ਲੋਹੜੀ ਮੌਕੇ ਮੌਜ ਮਸਤੀ ’ਚ ਗੋਲੀ ਚੱਲੀ; ਜ਼ਖ਼ਮੀ
ਅੰਮ੍ਰਿਤਸਰ, 14 ਜਨਵਰੀ
ਲੋਹੜੀ ਮੌਕੇ ਮਸਤੀ ਵਿੱਚ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਘਟਨਾ ਵਿੱਚ ਜ਼ਖਮੀ ਵਿਅਕਤੀ ਦੀ ਸ਼ਨਾਖਤ ਰਾਜਬੀਰ ਸਿੰਘ ਉਰਫ ਰਾਜਾ ਵਜੋਂ ਹੋਈ ਹੈ ਜੋ ਕਪਤਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਥਾਣਾ ਛੇਹਰਟਾ ਵੱਲੋਂ ਕਾਰਵਾਈ ਕੀਤੀ ਗਈ ਹੈ।
ਪੁਲੀਸ ਅਧਿਕਾਰੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਥਾਣਾ ਛੇਹਰਟਾ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ’ਤੇ ਐੱਸਐੱਚਓ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਗੋਲੀ ਚੱਲਣ ਦੀ ਘਟਨਾ ਵਿੱਚ ਰਾਜਬੀਰ ਸਿੰਘ ਉਰਫ ਰਾਜਾ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਰਾਜਬੀਰ ਸਿੰਘ ਅਤੇ ਉਸ ਦੇ ਸਾਥੀ ਡੇਵਿਡ, ਸੁਮਿਤ ਤੇ ਹੋਰ ਲੋਹੜੀ ਮੌਕੇ ਇਕੱਠੇ ਹੋਏ ਸਨ। ਇਸ ਦੌਰਾਨ ਇਨ੍ਹਾਂ ਵਿੱਚੋਂ ਕਿਸੇ ਨੇ ਗੋਲੀ ਫਰਸ਼ ’ਤੇ ਚਲਾਈ। ਜੋ ਫਰਸ਼ ’ਤੇ ਲੱਗਣ ਤੋਂ ਬਾਅਦ ਰਾਜਵੀਰ ਸਿੰਘ ਦੀ ਲੱਤ ’ਚ ਵੱਜ ਗਈ। ਇਸ ਨਾਲ ਉਹ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਖਮੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਫਿਲਹਾਲ ਉਸ ਵੱਲੋਂ ਪੁਲੀਸ ਕੋਲ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ ਹਨ। ਉਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।