ਛੋਟਾ ਪਰਦਾ
ਧਰਮਪਾਲ
ਸ਼ਾਨਦਾਰ ਕਹਾਣੀ ਦਾ ਹਿੱਸਾ ਬਣਨ ’ਤੇ ਉਤਸ਼ਾਹਿਤ ਕਿੰਮੀ ਕੌਰ
ਸੋਨੀ ਲਿਵ ਦੇ ਸ਼ੋਅ ਤੇ ਪ੍ਰਤੀਕ ਸ਼ਰਮਾ ਅਤੇ ਪਾਰਥ ਸ਼ਾਹ ਦੀ ਪੇਸ਼ਕਸ਼ ‘ਪੁਕਾਰ-ਦਿਲ ਸੇ ਦਿਲ ਤੱਕ’ ਵਿੱਚ ਕੰਮ ਕਰਕੇ ਅਭਿਨੇਤਰੀ ਕਿੰਮੀ ਕੌਰ ਬਹੁਤ ਖ਼ੁਸ਼ ਹੈ। ਸੁਭਦਰਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਕਿੰਮੀ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇਹ ਕਹਾਣੀ ਬਹੁਤ ਪਸੰਦ ਆਈ ਕਿਉਂਕਿ ਉਸ ਦੇ ਕਿਰਦਾਰ ਦੀਆਂ ਕਈ ਪਰਤਾਂ ਹਨ।
ਉਹ ਕਹਿੰਦੀ ਹੈ, ‘‘ਮੈਂ ਅਜਿਹੀ ਕਹਾਣੀ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇੱਕ ਮਾਂ ਅਤੇ ਉਸ ਦੀਆਂ ਦੋ ਧੀਆਂ ਦੀ ਕਹਾਣੀ ਹੈ। ਇੱਕ ਮਾਂ ਜਿਸ ਨੇ ਆਪਣੀਆਂ ਦੋਵੇਂ ਧੀਆਂ ਨੂੰ ਗੁਆ ਦਿੱਤਾ ਹੈ ਪਰ ਹੁਣ ਵੀ ਉਸ ਨੂੰ ਆਪਣੀਆਂ ਧੀਆਂ ਦੇ ਇੱਕ ਦਿਨ ਮਿਲਣ ਦੀ ਉਮੀਦ ਹੈ।’’
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ, ‘‘ਮੈਂ ਅਭਿਸ਼ੇਕ ਨਿਗਮ ਦੀ ਮਾਂ ਸੁਭਦਰਾ ਦਾ ਕਿਰਦਾਰ ਨਿਭਾ ਰਹੀ ਹਾਂ। ਉਸ ਦਾ ਪਤੀ ਸਖ਼ਤ ਸੁਭਾਅ ਦਾ ਮਾਲਕ ਹੈ। ਉਸ ਦੇ ਪਰਿਵਾਰ ਦੇ ਬਹੁਤ ਸਾਰੇ ਰਾਜ਼ ਹਨ। ਇਹ ਸ਼ੋਅ ਰਾਜਸਥਾਨ ਦੇ ਸੱਭਿਆਚਾਰ ਨੂੰ ਵੀ ਖ਼ੂਬਸੂਰਤੀ ਨਾਲ ਦਰਸਾਉਂਦਾ ਹੈ। ਸੁਭਦਰਾ ਆਪਣੇ ਪਤੀ ਦੇ ਹਰ ਗ਼ਲਤ ਫ਼ੈਸਲੇ ਨੂੰ ਬਰਦਾਸ਼ਤ ਕਰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਉਸ ਦੀ ਕਿਸਮਤ ਹੈ, ਪਰ ਉਹ ਆਪਣੇ ਪਤੀ ਅਤੇ ਬੇਟੇ ਵਿਚਕਾਰ ਚੀਜ਼ਾਂ ਨੂੰ ਠੀਕ ਕਰਨਾ ਚਾਹੁੰਦੀ ਹੈ।’’
ਪ੍ਰਤੀਕ ਸ਼ਰਮਾ ਅਤੇ ਪਾਰਥ ਸ਼ਾਹ ਬਾਰੇ ਕਿੰਮੀ ਕੌਰ ਨੇ ਕਿਹਾ, ‘‘ਪ੍ਰਤੀਕ ਸ਼ਰਮਾ ਅਤੇ ਪਾਰਥ ਸ਼ਾਹ ਨਾਲ ਕੰਮ ਕਰਨਾ ਇੰਨਾ ਖ਼ੂਬਸੂਰਤ ਅਨੁਭਵ ਰਿਹਾ ਹੈ ਕਿ ਮੈਂ ਇਸ ਖ਼ੂਬਸੂਰਤ ਕਿਰਦਾਰ ਨੂੰ ਨਿਭਾਉਣ ਲਈ ਚੁਣੇ ਜਾਣ ’ਤੇ ਖ਼ੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਂ ਭਵਿੱਖ ਵਿੱਚ ਵੀ ਉਨ੍ਹਾਂ ਨਾਲ ਜੁੜੇ ਰਹਿਣਾ ਚਾਹੁੰਦੀ ਹਾਂ।’’
ਮੁੱਖ ਭੂਮਿਕਾ ਵਿੱਚ ਸੰਜੇ ਨਾਰਵੇਕਰ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਆਗਾਮੀ ਕਲਪਨਾ ਆਧਾਰਿਤ ਸ਼ੋਅ ‘ਜੁਬਲੀ ਟਾਕੀਜ਼- ਸ਼ੁਹਰਤ, ਸ਼ਿੱਦਤ, ਮੁਹੱਬਤ’ 24 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ਇਹ ਇੱਕ ਦਿਲਚਸਪ ਪ੍ਰੇਮ ਕਹਾਣੀ ਹੈ। ਇਹ ਸ਼ੋਅ ਇੱਕ ਮਸ਼ਹੂਰ ਸੁਪਰਸਟਾਰ ਅਯਾਨ ਗਰੋਵਰ (ਅਭਿਸ਼ੇਕ ਬਜਾਜ) ਅਤੇ ਇੱਕ ਛੋਟੇ ਸ਼ਹਿਰ ਦੀ ਥੀਏਟਰ ਮਾਲਕ ਸ਼ਿਵਾਂਗੀ ਸਾਵੰਤ (ਖੁਸ਼ੀ ਦੂਬੇ) ਦੇ ਜੀਵਨ ’ਤੇ ਆਧਾਰਿਤ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਇਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋ ਸਕਦੀ ਹੈ।
ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਬਹੁਮੁਖੀ ਅਦਾਕਾਰ ਸੰਜੇ ਨਾਰਵੇਕਰ ਵੀ ਸ਼ਾਮਲ ਹੋ ਗਿਆ ਹੈ। ਉਸ ਨੇ ਮਰਾਠੀ ਅਤੇ ਹਿੰਦੀ ਮਨੋਰੰਜਨ ਉਦਯੋਗ ਵਿੱਚ ਵਧੀਆ ਕਰੀਅਰ ਬਣਾਇਆ ਹੈ। ਇਸ ਸ਼ੋਅ ਵਿੱਚ ਸੰਜੇ ਮੁਕੇਸ਼ ਜਾਧਵ ਦਾ ਨਕਾਰਾਤਮਕ ਕਿਰਦਾਰ ਨਿਭਾਏਗਾ। ਉਹ ਇੱਕ ਚਾਲਾਕ ਅਤੇ ਅਣਥੱਕ ਠੇਕੇਦਾਰ ਹੈ ਜਿਸ ਦੀ ਇੱਕੋ ਇੱਕ ਇੱਛਾ ‘ਸੰਗਮ ਸਿਨੇਮਾ’ ’ਤੇ ਕਬਜ਼ਾ ਕਰਨਾ ਹੈ, ਜੋ ਸ਼ਿਵਾਂਗੀ ਨੂੰ ਪਿਤਾ ਵੱਲੋਂ ਵਿਰਾਸਤ ਵਿੱਚ ਮਿਲਿਆ ਹੈ।
ਸੰਜੇ ਨਾਰਵੇਕਰ ਸ਼ੋਅ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹੈ। ਉਹ ਕਹਿੰਦਾ ਹੈ, “ਮੁਕੇਸ਼ ਜਾਧਵ ਦਾ ਕਿਰਦਾਰ ਨਿਭਾਉਣਾ ਇੱਕ ਦਿਲਚਸਪ ਚੁਣੌਤੀ ਹੈ; ਉਸ ਵਿੱਚ ਬਹੁਤ ਗਹਿਰਾਈ ਹੈ। ਉਸ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪੱਖ ਹਨ ਜਿਨ੍ਹਾਂ ਨੂੰ ਉਜਾਗਰ ਕਰਨ ਲਈ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਸ਼ਿਵਾਂਗੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਹੋਵਾਂਗਾ, ਜੋ ਸੰਗਮ ਸਿਨੇਮਾ ਦੀ ਸ਼ਾਨ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ। ਦੂਜੇ ਪਾਸੇ ਮੈਂ ਇਸ ਨੂੰ ਹਥਿਆਉਣਾ ਚਾਹੁੰਦਾ ਹਾਂ। ਇੱਕ ਅਦਾਕਾਰ ਦੇ ਰੂਪ ਵਿੱਚ, ਮੈਂ ਨਕਾਰਾਤਮਕ ਕਿਰਦਾਰ ਨੂੰ ਨਿਭਾਉਣ ਦੀ ਚੁਣੌਤੀ ਦਾ ਆਨੰਦ ਲੈ ਰਿਹਾ ਹਾਂ ਕਿਉਂਕਿ ਇਹ ਮੈਨੂੰ ਮਨੁੱਖੀ ਸੁਭਾਅ ਦੇ ਗੁੰਝਲਦਾਰ ਪਹਿਲੂਆਂ ਵਿੱਚ ਜਾਣ ਦੀ ਇਜਾਜ਼ਤ ਦਿੰਦਾ ਹੈ। ਮੈਂ ਇਹ ਦੇਖਣ ਲਈ ਉਤਸੁਕ ਹਾਂ ਕਿ ਦਰਸ਼ਕ ਇਸ ਸ਼ੋਅ ਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ।’’
ਨਵਾਂ ਸਿੱਖਣ ਦੀ ਚਾਹਵਾਨ ਸ਼ਿਵਾਨੀ
ਡਿਜ਼ਨੀ ਹੌਟਸਟਾਰ ਦੇ ਸ਼ੋਅ ‘ਮਾਟੀ ਸੇ ਬਾਂਧੀ ਡੋਰ’ ਵਿੱਚ ਨਜ਼ਰ ਆ ਰਹੀ ਸ਼ਿਵਾਨੀ ਚੱਕਰਵਰਤੀ ਦਾ ਕਹਿਣਾ ਹੈ ਕਿ ਉਹ ਨਵੀਆਂ ਚੀਜ਼ਾਂ ਸਿੱਖਣ ਅਤੇ ਅਪਣਾਉਣ ਤੋਂ ਨਹੀਂ ਡਰਦੀ, ਖ਼ਾਸ ਕਰਕੇ ਅਦਾਕਾਰੀ ਦੇ ਪੇਸ਼ੇ ਵਿੱਚ। ਉਸ ਨੇ ਕਿਹਾ, ‘‘ਮੈਂ ਇੱਕ ਸਿਖਿਆਰਥੀ ਹਾਂ ਅਤੇ ਕਦੇ ਵੀ ਨਵੀਆਂ ਚੀਜ਼ਾਂ ਸਿੱਖਣ ਤੋਂ ਨਹੀਂ ਝਿਜਕਦੀ। ਮੈਂ ਹਰ ਸੈੱਟ ’ਤੇ ਕੁਝ ਨਾ ਕੁਝ ਸਿੱਖਦੀ ਹਾਂ ਕਿਉਂਕਿ ਹਰ ਕਿਰਦਾਰ ਦੀ ਆਪਣੀ ਕਹਾਣੀ ਹੁੰਦੀ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਮੈਂ ਇਸ ਗੱਲ ’ਤੇ ਬਹੁਤ ਖੋਜ ਕੀਤੀ ਹੈ ਕਿ ਅਦਾਕਾਰ ਕਿਵੇਂ ਕੰਮ ਕਰਦੇ ਹਨ। ਕਿਸੇ ਵੀ ਦ੍ਰਿਸ਼ ਨੂੰ ਫਿਲਮਾਉਣ ਤੋਂ ਪਹਿਲਾਂ, ਮੈਂ ਅਤੇ ਮੇਰੇ ਸਹਿ-ਅਦਾਕਾਰ ਦ੍ਰਿਸ਼ ’ਤੇ ਚਰਚਾ ਕਰਦੇ ਹਾਂ। ਅਸੀਂ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਦੇ ਸਮੇਂ ਉਸਾਰੂ ਗੱਲਬਾਤ ਵੀ ਕਰਦੇ ਹਾਂ। ਸਿੱਖਣ ਅਤੇ ਸਬਕ ਲੈਣ ਲਈ ਸਾਰਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜੀ ਗੱਲ ਹੈ ਕਿ ਮੇਰੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਬਲਕਿ ਮੇਰਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ।’’
ਸ਼ਿਵਾਨੀ ਨੇ ਕਦੇ ਅਦਾਕਾਰ ਬਣਨ ਬਾਰੇ ਨਹੀਂ ਸੋਚਿਆ ਸੀ, ਪਰ ਕਿਸਮਤ ਵਿੱਚ ਕੁਝ ਹੋਰ ਹੀ ਸੀ। ਉਸ ਨੇ ਕਿਹਾ, ‘‘ਮੈਂ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਸੀ ਅਤੇ ਇੱਕ ਡਾਂਸ ਅਕੈਡਮੀ ਚਲਾਉਣਾ ਚਾਹੁੰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਆਡੀਸ਼ਨ ਤੋਂ ਬਾਅਦ ਮੇਰੀ ਪੂਰੀ ਦੁਨੀਆ ਕਿਵੇਂ ਬਦਲ ਗਈ। ਮੈਂ ਫੈਸ਼ਨ ਦੀ ਦੁਨੀਆ ਤੋਂ ਕੋਰੀਓਗ੍ਰਾਫੀ ਵੱਲ ਚਲੀ ਗਈ ਅਤੇ ਫਿਰ ਅਦਾਕਾਰੀ ਵਿੱਚ। ਇਹ ਕਿਸਮਤ ਹੈ, ਮੈਂ ਆਪਣੇ ਆਪ ਨੂੰ ਕੈਮਰੇ ਦੇ ਸਾਹਮਣੇ ਪਾਇਆ ਅਤੇ ਮੈਨੂੰ ਨਹੀਂ ਪਤਾ ਕਿ ਮੈਂ ਇੱਕ ਅਭਿਨੇਤਰੀ ਕਿਵੇਂ ਬਣ ਗਈ। ਹਾਲਾਂਕਿ, ਮੈਨੂੰ ਇੱਕ ਗੱਲ ਦਾ ਅਫ਼ਸੋਸ ਹੈ ਕਿ ਕਾਸ਼! ਮੈਂ ਪਹਿਲਾਂ ਸ਼ੁਰੂਆਤ ਕੀਤੀ ਹੁੰਦੀ, ਆਡੀਸ਼ਨ ਲਈ ਜਲਦੀ ਮੁੰਬਈ ਆ ਜਾਂਦੀ।’’
ਸ਼ਿਵਾਨੀ ਦੱਸਦੀ ਹੈ ਕਿ ਐਕਟਿੰਗ ਦਾ ਕਿੱਤਾ ਓਨਾ ਆਸਾਨ ਨਹੀਂ ਹੈ ਜਿੰਨਾ ਇਹ ਬਾਹਰੋਂ ਲੱਗਦਾ ਹੈ। “ਲੋਕ ਸੋਚਦੇ ਹਨ ਕਿ ਅਸੀਂ ਸਿਰਫ਼ ਮੇਕਅੱਪ ਕਰਦੇ ਹਾਂ, ਘੁੰਮਦੇ ਹਾਂ ਅਤੇ ਮੌਜ-ਮਸਤੀ ਕਰਦੇ ਹਾਂ। ਹਾਲਾਂਕਿ, ਇਸ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਸ਼ਾਮਲ ਹਨ ਅਤੇ ਭਾਰੀ ਮੇਕਅੱਪ ਵਿੱਚ ਰਹਿਣਾ ਆਸਾਨ ਨਹੀਂ ਹੈ। ਅਦਾਕਾਰਾਂ ਨੂੰ ਵੀ ਅੰਦਰੂਨੀ ਕਲੇਸ਼ਾਂ ਨਾਲ ਨਜਿੱਠਣਾ ਪੈਂਦਾ ਹੈ ਅਤੇ ਆਪਣੇ ਸ਼ਹਿਰ ਛੱਡਣੇ ਪੈਂਦੇ ਹਨ। ਅਦਾਕਾਰੀ ਕੋਈ ਆਸਾਨ ਕੰਮ ਨਹੀਂ ਹੈ; ਤੁਹਾਨੂੰ ਦਿਨ ਰਾਤ ਕੰਮ ਕਰਨਾ ਪੈਂਦਾ ਹੈ, ਉਸੇ ਕੰਮ ਨੂੰ ਬਾਰ ਬਾਰ ਦੁਹਰਾਉਣਾ ਪੈਂਦਾ ਹੈ। ਲੋਕ ਸੋਚਦੇ ਹਨ ਕਿ ਅਦਾਕਾਰ ਸਿਰਫ਼ ਅਦਾਕਾਰੀ ਕਰਦੇ ਹਨ, ਪਰ ਉਨ੍ਹਾਂ ਨੂੰ ‘ਕੱਟ’, ‘ਐਕਸ਼ਨ’ ਅਤੇ ਸਾਡੀ ਨਿੱਜੀ ਜ਼ਿੰਦਗੀ, ਭਾਵਨਾਵਾਂ ਅਤੇ ਸਾਡੇ ਪਰਿਵਾਰਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਅਸੀਂ 24 ਘੰਟੇ ਕੰਮ ਨਹੀਂ ਕਰ ਸਕਦੇ; ਸਾਡੀ ਵੀ ਆਪਣੀ ਜ਼ਿੰਦਗੀ ਹੈ ਅਤੇ ਅਸੀਂ ਹਮੇਸ਼ਾ ਉਨ੍ਹਾਂ ਦੇ ਆਲੇ ਦੁਆਲੇ ਨਹੀਂ ਰਹਿ ਸਕਦੇ ਕਿਉਂਕਿ ਸਾਡੀ ਵੀ ਨਿੱਜੀ ਜ਼ਿੰਦਗੀ ਹੈ।’’