ਛੋਟਾ ਪਰਦਾ
ਧਰਮਪਾਲ
ਰਿਐਲਿਟੀ ਸ਼ੋਅ ’ਤੇ ਸਚਿਨ-ਜਿਗਰ ਦੀ ਸ਼ੁਰੂਆਤ
ਜ਼ੀ ਟੀਵੀ ਦਾ ਪ੍ਰਸਿੱਧ ਗਾਇਕੀ ਰਿਐਲਿਟੀ ਸ਼ੋਅ ‘ਸਾਰੇਗਾਮਾਪਾ’ ਮੈਂਟਰਾਂ ਦੇ ਇੱਕ ਨਵੇਂ ਪੈਨਲ ਨਾਲ ਨਵੇਂ ਸੀਜ਼ਨ ਦੇ ਨਾਲ ਵਾਪਸ ਆ ਰਿਹਾ ਹੈ। ਇਸ ਵਾਰ ਸਾਰੇ ਪ੍ਰਤੀਯੋਗੀ ਆਪਣੇ ਮੈਂਟਰਾਂ ਵੱਲੋਂ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਹੋਣਗੇ। ਇਸ ਨਾਲ ਮੁਕਾਬਲੇਬਾਜ਼ਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ। ਇਸ ਵਿੱਚ ਬੌਲੀਵੁੱਡ ਦੇ ਉੱਘੇ ਸੰਗੀਤਕਾਰ ਮੁਕਾਬਲੇ ਨੂੰ ਹੋਰ ਵੀ ਰੌਚਕ ਬਣਾਉਣਗੇ।
ਇਸ ਸੀਜ਼ਨ ਵਿੱਚ ਰਿਐਲਿਟੀ ਟੈਲੀਵਿਜ਼ਨ ਸ਼ੋਅ ਵਿੱਚ ਬਾਲੀਵੁੱਡ ਦੀ ਹਿੱਟ ਮਸ਼ੀਨ ਕਹੀ ਜਾਣ ਵਾਲੀ ਸੰਗੀਤਕਾਰ ਜੋੜੀ ਸਚਿਨ-ਜਿਗਰ ਦਾ ਡੈਬਿਊ ਦੇਖਣ ਨੂੰ ਮਿਲੇਗਾ। ਜਿਨ੍ਹਾਂ ਨੇ ‘ਠੁਮਕੇਸ਼ਵਰੀ’, ‘ਕਮਰੀਆ’, ‘ਅਪਨਾ ਬਨਾ ਲੇ’, ‘ਬੀਟ ਪੇ ਬੂਟੀ’ ਅਤੇ ‘ਨਦੀਓਂ ਪਾਰ’ ਵਰਗੇ ਹਿੱਟ ਗੀਤ ਬਣਾਏ ਹਨ। ਇਹ ਜੋੜੀ ਉੱਭਰਦੇ ਗਾਇਕਾਂ ਵਿੱਚ ਨਾ ਸਿਰਫ਼ ਤਕਨੀਕੀ ਮੁਹਾਰਤ, ਸਗੋਂ ਮੌਲਿਕਤਾ ਦੀ ਵੀ ਭਾਲ ਕਰੇਗੀ। ਇਹ ਜੋੜੀ ਹਰੇਕ ਪ੍ਰਤੀਯੋਗੀ ਨਾਲ ਘੁਲਣ ਮਿਲਣ ਲਈ ਉਤਸੁਕ ਹੈ ਜੋ ਹਰੇਕ ਪ੍ਰਤੀਯੋਗੀ ਨੂੰ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿੱਚ ਮਦਦ ਕਰੇਗਾ।
ਸਚਿਨ ਅਤੇ ਜਿਗਰ ਨੇ ਕਿਹਾ, “ਅਸੀਂ ਰਿਐਲਿਟੀ ਟੀਵੀ ਦੇ ਨਾਲ ਇੱਕ ਨਵੇਂ ਖੇਤਰ ਵਿੱਚ ਦਾਖਲ ਹੋ ਰਹੇ ਹਾਂ ਅਤੇ ਆਪਣੀ ਇਸ ਸ਼ੁਰੂਆਤ ਲਈ ‘ਸਾਰੇਗਾਮਾਪਾ’ ਤੋਂ ਵਧੀਆ ਹੋਰ ਕਿਹੜਾ ਸ਼ੋਅ ਹੋ ਸਕਦਾ ਹੈ। ‘ਸਾਰੇਗਾਮਾਪਾ’ ਵਿੱਚ ਪਹਿਲੀ ਵਾਰ ਸਾਡੇ ਨਾਲ ਮੈਂਟਰਾਂ ਦਾ ਇੱਕ ਬਿਲਕੁਲ ਨਵਾਂ ਪੈਨਲ ਹੋਵੇਗਾ। ਅਸੀਂ ਇਨ੍ਹਾਂ ਪ੍ਰਤਿਭਾਸ਼ਾਲੀ ਅਤੇ ਆਉਣ ਵਾਲੇ ਗਾਇਕਾਂ ਨੂੰ ਵਧਣ ਅਤੇ ਉਨ੍ਹਾਂ ਦੀਆਂ ਕਾਬਲੀਅਤਾਂ ਦਾ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਨ ਦੀ ਉਮੀਦ ਕਰਦੇ ਹਾਂ। ਮੈਂਟਰ ਵਜੋਂ ਅਸੀਂ ਹਰੇਕ ਪ੍ਰਤੀਯੋਗੀ ਦੀਆਂ ਵਿਲੱਖਣ ਸ਼ਕਤੀਆਂ ਅਤੇ ਵਿਲੱਖਣ ਹੁਨਰਾਂ ਦੀ ਪਛਾਣ ਕਰਨ ਲਈ ਉਤਸ਼ਾਹਿਤ ਹਾਂ ਤਾਂ ਜੋ ਅਸੀਂ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੀਏ।’’
ਰਿਤਵਿਕ ਧੰਜਾਨੀ ਦੀ ਪਿਆਰੀ ਯਾਦ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਕਾਮੇਡੀ ਸ਼ੋਅ ‘ਆਪਕਾ ਅਪਨਾ ਜ਼ਾਕਿਰ’ ਵਿੱਚ ਇੱਕ ਰਿਤਵਿਕ ਧੰਜਾਨੀ ਨੇ ਇੱਕ ਐਵਾਰਡ ਸ਼ੋਅ ਵਿੱਚ ਆਪਣੇ ਪਹਿਲੇ ਡਾਂਸ ਪ੍ਰਦਰਸ਼ਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਜਿਸਦੀ ਕੋਰੀਓਗ੍ਰਾਫੀ ਗੀਤਾ ਕਪੂਰ ਦੁਆਰਾ ਕੀਤੀ ਗਈ ਸੀ। ਉਸ ਨੇ ਕਿਹਾ, ‘‘ਗੀਤਾ ਮਾਂ ਨਾਲ ਮੇਰੀ ਪਹਿਲੀ ਮੁਲਾਕਾਤ ਸਾਲ 2012 ਵਿੱਚ ਹੋਈ ਸੀ। ਮੈਂ ਬਹੁਤ ਘਬਰਾਇਆ ਹੋਇਆ ਸੀ, ਮੈਂ ਇੱਕ ਅਭਿਨੇਤਾ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਕੀਤੀ ਸੀ ਅਤੇ ਮੈਂ ਇੱਕ ਐਵਾਰਡ ਸ਼ੋਅ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਗੀਤਾ ਮਾਂ ਇਸ ਦੀ ਕੋਰੀਓਗ੍ਰਾਫੀ ਕਰ ਰਹੀ ਹੈ। ਇਸ ਲਈ ਅਸੀਂ ਚਲੇ ਗਏ ਅਤੇ ਮੈਂ ਡਾਂਸ ਕੀਤਾ ਅਤੇ ਕੁਝ ਦੇਰ ਬਾਅਦ, ਜਦੋਂ ਮੈਂ ਹੇਠਾਂ ਆਇਆ ਤਾਂ ਮੈਂ ਉੱਥੇ ਗੀਤਾ ਕਪੂਰ ਨੂੰ ਖੜ੍ਹੀ ਦੇਖਿਆ। ਉੱਥੇ 4-5 ਲੋਕ ਹੋਰ ਸਨ ਜੋ ਡਰੇ ਹੋਏ ਸਨ ਕਿ ਕੰਮ ਉਮੀਦ ਅਨੁਸਾਰ ਨਹੀਂ ਹੋਇਆ ਹੈ। ਮੈਂ ਗੀਤਾ ਮਾਂ ਨੂੰ ਸਟੇਜ ’ਤੇ ਜਾਂਦੇ ਦੇਖਿਆ। ਇਸ ਲਈ, ਰੁਟੀਨ ਇਹ ਸੀ ਕਿ ਇੱਕ ਐਕਟਰ ਨੇ ਪੇਸ਼ਕਾਰੀ ਕਰਨੀ ਸੀ, ਪਰ ਉਹ ਐਕਟਰ ਨਹੀਂ ਆਇਆ ਅਤੇ ਗੀਤਾ ਮਾਂ ਨੇ ਕਿਹਾ ਕਿ ਮੈਂ ਉਸ ਦੀ ਥਾਂ ’ਤੇ ਪੇਸ਼ਕਾਰੀ ਦੇਵਾਂਗੀ। ਮੈਂ ਗੀਤਾ ਮਾਂ ਨੂੰ ਪ੍ਰਦਰਸ਼ਨ ਕਰਦਿਆਂ ਦੇਖਿਆ ਅਤੇ ਮੈਨੂੰ ਲੱਗਾ ਜਿਵੇਂ ਕੋਈ ਦੇਵੀ ਮੇਰੇ ਸਾਹਮਣੇ ਨੱਚ ਰਹੀ ਹੋਵੇ। ਜਦੋਂ ਗੀਤਾ ਮਾਂ ਰੂਪ ਵਿੱਚ ਹੁੰਦੀ ਹੈ ਤਾਂ ਉਸ ਵਰਗਾ ਕੋਈ ਨਹੀਂ ਹੁੰਦਾ।’’
ਇੱਕ ਮਜ਼ੇਦਾਰ ਗੱਲਬਾਤ ਵਿੱਚ ਜ਼ਾਕਿਰ ਨੇ ਗੀਤਾ ਕਪੂਰ ਨੂੰ ‘ਗੀਤਾ ਮਾਂ’ ਕਹਿਣ ਲਈ ਛੇੜਿਆ ਅਤੇ ਪੁੱਛਿਆ ਕਿ ਉਸ ਨੂੰ ਇਹ ਨਾਮ ਕਿਵੇਂ ਮਿਲਿਆ। ਗੀਤਾ ਨੇ ਖੁਲਾਸਾ ਕੀਤਾ ਕਿ 2009 ਵਿੱਚ ਇੱਕ ਰਿਐਲਿਟੀ ਸ਼ੋਅ ਦੌਰਾਨ ਮੁਕਾਬਲੇਬਾਜ਼ਾਂ ਨੇ ਉਸ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਰਿਤਵਿਕ ਧੰਜਾਨੀ ਨੇ ਰੋਕਿਆ ਅਤੇ ਕਿਹਾ ਕਿ ਉਸ ਨੇ ‘ਮਾਂ, ਮਾਂ, ਮਾਂ’ ਕਹਿ ਕੇ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਗੀਤਾ ਨੇ ਮਜ਼ਾਕ ਵਿੱਚ ਜਵਾਬ ਦਿੱਤਾ ਕਿ ਰਿਤਵਿਕ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਸ ਦੇ ਇਸ ਤਰ੍ਹਾਂ ‘ਮਾਂ ਮਾਂ’ ਕਹਿਣ ਕਾਰਨ ਉਹ ਉਸ ਨੂੰ ਉਸ ਦਾ ਪਾ ਨਹੀਂ ਦੇਖ ਸਕੀ।
ਕਲਾ ਸੁਧਾਰਨ ’ਤੇ ਜ਼ੋਰ ਦਿੰਦੀ ਏਕਤਾ ਤਿਵਾਰੀ
ਅਭਿਨੇਤਰੀ ਏਕਤਾ ਤਿਵਾਰੀ ਜੋ ਇਸ ਸਮੇਂ ਦੰਗਲ ਟੀਵੀ ’ਤੇ ‘ਗੁਡੀਆ ਰਾਣੀ’ ਸ਼ੋਅ ਵਿੱਚ ਫੂਲ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ। ਉਹ ਹੱਸਦੇ ਹੋਏ ਕਹਿੰਦੀ ਹੈ ਕਿ ਹੋਮਵਰਕ ਅਤੇ ਸੁਧਾਰ ਪੂਰੀ ਜ਼ਿੰਦਗੀ ਜਾਰੀ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਅੱਗੇ ਵਧਦੇ ਰਹਿਣ ਲਈ ਆਪਣੇ ਆਪ ’ਤੇ ਮਿਹਨਤ ਕਰਦੇ ਰਹਿਣਾ ਬਹੁਤ ਜ਼ਰੂਰੀ ਹੈੈ।
ਉਸ ਦਾ ਕਹਿਣਾ ਹੈ, “ਜਦੋਂ ਕਿਸੇ ਵੀ ਕਲਾਕਾਰ, ਲੇਖਕ, ਨਿਰਦੇਸ਼ਕ, ਸਿਨੇਮੈਟੋਗ੍ਰਾਫਰ ਜਾਂ ਕਿਸੇ ਹੋਰ ਲਈ ਆਪਣੀ ਕਲਾ ਨੂੰ ਸੁਧਾਰਨ ਦੀ ਗੱਲ ਆਉਂਦੀ ਹੈ, ਤਾਂ ਇਸ ਵਿੱਚ ਹੋਮਵਰਕ ਅਤੇ ਸੁਧਾਰ ਕਰਨਾ ਸ਼ਾਮਲ ਹੁੰਦਾ ਹੈ। ਇਸ ਵਿੱਚ ਪੜ੍ਹਨਾ, ਲਿਖਣਾ, ਪੁਰਾਣੀ ਅਤੇ ਨਵੀਂ ਸਮੱਗਰੀ ਦੇਖਣਾ ਅਤੇ ਕੁਝ ਨਵਾਂ ਬਣਾਉਣਾ ਸ਼ਾਮਲ ਹੈ। ਫਿਰ, ਪ੍ਰੇਰਿਤ ਹੋਣਾ ਅਤੇ ਇਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਸਮਰਪਿਤ ਭਾਵਨਾ ਨਾਲ ਬਿਆਨ ਕਰਨਾ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਕੋਈ ਨਹੀਂ ਪਛਾਣੇਗਾ ਅਤੇ ਤੁਹਾਡੇ ਕਰੀਅਰ ਵਿੱਚ ਖੜੋਤ ਆ ਜਾਵੇਗੀ।’’
ਉਹ ਅੱਗੇ ਕਹਿੰਦੀ ਹੈ, “ਅੱਜਕੱਲ੍ਹ ਆਪਣੇ ਆਪ ਨੂੰ ਅਪਡੇਟ ਕਰਨ ਬਾਰੇ ਜਾਣਕਾਰੀ ਦੇਣ ਲਈ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਸਬੰਧਤ ਵਿਅਕਤੀ ਵੱਲੋਂ ਮੀਡੀਆ ਹਾਊਸ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਮੈਂ ਇਸ ਮਾਮਲੇ ਵਿੱਚ ਬਿਲਕੁਲ ਵੀ ਅਪਡੇਟ ਨਹੀਂ ਹਾਂ। ਆਪਣੀ ਸ਼ਖ਼ਸੀਅਤ ਨੂੰ ਉਭਾਰਨ ਲਈ ਆਲੇ ਦੁਆਲੇ ਦੇ ਖੇਤਰਾਂ ਦੀ ਪੜਚੋਲ ਕਰਨਾ ਵੀ ਬਹੁਤ ਮਹੱਤਵਪੂਰਨ ਹੈ।’’
ਉਸ ਦਾ ਅੱਗੇ ਕਹਿਣਾ ਹੈ, ‘‘ਮੈਂ ਲਿਖਣ, ਨਿਰਦੇਸ਼ਨ ਅਤੇ ਨਿਰਮਾਣ ਵੱਲ ਬਹੁਤ ਝੁਕਾਅ ਰੱਖਦੀ ਹਾਂ। ਪਰ ਮੈਨੂੰ ਕੋਈ ਜਲਦੀ ਨਹੀਂ ਹੈ ਕਿਉਂਕਿ ਮੈਂ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ, ਬਲਕਿ ਸਮਾਂ ਲੈ ਕੇ ਆਪਣੇ ਸ਼ੌਕ ਪੂਰੇ ਕਰਨੇ ਚਾਹੁੰਦੀ ਹਾਂ। ਮੇਰੀ ਪਹਿਲੀ ਕਵਿਤਾ ‘ਸ਼ਬਦ ਮੈਂ ਅਨੇਕਤਾ’ ਆਉਣ ਵਾਲੀ ਹੈ।” ਜਦੋਂ ਉਸ ਨੂੰ ਪੁੱਛਿਆ ਕਿ ਉਹ ਉਸਾਰੂ ਆਲੋਚਨਾ ਨੂੰ ਕਿਵੇਂ ਸੰਭਾਲਦੀ ਹੈ ਤਾਂ ਉਹ ਕਹਿੰਦੀ ਹੈ, ‘‘ਮੈਂ ਇਸ ਨੂੰ ਬਹੁਤ ਹੀ ਸਕਾਰਾਤਮਕ ਢੰਗ ਨਾਲ ਲੈਂਦੀ ਹਾਂ ਕਿਉਂਕਿ ਇਹ ਤੁਹਾਨੂੰ ਆਪਣੇ ਆਪ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਉਸਾਰੂ ਆਲੋਚਨਾ ਨਾਲ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਆਪਣੇ ਆਪ ’ਤੇ ਕਿੱਥੇ ਕੰਮ ਕਰਨ ਦੀ ਜ਼ਰੂਰਤ ਹੈ।’’