ਪਿੰਡ ਜੰਡਵਾਲਾ ਹਨੂੰਵੰਤਾ ਵਿੱਚ ਗੋਲੀ ਚੱਲੀ, ਇੱਕ ਜ਼ਖ਼ਮੀ
ਸੁੰਦਰ ਨਾਥ ਆਰੀਆ
ਅਬੋਹਰ, 18 ਸਤੰਬਰ
ਪਿੰਡ ਜੰਡਵਾਲਾ ਹਨੂੰਵੰਤਾ ’ਚ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸ੍ਰੀਗੰਗਾਨਗਰ ਦਾਖ਼ਲ ਕਰਵਾਇਆ ਗਿਆ ਹੈ। ਕੱਲ੍ਹ ਵਾਪਰੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਖੂਈਆਂ ਸਰਵਰ ਦੇ ਮੁਖੀ ਪਰਮਜੀਤ ਕੁਮਾਰ ਅਤੇ ਡੀਐੱਸਪੀ ਅਰੁਣ ਮੁੰਡਨ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਐੱਸਐੱਚਓ ਪਰਮਜੀਤ ਕੁਮਾਰ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਅਵਤਾਰ ਸਿੰਘ ਪਿੰਡ ਜੰਡਵਾਲਾ ਹਨੂੰਵੰਤਾ ਦਾ ਰਹਿਣ ਵਾਲਾ ਹੈ। ਇਸ ਦੌਰਾਨ ਗੋਲੀ ਲੱਗਣ ਨਾਲ ਜੋਗਿੰਦਰ ਸਿੰਘ ਉਰਫ ਜੱਗੂ ਧਾਲੀਵਾਲ ਜ਼ਖ਼ਮੀ ਹੋ ਗਿਆ ਹੈ, ਜਿਸ ਦੇ ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਲੈ ਗਏ ਹਨ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜੋਗਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਅਜੇ ਤੱਕ ਜਾਨਲੇਵਾ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮਿਲੀ ਹੈ ਕਿ ਜੋਗਿੰਦਰ ਸਿੰਘ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਗਿਰਫਤ ਤੋਂ ਬਾਹਰ ਹੈ। ਉਸ ਨੂੰ ਫੜਨ ਲਈ ਪੁਲੀਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋਗਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਿਵੇਂ ਹੀ ਗੋਲੀ ਚੱਲਣ ਦੀ ਖ਼ਬਰ ਪਿੰਡ ਵਿੱਚ ਪੁੱਜੀ ਤਾਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲੀਸ ਹਰਕਤ ਵਿੱਚ ਆ ਗਈ ਅਤੇ ਪੁਲੀਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।