ਛੋਟਾ ਪਰਦਾ
ਧਰਮਪਾਲ
ਆਯੂਸ਼ੀ ਭਾਵੇ ਦਾ ਨਵਾਂ ਅਵਤਾਰ
ਸਟਾਰ ਭਾਰਤ ਦੇ ਸ਼ੋਅ ‘10:29 ਕੀ ਆਖਰੀ ਦਸਤਕ’ ਦੀ ਖ਼ਾਸ ਗੱਲ ਇਹ ਹੈ ਕਿ ਸ਼ੋਅ ਦੀ ਅਸਲੀ ਸਟਾਰ ਬਿੰਦੂ (ਆਯੂਸ਼ੀ ਭਾਵੇ ਦੁਆਰਾ ਨਿਭਾਈ ਗਈ ਭੂਮਿਕਾ) ਹੁਣ ਇੱਕ ਆਮ ਡਾਂਸਰ ਤੋਂ ਤਾਕਤਵਰ ਕਾਰੋਬਾਰੀ ਔਰਤ ਵਿੱਚ ਬਦਲ ਗਈ ਹੈ। ਉਸ ਦਾ ਪਰਿਵਰਤਨ ਸਿਰਫ਼ ਹੈਰਾਨ ਕਰਨ ਵਾਲਾ ਹੀ ਨਹੀਂ ਸਗੋਂ ਬਹੁਤ ਪ੍ਰੇਰਨਾਦਾਇਕ ਵੀ ਹੈ। ਬਿੰਦੂ ਦੀ ਯਾਤਰਾ ਉਸ ਦੀ ਅਟੁੱਟ ਮਿਹਨਤ ਅਤੇ ਅਭਿਲਾਸ਼ਾ ਦੀ ਕਹਾਣੀ ਦੱਸਦੀ ਹੈ ਜੋ ਆਪਣੇ ਨਵੇਂ ਰੂਪ ਨਾਲ ਦਰਸ਼ਕਾਂ ਨੂੰ ਮੋਹ ਰਹੀ ਹੈ। ਬਿੰਦੂ ਵਾਂਗ ਹਰੇਕ ਪਾਤਰ ਆਪਣੀ ਖ਼ੁਦ ਦੀ ਖੋਜ ਅਤੇ ਵਿਕਾਸ ਵੱਲ ਵਧ ਰਿਹਾ ਹੈ ਅਤੇ ਦਰਸ਼ਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਅੱਗੇ ਕੀ ਮੋੜ ਲੈਂਦੀ ਹੈ!
ਅਭਿਨੇਤਰੀ ਆਯੂਸ਼ੀ ਭਾਵੇ ਨੇ ਆਪਣੇ ਕਿਰਦਾਰ ਦੇ ਸ਼ਾਨਦਾਰ ਸਫ਼ਰ ਬਾਰੇ ਦੱਸਿਆ, “ਬਿੰਦੂ ਨੇ ਚਮਕੀਆ ਪਿੰਡ ਵਿੱਚ ਇੱਕ ਡਾਂਸਰ ਦੇ ਰੂਪ ਵਿੱਚ ਸ਼ੁਰੂਆਤ ਕੀਤੀ, ਜਿਸ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਸੀ, ਪਰ ਉਸ ਦਾ ਦਿਲ ਹਮੇਸ਼ਾ ਅਭਿਮਨਿਊ ਲਈ ਧੜਕਦਾ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਉਸ ਨੇ ਹਰ ਕੋਸ਼ਸ਼ ਕੀਤੀ। ਬਿੰਦੂ ਜਿੰਨੀ ਦਲੇਰ ਅਤੇ ਸੁੰਦਰ ਹੈ, ਪਰ ਉਸ ਦਾ ਪੇਸ਼ਾ ਉਸ ਨੂੰ ਸਤਿਕਾਰ ਦੀ ਘਾਟ ਦਾ ਅਹਿਸਾਸ ਕਰਵਾਉਂਦਾ ਸੀ ਜੋ ਮੈਨੂੰ ਗ਼ਲਤ ਲੱਗਦਾ ਹੈ। ਉਸ ਦੀ ਚੋਣ ਅਣਕਿਆਸੇ ਹਾਲਾਤ ਕਾਰਨ ਸੀ ਅਤੇ ਮੇਰਾ ਮੰਨਣਾ ਹੈ ਕਿ ਸਾਨੂੰ ਅਜਿਹੇ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਸਨਮਾਨਜਨਕ ਜੀਵਨ ਬਤੀਤ ਕਰ ਸਕਣ। ਸ਼ੋਅ ਵਿੱਚ ਬਿੰਦੂ ਹੁਣ ਬਿੰਦੀਆ ਬਣ ਗਈ ਹੈ ਜੋ ਹੁਣ ਚਮਕੀਆ ਪਿੰਡ ਵਿੱਚ ਆਪਣੀ ਟਰੈਵਲ ਏਜੰਸੀ ਨੂੰ ਸਫਲਤਾਪੂਰਵਕ ਚਲਾ ਰਹੀ ਹੈ। ਇਸ ਨਾਲ ਉਹ ਆਪਣੀ ਇੱਕ ਨਵੀਂ ਪਛਾਣ ਬਣਾ ਰਹੀ ਹੈ। ਉਸ ਦਾ ਸਟਾਈਲ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਭਾਰੀ ਸਾੜ੍ਹੀਆਂ ਅਤੇ ਮੇਕਅੱਪ ਤੋਂ ਦੂਰ, ਉਹ ਹੁਣ ਆਧੁਨਿਕ ਅਵਤਾਰ ਵਿੱਚ ਨਜ਼ਰ ਆ ਰਹੀ ਹੈ, ਜੋ ਉਸ ਦੀ ਸੋਚ ਅਤੇ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਹੈ। ਹੁਣ ਮੈਨੂੰ ਉਮੀਦ ਹੈ ਕਿ ਜਲਦੀ ਹੀ ਬਿੰਦੀਆ ਲਈ ਕੋਈ ਦਿਲਚਸਪ ਸਾਥੀ ਸ਼ੋਅ ਵਿੱਚ ਆਵੇਗਾ।’’
ਰਿਤਿਕ ਦਾ ਮਾਈਂਡ ਕੋਚ ਬਣਿਆ ਅਰਫੀਨ ਖਾਨ
ਅਰਫੀਨ ਖਾਨ ਕਲਰਜ਼ ਟੀਵੀ ਚੈਨਲ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਵਿੱਚ ਧਮਾਲ ਮਚਾ ਰਿਹਾ ਹੈ, ਪਰ ਬੌਲੀਵੁੱਡ ਸਟਾਰ ਰਿਤਿਕ ਰੌਸ਼ਨ ਨਾਲ ਉਸ ਦਾ ਹੈਰਾਨੀਜਨਕ ਕੁਨੈਕਸ਼ਨ ਹਰ ਕਿਸੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਅਰਫੀਨ ਨੇ ਨਾ ਸਿਰਫ਼ ਆਪਣੀ ਸਰਗਰਮ ਸ਼ਖ਼ਸੀਅਤ ਨਾਲ ਸਗੋਂ ਰਿਤਿਕ ਦੇ ਮਾਈਂਡ ਕੋਚ ਦੇ ਰੂਪ ਵਿੱਚ ਆਪਣੀ ਭੂਮਿਕਾ ਨਾਲ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਬਹੁਤ ਸਾਰੇ ਲੋਕ ਉਸ ਦੇ ਪਰਿਵਰਤਨ ਦੇ ਪਿੱਛੇ ਦੀ ਦਿਲਚਸਪ ਕਹਾਣੀ ਨਹੀਂ ਜਾਣਦੇ ਹਨ ਜੋ ਸਿੱਧੇ ਤੌਰ ’ਤੇ ਫਿਲਮੀ ਜਾਪਦੀ ਹੈ। ਜਦੋਂ ਉਸ ਦੇ ਭਾਰ ਘਟਾਉਣ ਦੇ ਪ੍ਰਭਾਵਸ਼ਾਲੀ ਸਫ਼ਰ ਬਾਰੇ ਪੁੱਛਿਆ ਗਿਆ ਤਾਂ ਅਰਫੀਨ ਨੇ ਇੱਕ ਰਾਜ਼ ਤੋਂ ਪਰਦਾ ਉਠਾਇਆ ਜਿਸ ਨੇ ਸਲਮਾਨ ਖਾਨ ਨੂੰ ਵੀ ਹੈਰਾਨ ਕਰ ਦਿੱਤਾ। ਉਸ ਨੇ ਦੱਸਿਆ, ‘‘ਮੇਰੇ ਵਿੱਚ ਅਸਲ ਤਬਦੀਲੀ ਮੇਰੀ ਮਾਈਂਡ ਕੋਚਿੰਗ ਤੋਂ ਆਈ ਹੈ।’’ ਇਸ ਨੇ ਹੀ ਅਰਫੀਨ ਨੂੰ ਰਿਤਿਕ ਦਾ ਮਾਈਂਡ ਕੋਚ ਬਣਨ ਦਾ ਦਰਵਾਜ਼ਾ ਖੋਲ੍ਹਿਆ।
‘ਬਿੱਗ ਬੌਸ’ ਦੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਰਫੀਨ ਨੇ ਰਿਤਿਕ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਕਿਹਾ, ‘‘ਰਿਤਿਕ ਮੇਰੇ ਕੋਲ ਨਹੀਂ ਆਇਆ ਸੀ। ਅਸੀਂ ਕੁਝ ਸਾਂਝੇ ਦੋਸਤਾਂ ਰਾਹੀਂ ਸੰਜੋਗ ਨਾਲ ਮਿਲੇ ਸੀ। ਉਸ ਸਮੇਂ ਮੇਰਾ ਭਾਰ 20 ਕਿਲੋ ਵੱਧ ਸੀ। ਰਿਤਿਕ ਨੇ ਹੈਰਾਨ ਹੋ ਕੇ ਪੁੱਛਿਆ, ‘ਤੁਸੀਂ ਇੰਨੇ ਮੋਟੇ ਕਿਉਂ ਹੋ?’ ਉਸ ਨੇ ਮੈਨੂੰ ਇੱਕ ਡਾਈਟ ਪਲਾਨ ਦਿੱਤਾ ਜਿਸ ਨੇ 10 ਹਫ਼ਤਿਆਂ ਵਿੱਚ 10 ਕਿਲੋ ਭਾਰ ਘਟਾਉਣ ਵਿੱਚ ਮੇਰੀ ਮਦਦ ਕਰਨੀ ਸੀ, ਪਰ ਮੈਂ ਇਸ ਦੀ ਬਜਾਏ 14 ਕਿਲੋ ਭਾਰ ਘਟਾ ਦਿੱਤਾ। ਤੇਜ਼ੀ ਨਾਲ ਆਏ ਇਸ ਬਦਲਾਅ ਨੂੰ ਦੇਖ ਕੇ ਰਿਤਿਕ ਹੈਰਾਨ ਰਹਿ ਗਿਆ।
ਜਦੋਂ ਉਸ ਨੇ ਪੁੱਛਿਆ ਕਿ ਮੈਂ ਇੰਨੀ ਤੇਜ਼ੀ ਨਾਲ ਭਾਰ ਕਿਵੇਂ ਘਟਾਇਆ, ਤਾਂ ਮੈਂ ਕਿਹਾ ਕਿ ਇਹ ਮਾਈਂਡ ਕੋਚਿੰਗ ਸੀ। ਫਿਰ ਰਿਤਿਕ ਨੇ ਮਨ ਨੂੰ ਕਾਬੂ ਕਰਨਾ ਸਿੱਖਣ ਦੀ ਇੱਛਾ ਜ਼ਾਹਰ ਕੀਤੀ ਅਤੇ ਮੈਂ ਉਸ ਨੂੰ ਮਾਈਂਡ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ।’’
ਜੈਦੀਪ ਸਿੰਘ ਲਈ ਪ੍ਰਤਿਭਾ ਦੀ ਅਹਿਮੀਅਤ
ਸਟਾਰ ਪਲੱਸ ’ਤੇ ਪ੍ਰਸਾਰਿਤ ਹੋ ਰਹੇ ਸ਼ੋਅ ‘ਇਸ਼ਕ ਕਾ ਰੱਬ ਰਾਖਾ’ ਵਿੱਚ ਬਲਬੀਰ ਸਿੰਘ ਬਾਜਵਾ ਦੀ ਭੂਮਿਕਾ ਨਿਭਾਉਣ ਵਾਲੇ ਜੈਦੀਪ ਸਿੰਘ ਦਾ ਮੰਨਣਾ ਹੈ ਕਿ ਭਾਵੇਂ ਕਈ ਪ੍ਰਤਿਭਾਸ਼ਾਲੀ ਕਲਾਕਾਰ ਇਕੱਲੇ ਆਪਣੀ ਪ੍ਰਤਿਭਾ ਦੇ ਬਲਬੂਤੇ ਸਫਲ ਹੋ ਰਹੇ ਹਨ, ਪਰ ਮਨੋਰੰਜਨ ਉਦਯੋਗ ਵਿੱਚ ਅਜੇ ਵੀ ਚੰਗੀ ਦਿੱਖ ਨੂੰ ਇੱਕ ਅਹਿਮ ਮਾਪਦੰਡ ਮੰਨਿਆ ਜਾਂਦਾ ਹੈ।
ਉਸ ਨੇ ਕਿਹਾ, ‘‘ਇਸ ਤੱਥ ਦੇ ਬਾਵਜੂਦ ਕਿ ਸਮੇਂ ਦੇ ਨਾਲ ਪ੍ਰਤਿਭਾ ਦੀ ਮਹੱਤਤਾ ਵਧੀ ਹੈ, ਪਰ ਦੁਖਦਾਈ ਸੱਚਾਈ ਇਹ ਹੈ ਕਿ ਚੰਗੀ ਦਿੱਖ ਨੂੰ ਅਜੇ ਵੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਨਿੱਜੀ ਤੌਰ ’ਤੇ ਮੈਂ ਮਹਿਸੂਸ ਕਰਦਾ ਹਾਂ ਕਿ ਪ੍ਰਤਿਭਾ ਨੂੰ ਪਹਿਲਾਂ ਆਉਣਾ ਚਾਹੀਦਾ ਹੈ ਅਤੇ ਦਿੱਖ ਦੂਜੇ ਨੰਬਰ ’ਤੇ ਆਉਣੀ ਚਾਹੀਦੀ ਹੈ। ਜਦੋਂਕਿ ਸੱਚਾਈ ਇਹ ਹੈ ਕਿ ਤੁਸੀਂ ਹਮੇਸ਼ਾਂ ਦਿੱਖ ’ਤੇ ਨਿਰਭਰ ਨਹੀਂ ਕਰ ਸਕਦੇ। ਇਹ ਕੁਝ ਸਮੇਂ ਲਈ ਹੀ ਹੁੰਦੀ ਹੈ, ਪਰ ਤੁਹਾਡੀ ਪ੍ਰਤਿਭਾ ਤੁਹਾਨੂੰ ਜ਼ਰੂਰ ਅੱਗੇ ਲੈ ਕੇ ਜਾਵੇਗੀ ਜੋ ਕਿ ਸਥਾਈ ਹੁੰਦੀ ਹੈ।’’
ਉਸ ਨੇ ਕਿਹਾ ਕਿ ਮੁਕਾਬਲਾ ਭਾਵੇਂ ਕਿੰਨਾ ਵੀ ਸਖ਼ਤ ਹੋਵੇ, ਲੋਕਾਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ‘‘ਇਹ ਸੱਚ ਹੈ ਕਿ ਹਮੇਸ਼ਾ ਸਖ਼ਤ ਮੁਕਾਬਲਾ ਹੋਵੇਗਾ। ਤੁਹਾਨੂੰ ‘ਸਰਵਾਈਵਲ ਆਫ ਦਿ ਫਿਟਟੈਸਟ’ ਦੇ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ।’’ ਹਾਲਾਂਕਿ ਜੈਦੀਪ ਮੰਨਦਾ ਹੈ ਕਿ ਇਸ ਉਦਯੋਗ ਵਿੱਚ ਪੱਖਪਾਤ ਵੀ ਮੌਜੂਦ ਹੈ, ਪਰ ਉਹ ਇਸ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ‘‘ਮੈਂ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਕਰਦਾ ਹਾਂ ਅਤੇ ਇੱਕ ਪੇਸ਼ੇਵਰ ਰਵੱਈਆ ਰੱਖਦਾ ਹਾਂ। ਜੇਕਰ ਇਹ ਮੈਨੂੰ ਪਰੇਸ਼ਾਨ ਕਰਦਾ ਹੈ ਜਾਂ ਮੇਰੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਮੈਂ ਇਸ ਨੂੰ ਨਿਮਰਤਾ ਨਾਲ ਹੱਲ ਕਰਦਾ ਹਾਂ ਅਤੇ ਫਿਰ ਅੱਗੇ ਵਧਦਾ ਹਾਂ।’’
ਇਸ ਸਬੰਧੀ ਉਸ ਦਾ ਕੋਈ ਨਿੱਜੀ ਅਨੁਭਵ? ਪੁੱਛਣ ’ਤੇ ਉਹ ਦੱਸਦਾ ਹੈ, ‘‘ਮੈਂ ਖ਼ਾਸ ਨਾਵਾਂ ਦਾ ਜ਼ਿਕਰ ਨਹੀਂ ਕਰ ਸਕਦਾ, ਪਰ ਇੱਕ ਅਜਿਹਾ ਮੌਕਾ ਸੀ ਜਦੋਂ ਮੈਂ ਪਹਿਲੀ ਪਸੰਦ ਸੀ, ਫਿਰ ਵੀ ਉਨ੍ਹਾਂ ਨੇ ਇੱਕ ਹੋਰ ਅਦਾਕਾਰ ਨੂੰ ਚੁਣਿਆ। ਬਾਅਦ ਵਿੱਚ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਨ੍ਹਾਂ ਨੇ ਮੈਨੂੰ ਵਾਪਸ ਬੁਲਾਇਆ। ਮੈਂ ਵਾਪਸ ਆਉਣ ਦਾ ਫ਼ੈਸਲਾ ਕੀਤਾ ਕਿਉਂਕਿ ਮੈਂ ਸੱਚਮੁੱਚ ਇਸ ਪ੍ਰਾਜੈਕਟ ਨੂੰ ਕਰਨਾ ਚਾਹੁੰਦਾ ਸੀ ਅਤੇ ਜਾਣਦਾ ਸੀ ਕਿ ਕੁਝ ਲੋਕ ਮੈਨੂੰ ਉੱਥੇ ਲਿਆਉਣ ਲਈ ਲੜੇ ਸਨ, ਜੇਕਰ ਮੈਂ ਉਸ ਨੂੰ ਨਾ ਕਰਦਾ ਤਾਂ ਉਨ੍ਹਾਂ ’ਤੇ ਬੁਰਾ ਪ੍ਰਭਾਵ ਪੈਂਦਾ।’’