਼ਾਟਪੁਟ: ਸਚਿਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ

08:01 AM Sep 05, 2024 IST
ਸ਼ਾਟਪੁਟ  ਸਚਿਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਮੁਕਾਬਲੇ ਦੌਰਾਨ ਗੋਲਾ ਸੁੱਟਦਾ ਹੋਇਆ ਸਚਿਨ ਸਰਜੇਰਾਓ ਖਿਲਾੜੀ। -ਫੋਟੋ: ਰਾਇਟਰਜ਼
Advertisement

ਪੈਰਿਸ, 4 ਸਤੰਬਰ
ਵਿਸ਼ਵ ਚੈਂਪੀਅਨ ਸਚਿਨ ਸਰਜੇਰਾਓ ਖਿਲਾੜੀ ਨੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਸ਼ਾਟਪੁਟ ਐਫ46 ਈਵੈਂਟ ’ਚ 16.32 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। 34 ਸਾਲਾ ਸਚਿਨ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ ਸਰਬੋਤਮ ਥ੍ਰੋਅ ਸੁੱਟਿਆ ਅਤੇ ਮਈ ਮਹੀਨੇ ਜਪਾਨ ’ਚ ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ 16.30 ਮੀਟਰ ਦਾ ਆਪਣਾ ਏਸ਼ਿਆਈ ਰਿਕਾਰਡ ਤੋੜ ਦਿੱਤਾ। ਕੈਨੇਡਾ ਦੇ ਗ੍ਰੇਗ ਸਟੀਵਰਟ ਨੇ 16.38 ਮੀਟਰ ਦੀ ਕੋਸ਼ਿਸ਼ ਨਾਲ ਟੋਕੀਓ ਪੈਰਾਲੰਪਿਕ ਵਿੱਚ ਜਿੱਤਿਆ ਸੋਨ ਤਗ਼ਮਾ ਬਰਕਰਾਰ ਰੱਖਿਆ। ਕ੍ਰੋਏਸ਼ੀਆ ਦੇ ਲੂਕਾ ਬਾਕੋਵਿਚ ਨੇ 16.27 ਮੀਟਰ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ।
ਸਚਿਨ ਦਾ ਇਹ ਚਾਂਦੀ ਦਾ ਤਗ਼ਮਾ ਪੈਰਿਸ ਪੈਰਾਲੰਪਿਕ ਵਿੱਚ ਅਥਲੈਟਿਕਸ ਵਿੱਚ ਭਾਰਤ ਦਾ 11ਵਾਂ ਤਮਗਾ ਹੈ। ਇਸ ਵਿੱਚ ਤਿੰਨ ਸੋਨ ਤਗਮੇ ਵੀ ਸ਼ਾਮਲ ਹਨ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀਆਂ ’ਚੋਂ ਮੁਹੰਮਦ ਯਾਸਰ (14.21 ਮੀਟਰ) ਅਤੇ ਰੋਹਿਤ ਕੁਮਾਰ (14.10 ਮੀਟਰ) ਕ੍ਰਮਵਾਰ ਅੱਠਵੇਂ ਅਤੇ ਨੌਵੇਂ ਸਥਾਨ ’ਤੇ ਰਹੇ। ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਸਚਿਨ ਸਰਜੇਰਾਓ ਖਿਲਾੜੀ ਨੇ ਕਿਹਾ, ‘ਮੈਂ ਸੋਨ ਤਗ਼ਮਾ ਜਿੱਤਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋਇਆ। ਇਹ ਮੇਰੀ ਸਭ ਤੋਂ ਵਧੀਆ ਕੋਸ਼ਿਸ਼ ਸੀ ਪਰ ਮੈਂ ਸੰਤੁਸ਼ਟ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਕਰ ਸਕਦਾ ਸੀ। ਅੱਜ ਮੇਰਾ ਦਿਨ ਨਹੀਂ ਸੀ।’ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਕਰ ਚੁੱਕੇ ਇਸ ਅਥਲੀਟ ਨੇ ਪਿਛਲੇ ਸਾਲ ਚੀਨ ਵਿੱਚ ਹੋਈਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਕਰਗਾਨੀ ਪਿੰਡ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਸਚਿਨ ਨੂੰ ਸਕੂਲ ਦੇ ਦਿਨਾਂ ਦੌਰਾਨ ਹਾਦਸੇ ਦਾ ਸਾਹਮਣਾ ਕਰਨਾ ਪਿਆ। ਸੱਟ ਕਾਰਨ ਉਸ ਦੀ ਕੂਹਣੀ ਦੀ ਚਮੜੀ ਵਿਚ ‘ਗੈਂਗਰੀਨ’ ਹੋ ਗਈ ਸੀ। ਕਈ ਸਰਜਰੀਆਂ ਤੋਂ ਬਾਅਦ ਵੀ ਉਸ ਦਾ ਹੱਥ ਠੀਕ ਨਹੀਂ ਹੋਈ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਉਸ ਨੇ ਪੜ੍ਹਾਈ ਦੇ ਨਾਲ-ਨਾਲ ਜੈਵਲਿਨ ਸੁੱਟਣਾ ਸ਼ੁਰੂ ਕਰ ਦਿੱਤਾ। ਮੁਕਾਬਲੇ ਦੌਰਾਨ ਮੋਢੇ ਦੀ ਸੱਟ ਕਾਰਨ ਉਸ ਨੂੰ ਸ਼ਾਟਪੁਟ ਖੇਡਣ ਲਈ ਮਜਬੂਰ ਹੋਣਾ ਪਿਆ। ਹੌਲੀ-ਹੌਲੀ ਉਹ ਇਸ ਵਿੱਚ ਮਾਹਿਰ ਹੋ ਗਿਆ ਅੱਜ ਉਹ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਹੈ। -ਪੀਟੀਆਈ

Advertisement
Advertisement
Author Image

joginder kumar

View all posts

Advertisement