For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:30 AM May 18, 2024 IST
ਛੋਟਾ ਪਰਦਾ
ਅਨੁਸ਼ਕਾ ਮਰਚੰਡੇ
Advertisement

ਧਰਮਪਾਲ

Advertisement

ਅਨੁਸ਼ਕਾ ਦਾ ਨਵਾਂ ਅਵਤਾਰ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਡਰਾਮਾ ‘ਪੁਕਾਰ - ਦਿਲ ਸੇ ਦਿਲ ਤੱਕ’ 27 ਮਈ ਤੋਂ ਸ਼ੁਰੂ ਹੋ ਰਿਹਾ ਹੈ। ਜੈਪੁਰ ਦੇ ਪਿਛੋਕੜ ਵਿੱਚ ਸੈੱਟ ਕੀਤਾ ਇਹ ਸ਼ੋਅ ਇੱਕ ਮਾਂ ਅਤੇ ਉਸ ਦੀਆਂ ਦੋ ਧੀਆਂ ਦੇ ਜੀਵਨ ਨੂੰ ਦਿਖਾਉਂਦਾ ਹੈ ਜੋ ਕਿਸੇ ਸਾਜ਼ਿਸ਼ ਕਾਰਨ ਵੱਖ ਹੋ ਜਾਂਦੀਆਂ ਹਨ। ਫਿਰ ਅਣਕਿਆਸੇ ਹਾਲਾਤ ਵਿੱਚ ਸਰਸਵਤੀ, ਵੇਦਿਕਾ ਅਤੇ ਕੋਇਲ ਦੇ ਰਸਤੇ ਮਿਲ ਜਾਂਦੇ ਹਨ।
ਪ੍ਰਤਿਭਾਸ਼ਾਲੀ ਅਦਾਕਾਰਾ ਅਨੁਸ਼ਕਾ ਮਰਚੰਡੇ ਇਸ ਵਿੱਚ ਉਤਸ਼ਾਹੀ ਲੜਕੀ ਕੋਇਲ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਕੋਇਲ ਬਹੁਤ ਉਤਸ਼ਾਹੀ, ਸਾਹਸੀ ਅਤੇ ਜੁਗਾੜੂ ਕੁੜੀ ਹੈ। ਇੱਕ ਦੁਖਦਾਈ ਘਟਨਾ ਦੌਰਾਨ ਆਪਣੀ ਜਨਮਦਾਤੀ ਮਾਂ ਅਤੇ ਭੈਣ ਤੋਂ ਵੱਖ ਹੋਈ ਕੋਇਲ ਆਪਣੇ ਅਤੀਤ ਬਾਰੇ ਕੁਝ ਨਹੀਂ ਜਾਣਦੀ। ਇੱਕ ਠੱਗ ਔਰਤ ਮਯੂਰੀ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਹੈ।
ਅਭਿਨੇਤਰੀ ਅਨੁਸ਼ਕਾ ਮਰਚੰਡੇ ਨੇ ਇਸ ਭੂਮਿਕਾ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, “ਇਹ ਕਹਾਣੀ ਇੱਕ ਪਰਿਵਾਰ ਦੀ ਦਿਲੀ ‘ਪੁਕਾਰ’ ਨੂੰ ਦਰਸਾਉਂਦੀ ਹੈ ਜੋ ਮੁਸ਼ਕਿਲ ਹਾਲਾਤ ਦੇ ਬਾਵਜੂਦ ਇੱਕ ਦੂਜੇ ਨੂੰ ਦੁਬਾਰਾ ਮਿਲਣ ਅਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਮੇਰਾ ਕਿਰਦਾਰ ਕੋਇਲ ਮੇਰੀਆਂ ਪਿਛਲੀਆਂ ਭੂਮਿਕਾਵਾਂ ਨਾਲੋਂ ਬਹੁਤ ਵੱਖਰਾ ਹੈ। ਦਰਸ਼ਕਾਂ ਨੇ ਮੈਨੂੰ ਹਮੇਸ਼ਾ ਖ਼ੁਸ਼ਕਿਸਮਤ ਕੁੜੀ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਹੈ ਪਰ ਕੋਇਲ ਦੇ ਕਿਰਦਾਰ ਨਾਲ ਉਹ ਮੈਨੂੰ ਇੱਕ ਉਤਸ਼ਾਹੀ, ਦਲੇਰ ਅਤੇ ਮਜ਼ਬੂਤ ਇਰਾਦੇ ਵਾਲੀ ਲੜਕੀ ਦੇ ਰੂਪ ਵਿੱਚ ਦੇਖਣਗੇ। ਇਹ ਭੂਮਿਕਾ ਕਾਫ਼ੀ ਚੁਣੌਤੀਪੂਰਨ ਹੋਣ ਵਾਲੀ ਹੈ ਪਰ ਮੈਂ ਇੱਕ ਠੱਗ ਔਰਤ ਦੀ ਭੂਮਿਕਾ ਨਿਭਾਉਣ ਲਈ ਉਤਸੁਕ ਹਾਂ।’’
ਉਹ ਅੱਗੇ ਦੱਸਦੀ ਹੈ, ‘‘ਮੈਂ ਧੋਖਾਧੜੀ ਦੇ ਕੰਮ ਦੀਆਂ ਬਾਰੀਕੀਆਂ ਸਿੱਖਣ ਲਈ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਤੋਂ ਪ੍ਰੇਰਨਾ ਲਈ ਹੈ। ਇੱਥੋਂ ਤੱਕ ਕਿ ਸ਼ੋਅ ਵਿੱਚ ਮੇਰੀ ਦਿੱਖ ਵੀ ਕਾਫ਼ੀ ਵੰਨ-ਸੁਵੰਨੀ ਹੈ ਕਿਉਂਕਿ ਸ਼ੋਅ ਜੈਪੁਰ ’ਤੇ ਆਧਾਰਿਤ ਹੈ। ਇਸ ਲਈ ਦਰਸ਼ਕ ਮੈਨੂੰ ਰਾਜਸਥਾਨੀ ਡਿਜ਼ਾਈਨ ਦੀਆਂ ਪ੍ਰਿੰਟਿਡ ਜੈਕਟਾਂ, ਫ੍ਰਿਲਸ ਅਤੇ ਭਾਰਤੀ ਗਹਿਣਿਆਂ ਵਰਗੇ ਬਹੁਤ ਸਾਰੇ ਫਿਊਜ਼ਨ ਵੀਅਰ ਵਿੱਚ ਦੇਖਣਗੇ। ਕੋਇਲ ਮੇਰੇ ਨਾਲੋਂ ਬਹੁਤ ਵੱਖਰੀ ਹੈ ਕਿਉਂਕਿ ਮੈਂ ਇੱਕ ਅੰਤਰਮੁਖੀ ਲੜਕੀ ਹਾਂ ਪਰ ਕੋਇਲ ਜ਼ਿੰਦਾਦਿਲ ਅਤੇ ਬਹੁਤ ਜੁਗਾੜੂ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਮੈਨੂੰ ਇਸ ਨਵੇਂ ਅਵਤਾਰ ਵਿੱਚ ਦੇਖ ਕੇ ਆਨੰਦ ਲੈਣਗੇ।”

ਮੁੱਖ ਭੂਮਿਕਾ ਨਿਭਾਏਗੀ ਸੁਸ਼ਮਿਤਾ ਸਿੰਘ

ਸੁਸ਼ਮਿਤਾ ਸਿੰਘ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਪਰਿਵਾਰਕ ਡਰਾਮੇ ‘ਮਹਿੰਦੀ ਵਾਲਾ ਘਰ’ ਨੇ ਅਗਰਵਾਲ ਪਰਿਵਾਰ ਵਿੱਚ ਪਰਿਵਾਰਕ ਰਿਸ਼ਤਿਆਂ ਦੀਆਂ ਪੇਚੀਦਗੀਆਂ ਨੂੰ ਦਰਸਾਉਂਦੀ ਆਪਣੀ ਦਿਲਕਸ਼ ਕਹਾਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਚੱਲ ਰਹੀ ਕਹਾਣੀ ਵਿੱਚ ਮੌਲੀ (ਸ਼ਰੂਤੀ ਆਨੰਦ) ਨੂੰ ਪਤਾ ਲੱਗਦਾ ਹੈ ਕਿ ਰਾਹੁਲ (ਸ਼ਹਿਜ਼ਾਦ ਸ਼ੇਖ) ਦੀ ਲੰਡਨ ਵਿੱਚ ਇੱਕ ਪ੍ਰੇਮਿਕਾ ਹੈ। ਦੂਜੇ ਪਾਸੇ ਮਨੋਜ (ਕਰਨ ਮਹਿਰਾ) ਅਤੇ ਮੌਲੀ ਸੁਪ੍ਰਭਾ ਨੂੰ ਕਰਨ (ਪੁਨੀਤ ਤੇਜਵਾਨੀ) ਅਤੇ ਮਨੀਸ਼ਾ (ਆਸਥਾ ਚੌਧਰੀ) ਦੇ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਇਸ ਲਈ ਸੁਪ੍ਰਭਾ ਅਸਹਿਮਤ ਹੁੰਦੀ ਹੈ ਤਾਂ ਮੌਲੀ ਆਪਣੇ ਪਰਿਵਾਰ ਨੂੰ ਕ੍ਰਿਕਟ ਮੈਚ ਕਰਨ ਦੀ ਚੁਣੌਤੀ ਦਿੰਦੀ ਹੈ, ਇਸ ਸ਼ਰਤ ਨਾਲ ਕਿ ਜੇਕਰ ਅਗਰਵਾਲ ਪਰਿਵਾਰ ਜਿੱਤਦਾ ਹੈ, ਤਾਂ ਸੁਪ੍ਰਭਾ ਆਪਣੀ ਮਰਜ਼ੀ ਨਾਲ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੋਵੇਗੀ।
ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ ਤਾਂ ਜਦੋਂ ਪੂਰਾ ਅਗਰਵਾਲ ਪਰਿਵਾਰ ਕ੍ਰਿਕਟ ਮੈਚ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ ਤਾਂ ਰਾਹੁਲ ਦੀ ਪ੍ਰੇਮਿਕਾ ਰਤੀ ਆਪਣੀ ਮੌਜੂਦਗੀ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ। ਜਿੱਥੇ ਮੌਲੀ ਵਿਆਹ ਦੇ ਸਾਰੇ ਡਰਾਮੇ ਅਤੇ ਕ੍ਰਿਕਟ ਮੈਚ ਵਿਚਕਾਰ ਆਪਣਾ ਦਰਦ ਲੁਕਾਉਣ ਦੀ ਕੋਸ਼ਿਸ਼ ਕਰੇਗੀ ਤਾਂ ਰਤੀ, ਮੌਲੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਉਹ ਰਾਹੁਲ ਅਤੇ ਉਸ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਲਈ ਮੌਲੀ ਦੇ ਚੰਗੇ ਗੁਣਾਂ ਨੂੰ ਅਪਣਾਉਣਾ ਚਾਹੁੰਦੀ ਹੈ।
ਸੁਸ਼ਮਿਤਾ ਸਿੰਘ ਰਾਹੁਲ ਦੀ ਪ੍ਰੇਮਿਕਾ ਰਤੀ ਦਾ ਕਿਰਦਾਰ ਨਿਭਾਏਗੀ, ਜਿਸ ਦੇ ਆਉਣ ਨਾਲ ਸ਼ੋਅ ’ਚ ਮਨੋਰੰਜਨ ਦਾ ਪੱਧਰ ਵਧੇਗਾ। ਆਪਣੇ ਕਿਰਦਾਰ ’ਤੇ ਚਾਨਣਾ ਪਾਉਂਦੇ ਹੋਏ ਸੁਸ਼ਮਿਤਾ ਨੇ ਕਿਹਾ, ‘‘ਸ਼ੋਅ ਬਹੁਤ ਖ਼ੂਬਸੂਰਤੀ ਨਾਲ ਪਰਿਵਾਰਕ ਕਦਰਾਂ-ਕੀਮਤਾਂ, ਪਿਆਰ ਅਤੇ ਰਿਸ਼ਤਿਆਂ ਦੀ ਅਹਿਮੀਅਤ ’ਤੇ ਧਿਆਨ ਕੇਂਦਰਿਤ ਕਰਦਾ ਹੈ। ਰਤੀ ਦੀ ਭੂਮਿਕਾ ਨਿਭਾਉਣਾ ਰੁਮਾਂਚਕ ਅਤੇ ਚੁਣੌਤੀਪੂਰਨ ਹੈ ਕਿਉਂਕਿ ਰਤੀ ਇੱਕ ਉਤਸ਼ਾਹੀ ਅਤੇ ਕ੍ਰਿਸ਼ਮਈ ਕੁੜੀ ਹੈ ਜੋ ਲੰਡਨ ਵਿੱਚ ਵੱਡੀ ਹੋਣ ਦੇ ਬਾਵਜੂਦ, ਭਾਰਤੀ ਸੱਭਿਆਚਾਰ ਨਾਲ ਗਹਿਰੇ ਢੰਗ ਨਾਲ ਜੁੜੀ ਹੋਈ ਹੈ। ਰਤੀ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੀ ਹੈ। ਉਹ ਰਾਹੁਲ ਨੂੰ ਬਹੁਤ ਪਸੰਦ ਕਰਦੀ ਹੈ ਅਤੇ ਉਸ ਨੂੰ ਪਿਆਰ ਕਰਦੀ ਹੈ ਜੋ ਕਿ ਉਸ ਦਾ ਬਚਪਨ ਦਾ ਦੋਸਤ ਹੈ। ਪਰ ‘ਮਹਿੰਦੀ ਵਾਲਾ ਘਰ’ ਆਉਣ ਤੋਂ ਬਾਅਦ ਰਤੀ ਨੂੰ ਇਹ ਅਹਿਸਾਸ ਹੋਵੇਗਾ ਕਿ ਰਾਹੁਲ, ਮੌਲੀ ਪ੍ਰਤੀ ਝੁਕਾਅ ਰੱਖਦਾ ਹੈ। ਇਸ ਲਈ ਉਹ ਵਾਰ-ਵਾਰ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕਰੇਗੀ, ਜਿਸ ਨਾਲ ਮੌਲੀ ਅਤੇ ਰਾਹੁਲ ਦੇ ਰਿਸ਼ਤੇ ਵਿੱਚ ਤਰੇੜ ਆਵੇਗੀ।’’

ਕ੍ਰਿਸ਼ਨਾ ਤੇ ਆਸਿਮ ਐਕਸ਼ਨ ਲਈ ਤਿਆਰ

ਅਸੀਮ ਰਿਆਜ਼

ਸਟੰਟ-ਆਧਾਰਿਤ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਆਪਣੇ 14ਵੇਂ ਸੀਜ਼ਨ ਨਾਲ ਵਾਪਸੀ ਕਰਨ ਲਈ ਤਿਆਰ ਹੈ ਜੋ ਓਟੀਟੀ ਪਲੈਟਫਾਰਮ ‘ਵੂਟ’ ’ਤੇ ਉਪਲੱਬਧ ਹੋਵੇਗਾ। ਇਹ ਦਿਲਕਸ਼ ਸਟੰਟਾਂ ਅਤੇ ਬਹਾਦਰੀ ਨਾਲ ਭਰਪੂਰ ਸ਼ੋਅ ਹੈ। ਇਸ ਸੀਜ਼ਨ ਵਿੱਚ ਫਿਟਨੈੱਸ ਅਤੇ ਮਨੋਰੰਜਨ ਦੀ ਦੁਨੀਆ ਦਾ ਉੱਘਾ ਨਾਂ ਕ੍ਰਿਸ਼ਨਾ ਸ਼ਰਾਫ ਇੱਕ ਪ੍ਰਤੀਯੋਗੀ ਦੇ ਤੌਰ ’ਤੇ ਸ਼ਾਮਲ ਹੋਈ ਹੈ।

ਕ੍ਰਿਸ਼ਨਾ ਸ਼ਰਾਫ

ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੀ ਧੀ ਅਤੇ ਐਕਸ਼ਨ ਸਟਾਰ ਟਾਈਗਰ ਸ਼ਰਾਫ ਦੀ ਭੈਣ, ਕ੍ਰਿਸ਼ਨਾ ਨਾ ਸਿਰਫ਼ ਸ਼ੋਅ ਵਿੱਚ ਆਪਣਾ ਬ੍ਰਾਂਡ ਲਿਆਵੇਗੀ, ਬਲਕਿ ਸ਼ੋਅ ਵਿੱਚ ਪ੍ਰਤਿਭਾ ਦੀ ਵਿਰਾਸਤ ਵੀ ਲਿਆਏਗੀ। ਉਸ ਦਾ ਫਿਟਨੈੱਸ ਦਾ ਪਿਛੋਕੜ ਅਤੇ ਉਸ ਦੇ ਨਿਡਰ ਰਵੱਈਏ ਦੇ ਨਾਲ ਕ੍ਰਿਸ਼ਨਾ ਸ਼ਰਾਫ ਦੀ ਨਵੇਂ ਸੀਜ਼ਨ ਵਿੱਚ ਮਜ਼ਬੂਤ ਪ੍ਰਤੀਯੋਗੀ ਬਣਨ ਦੀ ਉਮੀਦ ਹੈ। ਦੂਜੇ ਪਾਸੇ ਮਸ਼ਹੂਰ ਮਾਡਲ, ਅਦਾਕਾਰ, ਰੈਪਰ ਅਤੇ ਫਿਟਨੈੱਸ ਉਤਸ਼ਾਹੀ ਅਸੀਮ ਰਿਆਜ਼ ਆਪਣੇ ਅਗਲੇ ਵੱਡੇ ਸਾਹਸ ਲਈ ਤਿਆਰ ਹੋ ਰਿਹਾ ਹੈ ਕਿਉਂਕਿ ਉਹ ਇਸ ਸੀਜ਼ਨ ਵਿੱਚ ਸ਼ਾਮਲ ਹੋਵੇਗਾ। ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਆਸਿਮ ਨੇ ‘ਬਿੱਗ ਬੌਸ 13’ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਉਹ ਸ਼ੋਅ ਦਾ ਉਪ ਜੇਤੂ ਬਣਿਆ ਸੀ। ਉਸ ਨੂੰ ਆਪਣੇ ਤਰਾਸ਼ੇ ਹੋਏ ਸਰੀਰ ਲਈ ਜਾਣਿਆ ਜਾਂਦਾ ਹੈ। ‘ਖਤਰੋਂ ਕੇ ਖਿਲਾੜੀ’ ਲਈ ਉਹ ਰੌਂਗਟੇ ਖੜ੍ਹੇ ਕਰਨ ਵਾਲੇ ਡਰ ਦੇ ਸਾਹਮਣੇ ਆਪਣਾ ਹੈਰਾਨੀਜਨਕ ਮਾਨਸਿਕ ਅਤੇ ਸਰੀਰਕ ਦਬਦਬਾ ਦਿਖਾਉਣ ਲਈ ਤਿਆਰ ਹੈ।

Advertisement
Author Image

joginder kumar

View all posts

Advertisement
Advertisement
×