For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:30 AM Jul 20, 2024 IST
ਛੋਟਾ ਪਰਦਾ
ਕਰਿਸ਼ਮਾ ਕਪੂਰ
Advertisement

ਧਰਮਪਾਲ

Advertisement

ਪ੍ਰਤੀਭਾਗੀਆਂ ਤੋਂ ਪ੍ਰਭਾਵਿਤ ਕਰਿਸ਼ਮਾ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ’ ਨੇ ਰਿਐਲਿਟੀ ਸ਼ੋਅ’ਜ਼ ਵਿੱਚ ਡਾਂਸ ਦੇ ਨਵੇਂ ਮਾਪਦੰਡ ਸਥਾਪਤ ਕਰਦੇ ਹੋਏ ਬਹੁਤ ਸਾਰੇ ਅਸਾਧਾਰਨ ਕਲਾਕਾਰਾਂ ਨੂੰ ਸ਼ਾਨਦਾਰ ਸਟੇਜ ’ਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਸ਼ੋਅ ਵਿੱਚ ਗਲੈਮਰ ਜੋੜਦੇ ਹੋਏ ਬੌਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਸ਼ੋਅ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਹਾਲ ਹੀ ਵਿੱਚ ਇੱਕ ਗੱਲਬਾਤ ਵਿੱਚ ਕਰਿਸ਼ਮਾ ਨੇ ਸ਼ੋਅ ਵਿੱਚ ਇੱਕ ‘ਮਨੋਰੰਜਨ ਮਾਹਰ’ ਵਜੋਂ ਆਪਣੀ ਭੂਮਿਕਾ ਬਾਰੇ ਗੱਲ ਕੀਤੀ।
ਉਸ ਨੇ ਕਿਹਾ, ‘‘ਮੈਂ ਸ਼ੋਅ ਦੇ ਇਸ ਸੀਜ਼ਨ ਵਿੱਚ ਇੱਕ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਡਾਂਸ ਸਟਾਈਲ ਦੇ ਵਿਕਾਸ ਅਤੇ ਪ੍ਰਤੀਯੋਗੀਆਂ ਦੀ ਰਚਨਾਤਮਕਤਾ ਨੂੰ ਦੇਖ ਕੇ ਬਹੁਤ ਖ਼ੁਸ਼ ਹਾਂ। ਇਹ ਪਲੈਟਫਾਰਮ ਨਾ ਸਿਰਫ਼ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦਾ ਹੈ ਬਲਕਿ ਪ੍ਰਤੀਯੋਗੀਆਂ ਵਿੱਚ ਨਵਾਂਪਣ ਲਿਆਉਣ ਅਤੇ ਉਨ੍ਹਾਂ ਦੀ ਲਗਨ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਮੈਂ ਟੈਰੇਂਸ ਅਤੇ ਗੀਤਾ ਨਾਲ ਇਸ ਸ਼ੋਅ ਦੀ ਸ਼ੁਰੂਆਤ ਕਰਕੇ ਬਹੁਤ ਖ਼ੁਸ਼ ਹਾਂ, ਜਿੱਥੇ ਸਾਡਾ ਉਦੇਸ਼ ਹਰ ਡਾਂਸਰ ਨੂੰ ਪ੍ਰੇਰਨਾ ਦੇਣਾ ਅਤੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।’’
ਕਰਿਸ਼ਮਾ ਪ੍ਰਤੀਭਾਗੀਆਂ ਦੀ ਅਦਭੁੱਤ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੈ। ਉਸ ਦਾ ਕਹਿਣਾ ਹੈ ਕਿ ਪ੍ਰਤੀਭਾਗੀਆਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਡਾਂਸ ਦੀਆਂ ਨਵੀਆਂ-ਨਵੀਆਂ ਵਿਧਾਵਾਂ ਦੇਖ ਕੇ ਉਸ ਨੂੰ ਜਿੱਥੇ ਖ਼ੁਸ਼ੀ ਹੁੰਦੀ ਹੈ, ਉੱਥੇ ਹੈਰਾਨੀ ਵੀ ਬਹੁਤ ਹੁੰਦੀ ਹੈ। ਉਹ ਕਹਿੰਦੀ ਹੈ ਕਿ ਸਾਡਾ ਦੇਸ਼ ਪ੍ਰਤਿਭਾਵਾਂ ਦਾ ਭੰਡਾਰ ਹੈ, ਬਸ ਉਨ੍ਹਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਦੀ ਜ਼ਰੂਰਤ ਹੈ।

Advertisement

ਪੰਕਜ ਨੂੰ ਭੂਮਿਕਾਵਾਂ ਨਾਲ ਪ੍ਰਯੋਗ ਕਰਨਾ ਪਸੰਦ

ਪੰਕਜ ਭਾਟੀਆ

ਪੰਕਜ ਭਾਟੀਆ ਆਪਣੇ ਬੈਨਰ ਐੱਲਐੱਸਡੀ ਸਟੂਡੀਓਜ਼ ਹੇਠ ਤਿਆਰ ਕੀਤੇ ਸ਼ੋਅ ‘ਪੁਕਾਰ: ਦਿਲ ਸੇ ਦਿਲ ਤੱਕ’ ਵਿੱਚ ਕਮਾਲ ਦਾ ਕਿਰਦਾਰ ਨਿਭਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਟੈਲੀਵਿਜ਼ਨ ਇੱਕ ਅਭਿਨੇਤਾ ਨੂੰ ਜ਼ਿਆਦਾ ਵਾਰ ਦਿਖਾਉਂਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪ੍ਰਸਿੱਧ ਹੋ ਜਾਣਗੇ। ਉਸ ਨੂੰ ਲੱਗਦਾ ਹੈ ਕਿ ਇਹ ਇੱਕ ਮਿੱਥ ਹੈ ਕਿ ਅਦਾਕਾਰ ਰਾਤੋ-ਰਾਤ ਮਸ਼ਹੂਰ ਹੋ ਜਾਂਦੇ ਹਨ।
ਉਸ ਨੇ ਕਿਹਾ, ‘‘ਟੈਲੀਵਿਜ਼ਨ ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ ਜ਼ਿਆਦਾ ਦਿਖਾਉਂਦਾ ਹੈ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਅਦਾਕਾਰਾਂ ਨੂੰ ਤੁਰੰਤ ਪ੍ਰਸਿੱਧੀ ਦੀ ਗਾਰੰਟੀ ਨਹੀਂ ਦਿੰਦਾ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਅਦਾਕਾਰ ਰਾਤੋ-ਰਾਤ ਪ੍ਰਸਿੱਧ ਹੋ ਜਾਂਦੇ ਹਨ, ਪਰ ਅਸਲੀਅਤ ਇਸ ਤੋਂ ਵੱਖਰੀ ਹੈ। ਅਦਾਕਾਰ ਸਖ਼ਤ ਮਿਹਨਤ ਕਰਦੇ ਹਨ, ਸੰਘਰਸ਼ ਕਰਦੇ ਹਨ ਅਤੇ ਦਰਸ਼ਕਾਂ ਦਾ ਧਿਆਨ ਖਿੱਚਣ ਤੋਂ ਪਹਿਲਾਂ ਅਕਸਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚੋਂ ਲੰਘਦੇ ਹਨ ਜਿੱਥੇ ਦਰਸ਼ਕ ਉਨ੍ਹਾਂ ਨੂੰ ਅਣਗੌਲਿਆ ਕਰ ਦਿੰਦੇ ਹਨ। ਇਸ ਲਈ ਅਦਾਕਾਰਾਂ ਲਈ ਰਾਤੋ-ਰਾਤ ਪ੍ਰਸਿੱਧ ਹੋਣ ਜਾਂ ਤੁਰੰਤ ਪ੍ਰਸਿੱਧੀ ਵਰਗੀ ਕੋਈ ਚੀਜ਼ ਨਹੀਂ ਹੈ। ਅਦਾਕਾਰਾਂ ਨੂੰ ਆਪਣੀ ਸਾਰਥਿਕਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਭੂਮਿਕਾਵਾਂ ਨੂੰ ਲਗਾਤਾਰ ਢਾਲਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਪ੍ਰਯੋਗ ਕਰਦੇ ਰਹਿਣਾ ਚਾਹੀਦਾ ਹੈ।’’
ਉਸ ਨੇ ਅੱਗੇ ਕਿਹਾ, ‘‘ਇੱਕ ਚਰਿੱਤਰ ਕਲਾਕਾਰ ਵਜੋਂ ਮੈਂ ਵੱਖ-ਵੱਖ ਭੂਮਿਕਾਵਾਂ ਨਿਭਾਉਂਦਾ ਹਾਂ ਜੋ ਇੱਕ ਦੂਜੇ ਤੋਂ ਵੱਖਰੀਆਂ ਹੁੰਦੀਆਂ ਹਨ। ਜਿਵੇਂ ‘ਬਾਣੀ-ਇਸ਼ਕ ਕਾ ਕਲਮਾ’ ਵਿੱਚ ਮੇਰਾ ਕਿਰਦਾਰ ‘ਯੇ ਹੈਂ ਮੁਹੱਬਤੇਂ’, ‘ਹਵਨ’ ਅਤੇ ‘ਸਾਵੀ ਕੀ ਸਵਾਰੀ’ ਤੋਂ ਵੱਖਰਾ ਸੀ। ਹੁਣ ‘ਪੁਕਾਰ: ਦਿਲ ਸੇ ਦਿਲ ਤੱਕ’ ਵਿੱਚ ਮੈਂ ਇੱਕ ਗੰਭੀਰ ਕਿਰਦਾਰ ਨਿਭਾ ਰਿਹਾ ਹਾਂ। ਹਰ ਕਿਰਦਾਰ ਵੱਖਰਾ ਹੁੰਦਾ ਹੈ ਅਤੇ ਲਗਾਤਾਰ ਬਦਲਾਅ ਇੱਕ ਅਭਿਨੇਤਾ ਦੇ ਵਿਕਾਸ ਅਤੇ ਉਸ ਦੀ ਪ੍ਰਸਿੱਧੀ ਲਈ ਮਹੱਤਵਪੂਰਨ ਹੁੰਦਾ ਹੈ। ਇੱਕ ਅਦਾਕਾਰ ਨੂੰ ਪ੍ਰਸੰਗਿਕ ਅਤੇ ਦਿਲਚਸਪ ਬਣੇ ਰਹਿਣਾ ਚਾਹੀਦਾ ਹੈ। ਇਸ ਲਈ ਪ੍ਰਯੋਗ ਕਰਦੇ ਰਹੋ ਅਤੇ ਭੂਮਿਕਾਵਾਂ ਬਦਲਦੇ ਰਹੋ।’’
ਪੰਕਜ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਫਲਤਾ ਨੂੰ ਬਣਾਈ ਰੱਖਣਾ ਚੁਣੌਤੀਪੂਰਨ ਹੈ, ਖ਼ਾਸ ਤੌਰ ’ਤੇ ਪ੍ਰਦਰਸ਼ਨ ਕਲਾ ਵਰਗੇ ਮੁਕਾਬਲੇ ਵਾਲੇ ਉਦਯੋਗ ਵਿੱਚ। ‘‘ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੌਣ ਵਧੀਆ ਪ੍ਰਦਰਸ਼ਨ ਕਰਦਾ ਹੈ ਅਤੇ ਉਸ ਕੋਲ ਕਹਾਣੀ ਕਿਹੋ ਜਿਹੀ ਹੈ ਕਿਉਂਕਿ ਉਹ ਦਰਸ਼ਕਾਂ ਨੂੰ ਉਸ ਨਾਲ ਹੀ ਆਕਰਸ਼ਿਤ ਕਰਨਗੇ। ਮੇਰੇ ਲਈ, ਸਫਲਤਾ ਸਿਰਫ਼ ਇੱਕ ਮੰਜ਼ਿਲ ਨਹੀਂ ਹੈ, ਸਗੋਂ ਇੱਕ ਨਿਰੰਤਰ ਸਫ਼ਰ ਹੈ। ਹਰ ਰੋਜ਼ ਸੁਧਾਰ ਕਰਨ ਦੀ ਕੋਸ਼ਿਸ਼ ਕਰਨਾ ਅਤੇ ਗ਼ਲਤੀਆਂ ਤੋਂ ਸਿੱਖਣਾ ਮੇਰੀ ਪ੍ਰੇਰਨਾ ਹੈ।’’

ਨਕਾਰਾਤਮਕ ਕਿਰਦਾਰ ਨਿਭਾ ਕੇ ਖ਼ੁਸ਼ ਹੈ ਮਨਮੋਹਨ

ਮਨਮੋਹਨ ਤਿਵਾਰੀ

‘ਕੁਮਕੁਮ ਭਾਗਿਆ’, ‘ਮਨ ਕੀ ਆਵਾਜ਼ ਪ੍ਰਤਿੱਗਿਆ’, ‘ਹਮ ਹੈ ਨਾ’, ‘ਜੈ ਭਾਰਤੀ’ ਅਤੇ ‘ਗੁੜੀਆ ਹਮਾਰੀ ਸਭੀ ਪੇ ਭਾਰੀ’ ਸ਼ੋਅ’ਜ਼ ਰਾਹੀਂ ਮਸ਼ਹੂਰ ਹੋਇਆ ਅਦਾਕਾਰ ਮਨਮੋਹਨ ਤਿਵਾਰੀ ਇਸ ਸਮੇਂ ਕਲਰਜ਼ ਚੈਨਲ ਦੇ ਸ਼ੋਅ ‘ਮਿਸ਼ਰੀ’ ਵਿੱਚ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਆਪਣਾ ਭਾਰ ਵਧਾਇਆ ਹੈ। ਇੰਨਾ ਹੀ ਨਹੀਂ, ਪਰਦੇ ’ਤੇ ਖ਼ੁਦ ਨੂੰ ਬੁੱਢਾ ਦਿਖਾਉਣ ਲਈ ਉਸ ਨੇ ਆਪਣੇ ਵਾਲਾਂ ਨੂੰ ਵੀ ਰੰਗਿਆ ਹੈ।
ਉਸ ਨੇ ਕਿਹਾ, ‘‘ਇਸ ਸ਼ੋਅ ਵਿੱਚ ਨੈਗੇਟਿਵ ਲੀਡ ਦੀ ਤਿਆਰੀ ਕਰਨ ਲਈ, ਮੈਂ ਆਪਣੇ ਆਪ ਨੂੰ ਵੱਡਾ ਦਿਖਣ ਅਤੇ ਕਿਰਦਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੋਜ਼ਾਨਾ ਆਪਣੇ ਵਾਲਾਂ ਨੂੰ ਰੰਗਦਾ ਹਾਂ ਅਤੇ ਮੈਂ ਆਪਣੇ ਪੇਟ ਦੀ ਚਰਬੀ ਵੀ ਵਧਾਈ ਹੈ। ਮੇਰੇ ਵੱਲੋਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਹੈ ਕਿ ਇਹ ਪਾਤਰ ਵੱਖਰਾ ਲੱਗੇ ਅਤੇ ਪੂਰੀ ਤਰ੍ਹਾਂ ਜੀਵੰਤ ਹੋਵੇ। ਇਹ ਕਿਰਦਾਰ ਬਿਲਕੁਲ ਉਹੀ ਦਿਖਾਉਂਦਾ ਹੈ ਜਿਸ ਦੀ ਜ਼ਰੂਰਤ ਹੈ। ਇਹ ਦਰਸ਼ਕਾਂ ’ਤੇ ਮਜ਼ਬੂਤ ਪ੍ਰਭਾਵ ਛੱਡਦਾ ਹੈ।’’
ਮਨਮੋਹਨ ਨੇ ਪਰਦੇ ’ਤੇ ਜ਼ਿਆਦਾਤਰ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ ਹਨ; ਹਾਲਾਂਕਿ, ਉਸ ਨੇ ਦੱਸਿਆ ਕਿ ਉਸ ਨੇ ‘ਗੁੜੀਆ ਹਮਾਰੀ ਸਭੀ ਪੇ ਭਾਰੀ’, ‘ਹਮ ਹੈ ਨਾ’ ਅਤੇ ‘ਜੈ ਭਾਰਤੀ’ ਵਰਗੇ ਸ਼ੋਅ ਵਿੱਚ ਵੀ ਸਕਾਰਾਤਮਕ ਭੂਮਿਕਾਵਾਂ ਨਿਭਾਈਆਂ ਹਨ। ਉਸ ਨੇ ਕਿਹਾ, “ਮੈਂ ਕੁਮਕੁਮ ਭਾਗਿਆ’ ਅਤੇ ‘ਮਨ ਕੀ ਆਵਾਜ਼ ਪ੍ਰਤਿੱਗਿਆ’ ਵਿੱਚ ਨਕਾਰਾਤਮਕ ਕਿਰਦਾਰ ਨਿਭਾਏ ਹਨ। ਮੇਰਾ ਇੱਕ ਹੋਰ ਸ਼ੋਅ ‘ਦੰਗਲ’ ਵੀ ਆ ਰਿਹਾ ਹੈ, ਜਿਸ ਵਿੱਚ ਮੈਂ ਨਕਾਰਾਤਮਕ ਭੂਮਿਕਾ ਨਿਭਾਵਾਂਗਾ। ਮੈਨੂੰ ਨਕਾਰਾਤਮਕ ਕਿਰਦਾਰ ਨਿਭਾਉਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ।”

Advertisement
Author Image

joginder kumar

View all posts

Advertisement