ਛੋਟਾ ਪਰਦਾ
ਧਰਮਪਾਲ
‘ਰੋਡੀਜ਼’ ਦੇ ਸਫ਼ਰ ’ਤੇ ਨੇਹਾ ਧੂਪੀਆ
ਪ੍ਰਸ਼ੰਸਕਾਂ ਦੀ ਭਾਰੀ ਮੰਗ ਨੂੰ ਹੁੰਗਾਰਾ ਦਿੰਦੇ ਹੋਏ ਅਭਿਨੇਤਰੀ ਨੇਹਾ ਧੂਪੀਆ ਐੱਮਟੀਵੀ ਚੈਨਲ ਦੇ ਭਾਰਤ ਦੇ ਸਭ ਤੋਂ ਮਸ਼ਹੂਰ ਅਤੇ ਪਹਿਲੇ ਰਿਐਲਿਟੀ ਸ਼ੋਅ ‘ਰੋਡੀਜ਼’ ਵਿੱਚ ਮੈਂਟਰ ਦੇ ਰੂਪ ਵਿੱਚ ਮੁੜ ਆਈ ਹੈ। ਆਪਣੀ ਦਲੇਰਾਨਾ ਪਹੁੰਚ ਲਈ ਜਾਣੀ ਜਾਂਦੀ ਨੇਹਾ ਇੱਕ ਵਾਰ ਫਿਰ ਸ਼ੋਅ ਰਣਵਿਜੇ ਸਿੰਘ ਨਾਲ ਮਿਲ ਕੇ ਕੰਮ ਕਰੇਗੀ।
ਰਣਵਿਜੇ ਦੀ ਵਾਪਸੀ ਦੇ ਤਾਜ਼ਾ ਐਲਾਨ ਤੋਂ ਬਾਅਦ ਦੇਸ਼ ਭਰ ਦੇ ਪ੍ਰਸ਼ੰਸਕਾਂ ਨੇ ਨੇਹਾ ਨੂੰ ਵਾਪਸ ਲਿਆਉਣ ਲਈ ਰੈਲੀ ਕੀਤੀ ਅਤੇ ਰੋਡੀਜ਼ ਟੀਮ ਨੇ ਉਨ੍ਹਾਂ ਦੀ ਗੱਲ ਸੁਣੀ। ਨੇਹਾ ਅਤੇ ਰਣਵਿਜੇ ਨਾਲ ਆਉਣ ਵਾਲਾ ਸੀਜ਼ਨ ਦਰਸ਼ਕਾਂ ਲਈ ਰੁਮਾਂਚਕ ਅਨੁਭਵ ਹੋਣ ਦਾ ਵਾਅਦਾ ਕਰਦਾ ਹੈ ਜਿਸ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਡਰਾਮਾ ਅਤੇ ਸਖ਼ਤ ਮੁਕਾਬਲੇ ਹੋਣਗੇ।
ਸ਼ੋਅ ਦੇ ਸੂਤਰ ਨੇ ਕਿਹਾ, ‘‘ਅਸੀਂ ਪ੍ਰਸ਼ੰਸਕਾਂ ਦਾ ਪਿਆਰ ਅਤੇ ਸਮਰਥਨ ਦੇਖਿਆ ਹੈ, ਫਿਰ ਅਸੀਂ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਨੇਹਾ ‘ਰੋਡੀਜ਼’ ਦੇ ਸਫ਼ਰ ਦਾ ਅਨਿੱਖੜਵਾਂ ਹਿੱਸਾ ਰਹੀ ਹੈ ਅਤੇ ਉਸ ਦੀ ਵਾਪਸੀ ਚੀਜ਼ਾਂ ਨੂੰ ਬਦਲਣ ਲਈ ਤਿਆਰ ਹੈ। ‘ਰੋਡੀਜ਼’ ’ਤੇ ਆਪਣੀ ਦਲੇਰਾਨਾ ਲੀਡਰਸ਼ਿਪ ਸ਼ੈਲੀ ਲਈ ਜਾਣੀ ਜਾਂਦੀ ਨੇਹਾ ਧੂਪੀਆ ‘ਰੋਡੀਜ਼’ ’ਤੇ ਵਾਪਸ ਆਉਣ ਅਤੇ ਇਸ ਪਰਿਵਾਰ ਨਾਲ ਦੁਬਾਰਾ ਜੁੜਨ ਲਈ ਉਤਸ਼ਾਹਿਤ ਹੈ। ਨੇਹਾ ਧੂਪੀਆ ਦੇ ਮੈਂਟਰ ਦੀ ਸੀਟ ’ਤੇ ਵਾਪਸ ਆਉਣ ਨਾਲ ਸ਼ੋਅ ਦੇ ਪ੍ਰਸ਼ੰਸਕ ਸਖ਼ਤ ਚੁਣੌਤੀਆਂ, ਸਖ਼ਤ ਸਲਾਹਾਂ ਅਤੇ ਅਭੁੱਲ ਪਲਾਂ ਨਾਲ ਭਰੇ ਸੀਜ਼ਨ ਦੀ ਉਮੀਦ ਕਰ ਸਕਦੇ ਹਨ।’’
ਟੀਵੀ ਸ਼ੋਅ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀਬਿੰਬ: ਲੋਕੇਸ਼
ਅਦਾਕਾਰ ਲੋਕੇਸ਼ ਬੱਟਾ ਇਸ ਸਮੇਂ ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਬੈਨਰ ਡ੍ਰੀਮੀਆਤਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਅਧੀਨ ਤਿਆਰ ਕੀਤੇ ਗਏ ਸ਼ੋਅ ‘ਬਾਦਲ ਪੇ ਪਾਓਂ ਹੈ’ ਵਿੱਚ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ, ‘‘ਡੇਲੀ ਸ਼ੋਅ ਅਕਸਰ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਨਾਲ ਮੇਲ ਖਾਂਦੇ ਹਨ ਕਿਉਂਕਿ ਉਹ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ, ਸੰਘਰਸ਼ ਅਤੇ ਜਜ਼ਬਾਤਾਂ ਨੂੰ ਦਰਸਾਉਂਦੇ ਹਨ।’’
ਲੋਕੇਸ਼ ਨੇ ਇਹ ਵੀ ਕਿਹਾ ਕਿ ਟੈਲੀਵਿਜ਼ਨ ਵਿੱਚ ਸਮਾਜ ਨੂੰ ਆਕਾਰ ਦੇਣ ਅਤੇ ਪ੍ਰਭਾਵਿਤ ਕਰਨ ਦੀ ਤਾਕਤ ਹੁੰਦੀ ਹੈ। “ਇਹ ਕੁਝ ਵਿਚਾਰਧਾਰਾਵਾਂ ਨੂੰ ਪ੍ਰਸਿੱਧ ਕਰ ਸਕਦਾ ਹੈ, ਰੁਝਾਨ ਸੈੱਟ ਕਰ ਸਕਦਾ ਹੈ ਅਤੇ ਦਰਸ਼ਕਾਂ ਦੇ ਰਵੱਈਏ ਨੂੰ ਬਦਲ ਸਕਦਾ ਹੈ। ਟੈਲੀਵਿਜ਼ਨ ’ਤੇ ਵਾਰ-ਵਾਰ ਕੁਝ ਥੀਮ, ਜੀਵਨਸ਼ੈਲੀ ਜਾਂ ਰੂੜੀਵਾਦੀ ਵਿਚਾਰਾਂ ਨੂੰ ਦੇਖਣਾ ਜਨਤਕ ਧਾਰਨਾ ਅਤੇ ਵਿਵਹਾਰ ਨੂੰ ਬਦਲ ਸਕਦਾ ਹੈ। ਇਹ ਸਭ ਇਹ ਦਰਸਾਉਂਦਾ ਹੈ ਕਿ ਸਮਾਜ ਟੈਲੀਵਿਜ਼ਨ ’ਤੇ ਪ੍ਰਦਾਨ ਕੀਤੀ ਜਾ ਰਹੀ ਸਮੱਗਰੀ ’ਤੇ ਕੁਝ ਹੱਦ ਤੱਕ ਪ੍ਰਤੀਕਿਰਿਆ ਕਰਦਾ ਹੈ।’’
ਆਪਣੇ ਸ਼ੋਅ ‘ਬਾਦਲ ਪੇ ਪਾਓਂ ਹੈ’ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਇਹ ਦੋ ਖੇਤਰਾਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ: ਵਿੱਤੀ ਸ਼ੇਅਰ ਬਾਜ਼ਾਰ ਦੀ ਸਿੱਖਿਆ ਅਤੇ ਮੱਧ-ਵਰਗੀ ਪਰਿਵਾਰ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ। ਉਸ ਨੇ ਕਿਹਾ, ‘‘ਟੀਵੀ ਅੱਜ ਇੱਕ ਵਿਲੱਖਣ ਸੁਮੇਲ ਨੂੰ ਦਰਸਾਉਂਦਾ ਹੈ ਜਿਸ ਵਿੱਚ ਹਲਕਾ-ਫੁਲਕਾ ਮਨੋਰੰਜਨ ਵੀ ਹੁੰਦਾ ਹੈ ਅਤੇ ਗੰਭੀਰਤਾ ਵੀ। ਮੇਰਾ ਸ਼ੋਅ ਹਾਸੇ, ਭਾਵਨਾਵਾਂ ਅਤੇ ਅਸਲ ਸੰਸਾਰ ਦੇ ਵਿੱਤੀ ਪਹਿਲੂਆਂ ਵਿੱਚ ਸੰਤੁਲਨ ਬਣਾਉਣ ਵਿੱਚ ਸਫਲ ਰਿਹਾ ਹੈ।’’
ਉਸ ਨੇ ਅੱਗੇ ਕਿਹਾ, ‘‘ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ, ਖ਼ਾਸ ਤੌਰ ’ਤੇ ਮੱਧ ਵਰਗ ਦੇ ਲੋਕ ਸਟਾਕ ਮਾਰਕੀਟ ਨੂੰ ਡਰਾਉਣਾ ਜਾਂ ਪਹੁੰਚ ਤੋਂ ਬਾਹਰ ਸਮਝਦੇ ਹਨ। ਸਾਡਾ ਸ਼ੋਅ ਸਰਲ ਸ਼ਬਦਾਂ ਵਿੱਚ ਗੁੰਝਲਦਾਰ ਵਿੱਤੀ ਜਾਣਕਾਰੀ ਪੇਸ਼ ਕਰਕੇ, ਉਨ੍ਹਾਂ ਨੂੰ ਨਿਵੇਸ਼ ਦੀਆਂ ਰਣਨੀਤੀਆਂ, ਜੋਖਮਾਂ ਅਤੇ ਮੌਕਿਆਂ ਨੂੰ ਸਮਝਣ ਵਿੱਚ ਮਦਦ ਕਰ ਰਿਹਾ ਹੈ।’’
ਇਹ ਪੁੱਛੇ ਜਾਣ ’ਤੇ ਕਿ ਉਹ ਕਿਸ ਕਿਸਮ ਦਾ ਕਿਰਦਾਰ ਨਿਭਾਉਣਾ ਪਸੰਦ ਕਰੇਗਾ - ਛੋਟਾ ਪਰ ਪ੍ਰਭਾਵਸ਼ਾਲੀ ਜਾਂ ਲੰਬਾ ਅਤੇ ਘੱਟ ਪ੍ਰਭਾਵਸ਼ਾਲੀ। ਇਸ ਦੇ ਜਵਾਬ ਵਿੱਚ ਲੋਕੇਸ਼ ਨੇ ਕਿਹਾ, ‘‘ਇੱਕ ਅਦਾਕਾਰ ਦੇ ਤੌਰ ’ਤੇ ਛੋਟੇ ਅਤੇ ਪ੍ਰਭਾਵਸ਼ਾਲੀ ਕਿਰਦਾਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪਾਤਰ ਦੋਵਾਂ ਦੇ ਆਪਣੇ ਫਾਇਦੇ ਹਨ, ਅਤੇ ਇਹ ਅਸਲ ਵਿੱਚ ਕਹਾਣੀ ਦੇ ਉਦੇਸ਼ ਅਤੇ ਪਾਤਰ ’ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਥੋੜ੍ਹੇ ਸਮੇਂ ਦੇ ਪਾਤਰਾਂ ਦੀ ਗੱਲ ਕਰੀਏ, ਤਾਂ ਇਹ ਪਾਤਰ ਇੱਕ ਮਹੱਤਵਪੂਰਨ ਸੰਦੇਸ਼ ਨੂੰ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਜਾਂ ਇੱਕ ਸੀਮਤ ਸਮੇਂ ਵਿੱਚ ਕਥਾਨਕ ਨੂੰ ਅੱਗੇ ਵਧਾਉਂਦੇ ਹਨ, ਜਿਸ ਨਾਲ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਦੂਜੇ ਪਾਸੇ, ਲੰਬੇ ਸਮੇਂ ਲਈ ਪਾਤਰ ਸਮੇਂ ਦੇ ਨਾਲ ਚਰਿੱਤਰ ਦੇ ਡੂੰਘੇ ਵਿਕਾਸ ਲਈ ਇੱਕ ਮੌਕਾ ਪ੍ਰਦਾਨ ਕਰਦੇ ਹਨ, ਤੁਸੀਂ ਚਰਿੱਤਰ ਵਿੱਚ ਨਵੀਆਂ ਪਰਤਾਂ ਜੋੜਦੇ ਹੋ ਅਤੇ ਕਹਾਣੀ ਦੇ ਨਾਲ ਵਧਦੇ ਹੋ, ਜਿਵੇਂ ਕਿ ਸ਼ੋਅ ਵਿੱਚ ਮੇਰੇ ਕਿਰਦਾਰ ਗੌਰਵ ਵਿੱਚ ਦੇਖ ਰਹੇ ਹੋ।’’
‘ਸ਼ੈਤਾਨੀ ਰਸਮੇਂ’ ਦਾ ਹਿੱਸਾ ਬਣੀ ਸੁਮਿਤ ਸਿੰਘ
ਚੰਗਿਆਈ ਅਤੇ ਬੁਰਾਈ ਦੀ ਲੜਾਈ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੇ ਸਟਾਰ ਭਾਰਤ ਦੇ ਸ਼ੋਅ ‘ਸ਼ੈਤਾਨੀ ਰਸਮੇਂ’ ਦੀ ਕਹਾਣੀ ਨਵੀਂ ਦਿਸ਼ਾ ਵੱਲ ਮੁੜਨ ਵਾਲੀ ਹੈ। ਸ਼ੋਅ ਦੇ ਇਸ ਨਵੇਂ ਚੈਪਟਰ ਵਿੱਚ ਪ੍ਰਤਿਭਾਸ਼ਾਲੀ ਅਭਿਨੇਤਰੀ ਸੁਮਿਤ ਸਿੰਘ ਪਿੰਨੀ ਦੇ ਰੂਪ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗੀ, ਜੋ ਆਪਣੇ ਨਵੇਂ ਸਫ਼ਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।
ਸ਼ੋਅ ਵਿੱਚ ਆਪਣੇ ਪ੍ਰਵੇਸ਼ ਬਾਰੇ ਸੁਮਿਤ ਸਿੰਘ ਨੇ ਕਿਹਾ, “ਮੈਂ ਪਿੰਨੀ ਦਾ ਕਿਰਦਾਰ ਨਿਭਾ ਕੇ ਬਹੁਤ ਖ਼ੁਸ਼ ਹਾਂ। ਇਹ ਸ਼ੋਅ ਆਮ ਸਾਸ-ਬਾਹੂ ਡਰਾਮਾ ਨਹੀਂ ਹੈ, ਇਹ ਸ਼ੋਅ ਬਿਲਕੁਲ ਵੱਖਰੇ ਪੱਧਰ ’ਤੇ ਹੈ। ਕਹਾਣੀ, ਵਿਸ਼ਾ ਅਤੇ ਮੇਰੇ ਸਹਿ ਕਲਾਕਾਰਾਂ ਦੀ ਪ੍ਰਤਿਭਾ ਅਤੇ ਅਨੁਭਵ, ਸਭ ਕੁਝ ਸ਼ਾਨਦਾਰ ਹੈ। ਮੇਰੇ ਤੋਂ ਪਹਿਲਾਂ ਸਾਰੇ ਕਲਾਕਾਰਾਂ ਨੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਮੇਰੇ ਲਈ ਇਸ ਪੱਧਰ ਤੱਕ ਪਹੁੰਚਣਾ ਜਾਂ ਇਸ ਨੂੰ ਪਾਰ ਕਰਨਾ ਚੁਣੌਤੀਪੂਰਨ ਹੈ, ਪਰ ਇਸ ਸ਼ੋਅ ਦੀ ਸਾਰੀ ਕਾਸਟ ਅਤੇ ਕਰੂ ਨੇ ਮੈਨੂੰ ਖੁੱਲ੍ਹੇਆਮ ਸਵੀਕਾਰ ਕੀਤਾ ਹੈ ਅਤੇ ਮੈਨੂੰ ਆਪਣੀ ਅਦਾਕਾਰੀ ਨੂੰ ਵਿਕਸਿਤ ਕਰਨ ਦਾ ਮੌਕਾ ਦਿੱਤਾ ਹੈ। ਇਸ ਲਈ ਤੁਸੀਂ ਮੈਨੂੰ ਹਰ ਐਪੀਸੋਡ ਨਾਲ ਵਧਦੇ ਹੋਏ ਦੇਖੋਗੇ ਅਤੇ ਮੈਂ ਇਸ ਸਫ਼ਰ ਵਿੱਚ ਬਹੁਤ ਕੁਝ ਸਿੱਖ ਰਹੀ ਹਾਂ। ਜਿੱਥੋਂ ਤੱਕ ਮੇਰੇ ਕਿਰਦਾਰ ਪਿੰਨੀ ਦੀ ਗੱਲ ਹੈ, ਉਹ ਇੱਕ ਮਾਸੂਮ ਕੁੜੀ ਹੈ ਜੋ ਦੁਨੀਆ ਦੀਆਂ ਹਕੀਕਤਾਂ ਤੋਂ ਅਣਜਾਣ ਹੈ। ਇਸ ਲਈ ਪਿੰਨੀ ਵਰਗਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਅਤੇ ਸੰਤੁਸ਼ਟੀਜਨਕ ਹੈ।’’
ਉਹ ਅੱਗੇ ਕਹਿੰਦੀ ਹੈ, “ਮੈਂ ਆਉਣ ਵਾਲੀ ਸ਼ੂਟਿੰਗ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਜਿਸ ਤਰ੍ਹਾਂ ਕਹਾਣੀ ਵਿਕਸਿਤ ਹੁੰਦੀ ਹੈ ਅਤੇ ਪੂਰੀ ਟੀਮ ਦੁਆਰਾ ਇਸ ਨੂੰ ਵਧੀਆ ਬਣਾਉਣ ਲਈ ਕੀਤੀ ਗਈ ਸਖ਼ਤ ਮਿਹਨਤ ਪ੍ਰੇਰਨਾਦਾਇਕ ਹੈ। ਮੇਰੇ ਕਿਰਦਾਰ ਪਿੰਨੀ ਨੇ ਅਜੇ ਵੀ ਬਹੁਤ ਕੁਝ ਖੋਜਣਾ ਹੈ, ਖ਼ਾਸ ਕਰਕੇ ਉਸ ਦੀ ਲੁਕਵੀਂ ਪਛਾਣ ਬਾਰੇ ਜੋ ਉਹ ਖ਼ੁਦ ਨਹੀਂ ਜਾਣਦੀ। ਇਹ ਦਰਸ਼ਕਾਂ ਲਈ ਸਭ ਤੋਂ ਦਿਲਚਸਪ ਹਿੱਸਾ ਹੋਵੇਗਾ। ਮੈਂ ਵਾਅਦਾ ਕਰਦੀ ਹਾਂ, ਜਿਵੇਂ-ਜਿਵੇਂ ਪਿੰਨੀ ਦੀ ਯਾਤਰਾ ਅੱਗੇ ਵਧਦੀ ਜਾਵੇਗੀ, ਇਹ ਤੁਹਾਨੂੰ ਕਹਾਣੀ ਨਾਲ ਜੋੜੀ ਰੱਖੇਗੀ। ਇਹ ਮੇਰੇ ਸਫ਼ਰ ਦੀ ਰੁਮਾਂਚਕ ਸ਼ੁਰੂਆਤ ਹੈ ਅਤੇ ਮੈਂ ਇਹ ਦੇਖਣ ਲਈ ਉਤਸੁਕ ਹਾਂ ਕਿ ਦਰਸ਼ਕ ਮੇਰੇ ਕਿਰਦਾਰ ਨੂੰ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ।’’