For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:36 AM Sep 07, 2024 IST
ਛੋਟਾ ਪਰਦਾ
ਨਿਮਰਤ ਆਹਲੂਵਾਲੀਆ ਅਤੇ ਰੋਹਿਤ ਸ਼ੈਟੀ
Advertisement

ਧਰਮਪਾਲ

Advertisement

ਰੋਹਿਤ ਸ਼ੈਟੀ ਤੋਂ ਪ੍ਰਭਾਵਿਤ ਨਿਮਰਤ ਕੌਰ ਆਹਲੂਵਾਲੀਆ

‘ਖਤਰੋਂ ਕੇ ਖਿਲਾੜੀ’ ਦੇ ਨਵੇਂ ਸੀਜ਼ਨ ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਨਿਮਰਤ ਕੌਰ ਆਹਲੂਵਾਲੀਆ ਸ਼ੋਅ ਦੇ ਮੇਜ਼ਬਾਨ ਰੋਹਿਤ ਸ਼ੈਟੀ ਨਾਲ ਆਪਣੇ ਵਿਲੱਖਣ ਰਿਸ਼ਤੇ ਬਾਰੇ ਗੱਲ ਕਰਦੀ ਹੈ। ਆਪਣੀ ਵਧੀਆ ਸ਼ਖ਼ਸੀਅਤ ਅਤੇ ਪ੍ਰੇਰਨਾਦਾਇਕ ਅਗਵਾਈ ਲਈ ਜਾਣੇ ਜਾਂਦੇ ਰੋਹਿਤ ਸ਼ੈੱਟੀ ਨੇ ਸ਼ੋਅ ’ਤੇ ਆਪਣੀ ਯਾਤਰਾ ਦੌਰਾਨ ਨਿਮਰਤ ’ਤੇ ਅਮਿੱਟ ਛਾਪ ਛੱਡੀ ਹੈ।
ਰੋਹਿਤ ਸ਼ੈਟੀ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਨਿਮਰਤ ਨੇ ਕਿਹਾ, “ਰੋਹਿਤ ਸਰ ਹੁਣ ਤੱਕ ਦੇ ਸਭ ਤੋਂ ਵਧੀਆ ਮੈਂਟਰ ਹਨ। ਸੈੱਟ ’ਤੇ ਉਨ੍ਹਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦੇਖ ਕੇ ਮੈਂ ਬਹੁਤ ਕੁਝ ਸਿੱਖਿਆ ਹੈ। ਸ਼ੁਰੂ ਤੋਂ ਹੀ ਮੈਂ ਹਮੇਸ਼ਾ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਉਤਸੁਕ ਸੀ। ਸ਼ੋਅ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਮੇਰੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ, ਪਰ ਮੈਨੂੰ ਲੱਗਿਆ ਕਿ ਮੇਰੇ ਕੋਲ ਸਾਬਤ ਕਰਨ ਲਈ ਹੋਰ ਵੀ ਕਾਫ਼ੀ ਕੁਝ ਹੈ। ਫਿਰ, ਇੱਕ ਖ਼ਾਸ ਸਟੰਟ ਦੇ ਦੌਰਾਨ, ਜੋ ਮੈਂ ਜਿੱਤਿਆ ਵੀ ਨਹੀਂ ਸੀ, ਮੈਨੂੰ ਲੱਗਾ ਜਿਵੇਂ ਮੈਂ ਆਖਰਕਾਰ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
ਹਾਲਾਤ ਮੇਰੇ ਅਨੁਕੂਲ ਨਹੀਂ ਸਨ, ਪਰ ਰੋਹਿਤ ਸਰ ਨੇ ਮੇਰੇ ਇਰਾਦੇ ਅਤੇ ਅੱਗੇ ਵਧਣ ਦੀ ਇੱਛਾ ਨੂੰ ਪਛਾਣ ਲਿਆ। ਉਹ ਸੱਚਮੁੱਚ ਖ਼ੁਸ਼ ਸਨ ਅਤੇ ਮੇਰੇ ’ਤੇ ਉਨ੍ਹਾਂ ਨੂੰ ਮਾਣ ਸੀ। ਮੇਰੇ ਲਈ ਇਸ ਦੇ ਬਹੁਤ ਮਾਅਨੇ ਹਨ। ਉਨ੍ਹਾਂ ਨੇ ਮੈਨੂੰ ਕਿਹਾ, ‘‘ਜ਼ਿੰਦਗੀ ਵਿੱਚ ਅਸੀਂ ਕੁਝ ਜਿੱਤਦੇ ਹਾਂ ਅਤੇ ਕੁਝ ਹਾਰਦੇ ਹਾਂ। ਪਰ ਜੋ ਮਾਅਨੇ ਰੱਖਦਾ ਹੈ ਉਹ ਹੈ ਇਮਾਨਦਾਰੀ ਅਤੇ ਇਰਾਦਾ। ਇਸ ਪਲ ਨੂੰ ਮੈਂ ਕਦੇ ਨਹੀਂ ਭੁੱਲਾਂਗੀ। ਇਹ ਇੱਕ ਯਾਦ ਹੈ ਜੋ ਮੇਰੇ ਦਿਲ ਵਿੱਚ ਸਦਾ ਲਈ ਉੱਕਰੀ ਰਹੇਗੀ।”
ਰੋਹਿਤ ਸ਼ੈੱਟੀ ਨਾਲ ਉਸ ਦੇ ਰਿਸ਼ਤੇ ਬਾਰੇ ਨਿਮਰਤ ਦੇ ਦਿਲੋਂ ਬੋਲੇ ਗਏ ਸ਼ਬਦ ਉਸ ਪ੍ਰਤੀ ਗਹਿਰੇ ਸਤਿਕਾਰ ਅਤੇ ਪ੍ਰਸ਼ੰਸਾ ਨੂੰ ਦਰਸਾਉਂਦੇ ਹਨ। ‘ਖਤਰੋਂ ਕੇ ਖਿਲਾੜੀ’ ’ਤੇ ਉਸ ਦਾ ਸਫ਼ਰ ਚੁਣੌਤੀਆਂ ਅਤੇ ਜਿੱਤਾਂ ਨਾਲ ਭਰਿਆ ਰਿਹਾ ਹੈ, ਪਰ ਰੋਹਿਤ ਸ਼ੈੱਟੀ ਦੇ ਮਾਰਗਦਰਸ਼ਨ ਨੇ ਨਿਮਰਤ ’ਤੇ ਇੱਕ ਸਥਾਈ ਪ੍ਰਭਾਵ ਛੱਡਿਆ ਹੈ।

Advertisement

ਪ੍ਰਿਆ ਠਾਕੁਰ ਦੀ ਜ਼ਬਰਦਸਤ ਤਿਆਰੀ

ਪ੍ਰਿਆ ਠਾਕੁਰ

ਜ਼ੀ ਟੀਵੀ ਜਲਦੀ ਹੀ ਨਵਾਂ ਸ਼ੋਅ ‘ਵਸੁਧਾ’ ਲੈ ਕੇ ਆ ਰਿਹਾ ਹੈ ਜੋ ਦੋ ਬਹੁਤ ਵੱਖਰੀਆਂ ਔਰਤਾਂ ਚੰਦਰਿਕਾ (ਨੌਸ਼ੀਨ ਅਲੀ) ਅਤੇ ਵਸੁਧਾ (ਪ੍ਰਿਆ ਠਾਕੁਰ) ਵਿਚਕਾਰ ਸਬੰਧਾਂ ਨੂੰ ਦਰਸਾਉਂਦਾ ਹੈ। ਆਮ ਪ੍ਰੇਮ ਕਹਾਣੀਆਂ ਦੇ ਉਲਟ ਇਹ ਸ਼ੋਅ ਵੱਖ-ਵੱਖ ਸ਼ਖ਼ਸੀਅਤਾਂ ਅਤੇ ਨਜ਼ਰੀਏ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਅਚਾਨਕ ਅਣਜਾਣ ਮੋੜਾਂ ’ਤੇ ਟਕਰਾਉਂਦੀ ਹੈ।
ਸ਼ੋਅ ਅਤੇ ਇਸ ਦੇ ਪਾਤਰਾਂ ਦਾ ਪਿਛੋਕੜ ਉਦੈਪੁਰ ਆਧਾਰਿਤ ਹੈ, ਇਸ ਲਈ ਸ਼ੋਅ ਦੀ ਟੀਮ ਨੇ ਸ਼ਹਿਰ ਦੀ ਸ਼ਾਨ ਅਤੇ ਪ੍ਰਮਾਣਿਕਤਾ ਨੂੰ ਦਰਸਾਉਣ ਲਈ ਉਦੈਪੁਰ ਵਿੱਚ ਹੀ ਸ਼ੁਰੂਆਤੀ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਹੈ। ਵਸੁਧਾ ਦੇ ਆਪਣੇ ਕਿਰਦਾਰ ਵਿੱਚ ਜਾਨ ਪਾਉਣ ਲਈ ਅਭਿਨੇਤਰੀ ਪ੍ਰਿਆ ਠਾਕੁਰ ਨੇ ਵੀ ਰਾਜਸਥਾਨੀ ਬੋਲੀ ਸਿੱਖਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ। ਝੀਲਾਂ ਦੇ ਸ਼ਹਿਰ ਉਦੈਪੁਰ ਵਿੱਚ ਸ਼ੂਟਿੰਗ ਦੌਰਾਨ ਪ੍ਰਿਆ ਉੱਥੋਂ ਦੇ ਸੱਭਿਆਚਾਰ ਵਿੱਚ ਖੁੱਭ ਗਈ, ਜਿੱਥੇ ਉਸ ਨੇ ਭਾਸ਼ਾ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਉੱਥੇ ਰਹਿਣ ਵਾਲੇ ਲੋਕਾਂ ਨਾਲ ਕਾਫ਼ੀ ਸਮਾਂ ਬਿਤਾਇਆ। ਉਸ ਦੇ ਪਾਤਰ ਵਸੁਧਾ ਪ੍ਰਤੀ ਉਸ ਦਾ ਸਮਰਪਣ ਇਸ ਬੋਲੀ ਵਿੱਚ ਮੁਹਾਰਤ ਹਾਸਲ ਕਰਨ ਦੇ ਉਸ ਦੇ ਸਮਰਪਣ ਤੋਂ ਸਪੱਸ਼ਟ ਤੌਰ ’ਤੇ ਸਾਹਮਣੇ ਆਉਂਦਾ ਹੈ।
ਪ੍ਰਿਆ ਠਾਕੁਰ ਨੇ ਕਿਹਾ, ‘‘ਮੈਂ ਵਸੁਧਾ ਦਾ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਇਸ ਕਿਰਦਾਰ ਅਤੇ ਇਸ ਦੀ ਦਿੱਖ ਨਾਲ ਪਿਆਰ ਹੋ ਗਿਆ ਹੈ। ਇੱਕ ਅਭਿਨੇਤਰੀ ਦੇ ਰੂਪ ਵਿੱਚ ਕਿਸੇ ਪਾਤਰ ਦੀ ਸ਼ਖ਼ਸੀਅਤ ਅਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਜਾਣਦੀ ਸੀ ਕਿ ਵਸੁਧਾ ਦੇ ਜੀਵਨ ਨੂੰ ਅਸਲ ਵਿੱਚ ਦਰਸਾਉਣ ਲਈ ਉਸ ਬੋਲੀ ਵਿੱਚ ਮੁਹਾਰਤ ਹਾਸਲ ਕਰਨਾ ਮਹੱਤਵਪੂਰਨ ਸੀ ਜਿਸ ਨਾਲ ਉਹ ਜੁੜੀ ਹੋਈ ਸੀ। ਉਦੈਪੁਰ ਦੇ ਲੋਕਾਂ ਦੇ ਨਾਲ ਸ਼ਹਿਰ ਵਿੱਚ ਘੁੰਮਣਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਲੀਨ ਹੋਣਾ ਇੱਕ ਵਿਲੱਖਣ ਅਤੇ ਸੁਹਾਵਣਾ ਅਨੁਭਵ ਸੀ। ਉੱਥੋਂ ਦੇ ਲੋਕਾਂ ਦੇ ਨਿੱਘ ਅਤੇ ਪ੍ਰਾਹੁਣਾਚਾਰੀ ਨੇ ਮੇਰੇ ਨਾਲ ਇੱਕ ਖ਼ਾਸ ਰਿਸ਼ਤਾ ਬਣਾਇਆ ਅਤੇ ਉੱਥੋਂ ਦੀ ਭਾਸ਼ਾ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਵੀ ਮੇਰੀ ਮਦਦ ਕੀਤੀ। ਮੈਂ ਉਸ ਤੋਂ ਕੁਝ ਬੋਲਚਾਲ ਦੇ ਸ਼ਬਦ ਵੀ ਸਿੱਖੇ ਜਿਵੇਂ ‘ਖੰਬਾ ਘਣੀ’ (ਨਮਸਕਾਰ) ਅਤੇ ‘ਤੂੰ ਕਿਸੋ ਹੈ’ (ਤੁਸੀਂ ਕਿਵੇਂ ਹੋ?), ਨਾਲ ਹੀ ‘ਰਾਮ-ਰਾਮ ਸਾ’ (ਰਵਾਇਤੀ ਨਮਸਕਾਰ) ਅਤੇ ‘ਪਦਾਰੋ ਸਾ’ (ਕਿਰਪਾ ਕਰਕੇ ਆਓ। ) ਅਤੇ ਕਈ ਸੱਭਿਆਚਾਰਕ ਸਮੀਕਰਨਾਂ ਬਾਰੇ ਵੀ ਸਿੱਖਿਆ। ਉਨ੍ਹਾਂ ਦੀ ਜੀਵਨਸ਼ੈਲੀ ਬਾਰੇ ਗਹਿਰਾਈ ਤੱਕ ਜਾਣ ਨਾਲ ਮੇਰਾ ਕਿਰਦਾਰ ਹੋਰ ਨਿੱਖਰਦਾ ਗਿਆ।’’
ਪ੍ਰਿਆ ਅੱਗੇ ਕਹਿੰਦੀ ਹੈ, ‘‘ਮੈਂ ਰਾਜਸਥਾਨੀ ਬੋਲੀ ਨੂੰ ਸਹੀ ਢੰਗ ਨਾਲ ਸਿੱਖਣ ਲਈ ਰਚਨਾਤਮਕ ਟੀਮ ਦੇ ਨਾਲ ਬਹੁਤ ਸਮਾਂ ਬਿਤਾ ਰਹੀ ਹਾਂ ਤਾਂ ਜੋ ਮੈਂ ਇਸ ਭਾਸ਼ਾ ਦੇ ਕੁਝ ਟਿਪਸ ਅਤੇ ਟ੍ਰਿਕਸ ਜਾਣ ਸਕਾਂ। ਮੈਂ ਆਪਣੇ ਪ੍ਰਦਰਸ਼ਨ ਵਿੱਚ ਇਸ ਭਰੋਸੇਯੋਗਤਾ ਨੂੰ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਵੀ ਵਸੁਧਾ ਦੇ ਕਿਰਦਾਰ ਨੂੰ ਰਾਜਸਥਾਨੀ ਸੱਭਿਆਚਾਰ ਦੀ ਇੱਕ ਸੱਚੀ ਮਿਸਾਲ ਬਣਾਉਣ ਲਈ ਸਾਡੇ ਯਤਨਾਂ ਦੀ ਸ਼ਲਾਘਾ ਕਰਨਗੇ।’’

ਅਨੁਭਵ ਸਿਨਹਾ ਨਾਲ ਕੰਮ ਕਰਕੇ ਖ਼ੁਸ਼ ਹੈ ਖੁਸ਼ੀ

ਅਨੁਭਵ ਸਿਨਹਾ ਦੇ ਨਾਲ ਖੁਸ਼ੀ ਭਾਰਦਵਾਜ

‘36 ਡੇਜ਼’ ਅਤੇ ‘ਗਿਆਰਾਂ ਗਿਆਰਾਂ’ ਵਰਗੀਆਂ ਵੈੱਬ ਸੀਰੀਜ਼ ਵਿੱਚ ਕੰਮ ਕਰਨ ਤੋਂ ਬਾਅਦ ਅਭਿਨੇਤਰੀ ਖੁਸ਼ੀ ਭਾਰਦਵਾਜ ਹੁਣ ਅਨੁਭਵ ਸਿਨਹਾ ਦੀ ‘ਆਈਸੀ 814: ਦਿ ਕੰਧਾਰ ਹਾਈਜੈਕ’ ਵਿੱਚ ਨਜ਼ਰ ਆ ਰਹੀ ਹੈ। ਕੰਧਾਰ ਹਾਈਜੈਕ ਦਸੰਬਰ 1999 ਵਿੱਚ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈਸੀ 814 ਦੇ ਹਾਈਜੈਕ ’ਤੇ ਆਧਾਰਿਤ ਹੈ। ਇਹ ਸੀਰੀਜ਼ ਪਹਿਲਾਂ ਹੀ ਕਾਫ਼ੀ ਸਕਾਰਾਤਮਕ ਚਰਚਾ ਹਾਸਲ ਕਰ ਚੁੱਕੀ ਹੈ। ਇਸ ਵਿੱਚ ਨਸੀਰੂਦੀਨ ਸ਼ਾਹ, ਕੁਮੁਦ ਮਿਸ਼ਰਾ, ਦੀਆ ਮਿਰਜ਼ਾ ਰੇਖੀ, ਵਿਜੇ ਵਰਮਾ, ਪੱਤਰਲੇਖਾ, ਅਰਵਿੰਦ ਸਵਾਮੀ ਅਤੇ ਪੰਕਜ ਕਪੂਰ ਵਰਗੇ ਮਸ਼ਹੂਰ ਨਾਮ ਸ਼ਾਮਲ ਹਨ।
ਆਪਣੀ ਭੂਮਿਕਾ ਬਾਰੇ ਹੋਰ ਗੱਲ ਕਰਦੇ ਹੋਏ ਉਹ ਕਹਿੰਦੀ ਹੈ, ‘‘ਆਈਸੀ 814: ਦਿ ਕੰਧਾਰ ਹਾਈਜੈਕ’ ਵਰਗੀ ਸੀਰੀਜ਼ ਵਿੱਚ ਮੌਕਾ ਮਿਲਣਾ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਇਸ ਕਿਰਦਾਰ ਬਾਰੇ ਮੈਂ ਹੋਰ ਵੇਰਵੇ ਨਹੀਂ ਦੇ ਸਕਦੀ, ਪਰ ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਜਹਾਜ਼ ਦੇ ਅੰਦਰ ਇੱਕ ਯਾਤਰੀ ਦੀ ਭੂਮਿਕਾ ਨਿਭਾਈ ਹੈ, ਮੈਂ ਚਾਹੁੰਦੀ ਹਾਂ ਕਿ ਮੇਰਾ ਕਿਰਦਾਰ ਥੋੜ੍ਹਾ ਲੰਬਾ ਹੁੰਦਾ ਤਾਂ ਕਿ ਮੈਂ ਕਲਾਕਾਰਾਂ ਅਤੇ ਜਹਾਜ਼ ਦੇ ਅਮਲੇ ਨਾਲ ਹੋਰ ਸਮਾਂ ਬਿਤਾ ਸਕਦੀ। ਇੱਕ ਅਭਿਨੇਤਰੀ ਹੋਣ ਦੇ ਨਾਤੇ, ਮੈਂ ਅਨੁਭਵ ਸਿਨਹਾ ਨੂੰ ਆਦਰਸ਼ ਮੰਨਦੀ ਹਾਂ ਜੋ ਬਹੁਤ ਹੀ ਪ੍ਰਤਿਭਾਸ਼ਾਲੀ ਵਿਅਕਤੀ ਹੈ। ਉਸ ਦੀ ਹਰ ਫਿਲਮ ਇੱਕ ਅਦਾਕਾਰ ਲਈ ਬਿਹਤਰੀਨ ਸੰਦਰਭ ਹੈ। ਉਸ ਵੱਲੋਂ ਕੀਤੀਆਂ ਮੇਰੀਆਂ ਮਨਪਸੰਦ ਫਿਲਮਾਂ ਵਿੱਚ ‘ਥੱਪੜ’, ‘ਮੁਲਕ’ ਅਤੇ ‘ਆਰਟੀਕਲ 15’ ਸ਼ਾਮਲ ਹਨ। ਉਸ ਦੇ ਨਿਰਦੇਸ਼ਨ ਦਾ ਸਭ ਤੋਂ ਦਿਲਚਸਪ ਹਿੱਸਾ ਉਸ ਦਾ ਖੋਜ ਕਾਰਜ ਹੈ। ਮੈਨੂੰ ਯਕੀਨ ਹੈ ਕਿ ‘ਆਈਸੀ 814: ਦਿ ਕੰਧਾਰ ਹਾਈਜੈਕ’ ਨਾਲ ਉਹ ਨਵੀਆਂ ਉਚਾਈਆਂ ਨੂੰ ਛੂਹਣਗੇ। ਇਸ ਸੀਰੀਜ਼ ਵਿੱਚ ਇੰਡਸਟਰੀ ਦੇ ਕੁਝ ਬਿਹਤਰੀਨ ਨਾਂ ਵੀ ਸ਼ਾਮਲ ਹਨ ਅਤੇ ਮੈਂ ਅਜਿਹੀ ਸੀਰੀਜ਼ ਨਾਲ ਜੁੜ ਕੇ ਮਾਣ ਮਹਿਸੂਸ ਕਰਦੀ ਹਾਂ।’’
ਖੁਸ਼ੀ ਅੱਗੇ ਕਹਿੰਦੀ ਹੈ, ‘‘36 ਡੇਜ਼’ ਦੇ ਬਾਅਦ ‘ਗਿਆਰਾਂ ਗਿਆਰਾਂ’ ਵਿੱਚ ਵੀ ਦਰਸ਼ਕਾਂ ਨੇ ਮੇਰੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਇਹ ਸੀਰੀਜ਼ ਦਰਸ਼ਕਾਂ ਦੇ ਲਿਹਾਜ਼ ਨਾਲ ਸਭ ਤੋਂ ਉੱਪਰ ਰਹੀ ਹੈ।’’

Advertisement
Author Image

joginder kumar

View all posts

Advertisement