ਛੋਟਾ ਪਰਦਾ
ਧਰਮਪਾਲ
ਆਨੰਦ ਮਾਣ ਰਹੀ ਰੋਮਾ ਨਵਾਨੀ
ਰੋਮਾ ਨਵਾਨੀ ਇਸ ਸਮੇਂ ਪ੍ਰਤੀਕ ਸ਼ਰਮਾ ਦੇ ਸ਼ੋਅ ‘ਪਿਆਰ ਕਾ ਪਹਿਲਾ ਨਾਮ ਰਾਧਾ ਮੋਹਨ’ ਵਿੱਚ ਨਜ਼ਰ ਆ ਰਹੀ ਹੈ ਜੋ ਜ਼ੀ ਟੀਵੀ ’ਤੇ ਪ੍ਰਸਾਰਿਤ ਹੋ ਰਿਹਾ ਹੈ। ਉਸ ਨੇ ਕਿਹਾ, “ਹਰ ਨਵਾਂ ਸ਼ੋਅ ਹਰ ਆਉਣ ਵਾਲੇ ਦਿਨ ਨੂੰ ਖੋਜਣ ਲਈ ਇੱਕ ਨਵਾਂ ਸਾਹਸ ਹੁੰਦਾ ਹੈ। ਵੱਖ-ਵੱਖ ਸਟੂਡੀਓ ਅਤੇ ਵੱਖ-ਵੱਖ ਸਥਾਨਾਂ ’ਤੇ ਸ਼ੂਟਿੰਗ ਦੇ ਇੰਨੇ ਸਾਲਾਂ ਬਾਅਦ, ਵੱਖ-ਵੱਖ ਲੋਕਾਂ ਨੂੰ ਮਿਲਣ ਤੋਂ ਬਾਅਦ, ਮੈਂ ਹੁਣ ਸ਼ੂਟਿੰਗ ਦੇ ਹਰ ਦਿਨ, ਹਰ ਪਲ ਨੂੰ ਪਿਆਰ ਕਰਦੀ ਹਾਂ ਅਤੇ ਇਸ ਨੂੰ ਮਾਣਦੀ ਹਾਂ। ਮੈਂ ਇਹ ਸਭ ਆਪਣੀਆਂ ਅੱਖਾਂ ਰਾਹੀਂ ਹਾਸਲ ਕਰਨਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਕਦੇ ਨਹੀਂ ਜਾਣਦੇ ਕਿ ਕੱਲ੍ਹ ਕੀ ਹੋਵੇਗਾ।’’
ਉਹ ‘ਹਮ ਪਾਂਚ’, ‘ਕੁਮਕੁਮ ਭਾਗਿਆ’, ‘ਮੇਰੀ ਆਸ਼ਿਕੀ ਤੁਮ ਸੇ ਹੀ’, ‘ਗੁਪਤਾ ਬ੍ਰਦਰਜ਼’ ਅਤੇ ‘ਇਸ਼ਕ ਮੇਂ ਘਾਇਲ’ ਵਰਗੇ ਸ਼ੋਅ ਦਾ ਹਿੱਸਾ ਰਹੀ ਹੈ, ਅਤੇ ਉਸ ਨੇ ਫਾਰੂਕ ਸ਼ੇਖ ਵਰਗੇ ਮਸ਼ਹੂਰ ਅਦਾਕਾਰ ਨਾਲ ਦੁਨੀਆ ਭਰ ਦੇ ਥੀਏਟਰ ਪ੍ਰੋਡਕਸ਼ਨਾਂ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ। ‘ਪਿਆਰ ਕਾ ਪਹਿਲਾ ਨਾਮ ਰਾਧਾ ਮੋਹਨ’ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ, ਉਸ ਨੇ ਕਿਹਾ, “ਇਹ ਕਿਰਦਾਰ ਮੇਰੇ ਪਿਛਲੇ ਕੁਝ ਸ਼ੋਅ’ਜ਼ ਤੋਂ ਬਹੁਤ ਵੱਖਰਾ ਸੀ। ਪੂਨਮ ਦੇ ਰੂਪ ਵਿੱਚ ਮੇਰੇ ਕਿਰਦਾਰ ਵਿੱਚ ਇੱਕ ਮਾਨਸਿਕ ਰੋਗੀ ਪੁੱਤਰ ਹੈ। ਪਿਆਰ ਅਤੇ ਸਮਾਜਿਕ ਬੰਦਸ਼ਾਂ ਨੂੰ ਸੰਤੁਲਿਤ ਕਰਦੇ ਹੋਏ ਉਸ ਨਾਲ ਨਜਿੱਠਣਾ ਮੇਰੇ ਲਈ ਇੱਕ ਚੁਣੌਤੀ ਸੀ। ਇਸ ਭੂਮਿਕਾ ਨੂੰ ਸਵੀਕਾਰ ਕਰਨ ਵਿੱਚ ਇੱਕ ਪੂਰੀ ਚੁਣੌਤੀ ਸਾਹਮਣੇ ਸੀ।’’
ਉਸ ਲਈ ਖ਼ੁਦ ਨੂੰ ਇਸ ਨਵੇਂ ਕਿਰਦਾਰ ਵਿੱਚ ਢਾਲਣਾ ਔਖਾ ਸੀ? ਦੇ ਜਵਾਬ ਵਿੱਚ ਉਹ ਕਹਿੰਦੀ ਹੈ, ‘‘ਅਸਲ ਵਿੱਚ, ਮੈਂ ਇਸ ਦਾ ਬਹੁਤ ਆਨੰਦ ਲੈ ਰਹੀ ਹਾਂ, ਥੀਏਟਰ ਵਿੱਚ ਮੇਰਾ ਲੰਬਾ ਤਜਰਬਾ ਇਸ ਲਈ ਬਹੁਤ ਕੰਮ ਆਇਆ।’’
ਸ਼ੋਅ ਨੇ ਪਿਛਲੇ ਮਹੀਨੇ ਲੀਪ ਲਿਆ ਸੀ ਪਰ ਰੋਮਾ ਨੇ ਦੱਸਿਆ ਕਿ ਉਸ ’ਤੇ ਪ੍ਰਦਰਸ਼ਨ ਕਰਨ ਦਾ ਕੋਈ ਦਬਾਅ ਨਹੀਂ ਹੈ। ਐੱਲਐੱਸਡੀ ਬੈਨਰ ਨਾਲ ਇਹ ਉਸ ਦਾ ਪਹਿਲਾ ਸ਼ੋਅ ਹੈ। ਉਸ ਨੇ ਕਿਹਾ, ‘‘ਟੀਮ ਨਿਸ਼ਚਤ ਤੌਰ ’ਤੇ ਚੰਗੀ ਹੈ। ਮੇਰੀ ‘ਕੁਮਕੁਮ ਭਾਗਿਆ’ ਦੇ ਸਮੇਂ ਤੋਂ ਸ਼ਬੀਰ ਆਹਲੂਵਾਲੀਆ ਨਾਲ ਦੋਸਤੀ ਹੈ। ਅਸੀਂ ਦੋਵਾਂ ਨੇ ‘ਕੁਮਕੁਮ ਭਾਗਿਆ’ ਵਿੱਚ ਇਕੱਠੇ ਕੰਮ ਕੀਤਾ ਸੀ। ਮਨਿਤ (ਜੌਰਾ) ਵੀ ਚੰਗਾ ਦੋਸਤ ਹੈ ਕਿਉਂਕਿ ਮੈਂ ਉਸ ਨਾਲ ਕਈ ਸਾਲ ਪਹਿਲਾਂ ‘ਰਾਮ ਮਿਲਾਏ ਜੋੜੀ’ ਨਾਂ ਦੇ ਸ਼ੋਅ ਵਿੱਚ ਕੰਮ ਕੀਤਾ ਸੀ। ਅੱਜਕੱਲ੍ਹ ਮੇਰਾ ਸ਼ੀਲਾ (ਸ਼ਰਮਾ) ਜੀ ਅਤੇ ਨਿਹਾਰਿਕਾ (ਰਾਏ) ਨਾਲ ਚੰਗਾ ਰਿਸ਼ਤਾ ਹੈ।’’
ਸ਼ੂਟਿੰਗ ਤੋਂ ਬਾਅਦ ਖ਼ੁਦ ਨੂੰ ਆਰਾਮ ਦੇਣ ਬਾਰੇ ਉਹ ਕਹਿੰਦੀ ਹੈ, “ਮੈਂ ਆਪਣੇ ਲੈਬਰਾਡੋਰ ਕੁੱਤੇ ਚਿੰਨੀ ਨਾਲ ਖੇਡਦੀ ਹਾਂ, ਆਪਣੀ 5 ਸਾਲ ਦੀ ਭਤੀਜੀ ਕਿਆਰਾ ਨੂੰ ਮਿਲਦੀ ਹਾਂ, ਜਾਂ ਫਿਰ ਕੋਈ ਫਿਲਮ ਦੇਖਦੀ ਹਾਂ। ਜਿਵੇਂ ਹੀ ਮੈਨੂੰ ਕੁਝ ਦਿਨਾਂ ਲਈ ਛੁੱਟੀ ਮਿਲਦੀ ਹੈ, ਮੈਂ ਦੇਸ਼ ਤੋਂ ਬਾਹਰ ਚਲੀ ਜਾਂਦੀ ਹਾਂ।’’
ਰਾਹੁਲ ਨੇ ਸਾਂਝਾ ਕੀਤਾ ਤਜਰਬਾ
ਰਾਹੁਲ ਕੁਮਾਰ ਤਿਵਾਰੀ ਜਿਸ ਦਾ ਨਵਾਂ ਸ਼ੋਅ ‘ਉਡਨੇ ਕੀ ਆਸ਼ਾ’ ਟੀਵੀ ’ਤੇ ਹਰ ਕਿਸੇ ਤੋਂ ਪ੍ਰਸੰਸਾ ਹਾਸਲ ਕਰ ਰਿਹਾ ਹੈ, ਨੇ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ ਪ੍ਰਾਪਤ ਕੀਤੀ ਪ੍ਰਤੀਕਿਰਿਆ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ।
ਉਸ ਨੇ ਕਿਹਾ, ‘‘ਇਸ ਦੀ ਸ਼ੁਰੂਆਤ ਉਦਯੋਗ ਦੇ ਦੋਸਤਾਂ ਅਤੇ ਆਲੋਚਕਾਂ ਸਮੇਤ ਹਰ ਕਿਸੇ ਦੇ ਸਕਾਰਾਤਮਕ ਹੁੰਗਾਰੇ ਨਾਲ ਹੋਈ ਸੀ। ਹੁਣ 6 ਹਫ਼ਤਿਆਂ ਬਾਅਦ ਦਰਸ਼ਕ ਵੀ ਸ਼ੋਅ ਨੂੰ ਪਿਆਰ ਕਰ ਰਹੇ ਹਨ। ਆਈਪੀਐੱਲ ਦੌਰਾਨ ਵੀ ਇਸ ਦੀ ਰੇਟਿੰਗ ਚੰਗੀ ਅਤੇ ਸਥਿਰ ਹੈ। ਇਹ ਇੱਕ ਵੱਡੀ ਰਾਹਤ ਹੈ। ਹੁਣ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਰੇਟਿੰਗ ਵਿੱਚ ਵਾਧਾ ਹੋਵੇਗਾ।’’ ਉਹ ਇਹ ਵੀ ਕਹਿੰਦਾ ਹੈ, ‘‘ਮੈਨੂੰ ਹੁਣ ਤੱਕ ਮਿਲੀ ਸਭ ਤੋਂ ਵਧੀਆ ਤਾਰੀਫ਼ ਇਹ ਹੈ ਕਿ ਇਹ ਸ਼ੋਅ ਮੱਧ-ਸ਼੍ਰੇਣੀ ਦੇ ਪਰਿਵਾਰਾਂ ਨਾਲ ਸਬੰਧਤ ਅਤੇ ਅਸਲੀ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਵਾਂਗ ਅੱਗੇ ਵਧਦਾ ਹੈ। ਅਸੀਂ ਯਥਾਰਥਵਾਦੀ ਸ਼ੋਅ ਕਰਨੇ ਸ਼ੁਰੂ ਕੀਤੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਹੱਦ ਤੱਕ ਇਸ ਨੂੰ ਹਾਸਲ ਕਰ ਲਿਆ ਹੈ। ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।’’
ਸ਼ੋਅ ਤੋਂ ਆਪਣੀਆਂ ਉਮੀਦਾਂ ਬਾਰੇ ਰਾਹੁਲ ਕਹਿੰਦਾ ਹੈ, “ਸਚਿਨ ਅਤੇ ਸ਼ੈਲੀ ਨੇ ਹਾਲ ਹੀ ਵਿੱਚ ਇਸ ਤਰੀਕੇ ਨਾਲ ਵਿਆਹ ਕੀਤਾ ਹੈ ਜੋ ਉਹ ਨਹੀਂ ਚਾਹੁੰਦੇ ਸਨ, ਇਸ ਲਈ ਮੈਨੂੰ ਲੱਗਦਾ ਹੈ ਕਿ ਦੋ ਲੋਕ ਜਿਨ੍ਹਾਂ ਨੇ ਪਹਿਲਾਂ ਕਦੇ ਵਿਆਹ ਨਹੀਂ ਕੀਤਾ ਸੀ, ਇੱਕ ਛੱਤ ਦੇ ਹੇਠ ਰਹਿਣਾ ਸ਼ੁਰੂ ਕਰ ਦੇਣਗੇ। ਇਹ ਪੂਰੀ ਕਹਾਣੀ ਵਿੱਚ ਇੱਕ ਦਿਲਚਸਪ ਮੋੜ ਹੈ।’’ ਰਾਹੁਲ ਨੇ ਕਿਹਾ ਕਿ ਉਹ ਇੱਕ ਨਿਰਮਾਤਾ ਦੇ ਤੌਰ ’ਤੇ ਸਫ਼ਰ ਦਾ ਆਨੰਦ ਮਾਣ ਰਿਹਾ ਹੈ, ‘‘ਇਹ ਬਹੁਤ ਹੀ ਰੁਮਾਂਚਕ ਸੀ, ਪਰ ਇਹ ਕਾਫ਼ੀ ਹੱਦ ਤੱਕ ਪਹਿਲੇ ਸ਼ੋਅ ਵਾਂਗ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਮੈਂ ਬਣਾਇਆ ਹੈ, ਅਤੇ ਇਸ ਲਈ ਮੈਂ ਪੂਰੀ ਪ੍ਰਕਿਰਿਆ ਦਾ ਆਨੰਦ ਲੈ ਰਿਹਾ ਹਾਂ, ਇਹ ਬਹੁਤ ਵਧੀਆ ਭਾਵਨਾ ਹੈ।’’
ਰਾਹੁਲ ਕੁਮਾਰ ਤਿਵਾੜੀ ਪ੍ਰੋਡਕਸ਼ਨ ਦੇ ਭਵਿੱਖ ਬਾਰੇ ਪੁੱਛੇ ਜਾਣ ’ਤੇ ਉਹ ਕਹਿੰਦਾ ਹੈ, ‘‘ਅਸੀਂ ਹੋਰ ਪ੍ਰਸਾਰਕਾਂ ਨਾਲ ਚਰਚਾ ਕਰ ਰਹੇ ਹਾਂ। ਸਾਡੇ ਕੋਲ ਨਵੀਆਂ ਕਹਾਣੀਆਂ ਆ ਰਹੀਆਂ ਹਨ ਅਤੇ ਅਸੀਂ ਭਵਿੱਖ ਵਿੱਚ ਹੋਰ ਗੁਣਵੱਤਾ ਵਾਲੇ ਸ਼ੋਅ ਤਿਆਰ ਕਰਾਂਗੇ।’’ ਇਸ ਸ਼ੋਅ ਵਿੱਚ ਨੇਹਾ ਹਰਸੋਰਾ ਅਤੇ ਕੰਵਰ ਢਿੱਲੋਂ ਮੁੱਖ ਭੂਮਿਕਾਵਾਂ ਵਿੱਚ ਹਨ।
ਪੋਕੇਮੌਨ ’ਤੇ ਚੜਿ੍ਹਆ ਭਾਰਤੀ ਰੰਗ
ਪੋਕੇਮੌਨ ਕੰਪਨੀ ਦਾ ਨਵਾਂ ਐਨੀਮੇਟਡ ਸ਼ੋਅ ‘ਪੋਕੇਮੋਨ ਹੋਰਾਈਜ਼ਨਸ: ਦਿ ਸੀਰੀਜ਼’ 25 ਮਈ ਤੋਂ ਹੰਗਾਮਾ ਟੀਵੀ ’ਤੇ ਦਿਖਾਇਆ ਜਾਵੇਗਾ। ਇਸ ਸੀਰੀਜ਼ ਲਈ ਖ਼ਾਸ ਸ਼ੁਰੂਆਤੀ ਅਤੇ ਅੰਤ ਵਾਲੇ ਗੀਤ ਬਣਾਏ ਗਏ ਹਨ। ਇਨ੍ਹਾਂ ਗੀਤਾਂ ਨੂੰ ਮਸ਼ਹੂਰ ਸੰਗੀਤਕਾਰ ਜੋੜੀ ਵਿਸ਼ਾਲ-ਸ਼ੇਖਰ, ਗਾਇਕ ਅਰਮਾਨ ਮਲਿਕ ਅਤੇ ਸ਼ਰਲੀ ਸੇਤੀਆ ਦੁਆਰਾ ਤਿਆਰ ਕੀਤਾ ਗਿਆ ਹੈੇ। ਇਸ ਦੇ ਨਾਲ ਹੀ ਸ਼ੋਅ ਵਿੱਚ ਸਥਾਨਕ ਸੁਆਦ ਜੋੜਨ ਦੀ ਹਰ ਕੋਸ਼ਿਸ਼ ਕੀਤੀ ਗਈ ਹੈ।
ਇਸ ਨਵੀਂ ਸੀਰੀਜ਼ ’ਚ ਨਾ ਸਿਰਫ਼ ਨਵੇਂ ਕਿਰਦਾਰ ਦੇਖਣ ਨੂੰ ਮਿਲਣਗੇ ਸਗੋਂ ਇਸ ’ਚ ਨਵੀਂ ਅਤੇ ਦਿਲਚਸਪ ਕਹਾਣੀ ਵੀ ਹੈ। ਇਸ ਸੀਰੀਜ਼ ’ਚ ਕੈਪਟਨ ਪਿਕਾਚੂ ਏਅਰਸ਼ਿਪ ਦੇ ਇੰਚਾਰਜ ਦੇ ਰੂਪ ’ਚ ਨਜ਼ਰ ਆਵੇਗਾ। ਇਸ ਪੋਕੇਮੌਨ ਸੀਰੀਜ਼ ਦੇ ਸ਼ੁਰੂਆਤੀ ਅਤੇ ਅੰਤ ਦੇ ਗੀਤ ਵਿਸ਼ੇਸ਼ ਤੌਰ ’ਤੇ ਭਾਰਤੀ ਦਰਸ਼ਕਾਂ ਲਈ ਸਥਾਨਕ ਰੰਗ ਚਾੜ੍ਹ ਕੇ ਤਿਆਰ ਕੀਤੇ ਗਏ ਹਨ। ਇਸ ਲਈ ਪੋਕੇਮੋਨ ਕੰਪਨੀ ਨੇ ਭਾਰਤੀ ਕਲਾਕਾਰਾਂ ਨਾਲ ਹੱਥ ਮਿਲਾਇਆ ਹੈ। ਇਹ ਸਾਂਝੇਦਾਰੀ ਦਰਸਾਉਂਦੀ ਹੈ ਕਿ ਪੋਕੇਮੌਨ ਕੰਪਨੀ ਭਾਰਤੀ ਮਨੋਰੰਜਨ ਖੇਤਰ ਵਿੱਚ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਜਿੱਥੋਂ ਤੱਕ ਇਨ੍ਹਾਂ ਗੀਤਾਂ ਦਾ ਸਬੰਧ ਹੈ, ਇਹ ਟਰੈਕ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ ਅਤੇ ਦਿਲਾਂ ਵਿੱਚ ਘਰ ਕਰ ਜਾਂਦੇ ਹਨ।
ਵਿਸ਼ਾਲ-ਸ਼ੇਖਰ ਪੋਕੇਮੋਨ ਕੰਪਨੀ ਨਾਲ ਇਸ ਸਾਂਝੇਦਾਰੀ ਬਾਰੇ ਕਹਿੰਦੇ ਹਨ, “ਜਦੋਂ ਸਾਨੂੰ ਪੋਕੇਮੌਨ ਕੰਪਨੀ ਨਾਲ ਕੰਮ ਕਰਨ ਦਾ ਫੋਨ ਆਇਆ ਤਾਂ ਅਸੀਂ ਬਹੁਤ ਉਤਸ਼ਾਹਿਤ ਸੀ। ਅਸੀਂ ਅਜਿਹੇ ਟਰੈਕ ਬਣਾਏ ਹਨ ਜੋ ਮਜ਼ੇਦਾਰ ਹਨ ਅਤੇ ਪੋਕੇਮੋਨ ਬ੍ਰਾਂਡ ਦੀ ਭਾਵਨਾ ਨੂੰ ਹਾਸਲ ਕਰਦੇ ਹਨ। ਅਸੀਂ ਸਥਾਨਕ ਸਰੋਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਗੀਤਾਂ ਵਿੱਚ ਭਾਰਤੀ ਰੰਗ ਜੋੜਿਆ ਹੈ। ਮੈਨੂੰ ਉਮੀਦ ਹੈ ਕਿ ਇਹ ਗੀਤ ਲੋਕਾਂ ਨੂੰ ਇਸ ਸੀਰੀਜ਼ ਦੀ ਯਾਦ ਦਿਵਾਉਣਗੇ ਭਾਵੇਂ ਉਹ ਇਸ ਨੂੰ ਟੀਵੀ ’ਤੇ ਨਾ ਵੀ ਦੇਖ ਰਹੇ ਹੋਣ।’’
ਅਰਮਾਨ ਮਲਿਕ ਨੇ ਕਿਹਾ, “ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਕਿਉਂਕਿ ਮੈਂ ਬਚਪਨ ਵਿੱਚ ਪੋਕੇਮੋਨ ਕਾਰਡ ਇਕੱਠੇ ਕਰਦਾ ਸੀ ਅਤੇ ਉਦੋਂ ਤੋਂ ਮੈਂ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ। ‘ਪੋਕੇਮੋਨ ਹੋਰਾਈਜ਼ਨਜ਼’ ਵਿੱਚ: ‘ਦਿ ਸੀਰੀਜ਼’ ਦੇ ਹਿੰਦੀ, ਤਾਮਿਲ ਅਤੇ ਤੇਲਗੂ ਸੰਸਕਰਣਾਂ ਦੇ ਸ਼ੁਰੂਆਤੀ ਟਰੈਕ ਨੂੰ ਗਾਉਣਾ ਬਹੁਤ ਵਧੀਆ ਅਨੁਭਵ ਰਿਹਾ। ਪੋਕੇਮੋਨ ਨੂੰ ਹਰ ਰੋਜ਼ ਦੇਖਣਾ ਸਾਡੇ ਵੱਡੇ ਹੋਣ ਦੇ ਰੁਟੀਨ ਦਾ ਇੱਕ ਹਿੱਸਾ ਸੀ। ਅੱਜ ‘ਪੋਕੇਮੋਨ ਹੋਰਾਈਜ਼ਨਸ: ਦਿ ਸੀਰੀਜ਼’ ਨਾਲ ਉਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਆਪਣੀ ਆਵਾਜ਼ ਦੇਣਾ ਨਾ ਸਿਰਫ਼ ਇੱਕ ਸਨਮਾਨ ਹੈ, ਇਹ ਪੂਰਾ ਚੱਕਰ ਆਉਣ ਵਰਗਾ ਹੈ ਜਿਸਦਾ ਮਤਲਬ ਹੈ ਕਿ ਮੈਂ ਬਚਪਨ ਦੇ ਉਨ੍ਹਾਂ ਦਿਨਾਂ ਵਿੱਚ ਵਾਪਸ ਆ ਗਿਆ ਹਾਂ। ਪੋਕੇਮੌਨ ਲਈ ਵਿਸ਼ਵਵਿਆਪੀ ਸ਼ੁਦਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਾਲ-ਸ਼ੇਖਰ ਨੇ ਇੱਕ ਧੁਨ ਬਣਾਉਣ ਲਈ ਟਰੈਕ ਵਿੱਚ ਕੁਝ ਰਵਾਇਤੀ ਆਵਾਜ਼ਾਂ ਦੀ ਵਰਤੋਂ ਕੀਤੀ ਹੈ ਜੋ ਹਰ ਪੀੜ੍ਹੀ ਦੇ ਪ੍ਰਸ਼ੰਸਕਾਂ ਨਾਲ ਜੁੜ ਸਕਦੀ ਹੈ। ਮੈਂ ਇਹ ਦੇਖ ਕੇ ਬਹੁਤ ਉਤਸੁਕ ਹਾਂ ਕਿ ਲੋਕ ਉਨ੍ਹਾਂ ਟਰੈਕਾਂ ਨੂੰ ਕਿਸ ਤਰ੍ਹਾਂ ਪਸੰਦ ਕਰਦੇ ਹਨ ਜੋ ਪੁਰਾਣੀਆਂ ਯਾਦਾਂ ਅਤੇ ਸਾਹਸ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਹਨ।’’
ਇਸ ਟਰੈਕ ਨੂੰ ਬਣਾਉਣ ਦੇ ਰੁਮਾਂਚ ਬਾਰੇ ਗੱਲ ਕਰਦੇ ਹੋਏ ਸ਼ਰਲੀ ਸੇਤੀਆ ਨੇ ਕਿਹਾ, “ਸਾਡੇ ਬਚਪਨ ਨਾਲ ਜੁੜਿਆ ਹੋਇਆ ਅਜਿਹਾ ਕੁਝ ਬਣਾਉਣਾ ਸਨਮਾਨ ਦੀ ਗੱਲ ਹੈ। ਅਸਲ ਵਿੱਚ, ਮੈਂ ਵੀ ਬਚਪਨ ਵਿੱਚ ਪੋਕੇਮੋਨ ਦੇ ਖਿਡੌਣੇ ਇਕੱਠੇ ਕਰਦੀ ਸੀ, ਜਿਸਦਾ ਮੈਨੂੰ ਬਹੁਤ ਸ਼ੌਕ ਸੀ ਅਤੇ ਅੱਜ ਵੀ ਕਰਦੀ ਹਾਂ। ਇਸ ਨੂੰ ਆਪਣੀ ਆਵਾਜ਼ ਦੇਣ ਦਾ ਇਹ ਬਹੁਤ ਵਧੀਆ ਅਨੁਭਵ ਸੀ ਅਤੇ ਮੈਨੂੰ ਉਮੀਦ ਹੈ ਕਿ ਇਹ ਟਰੈਕ ਕੁਝ ਅਜਿਹੇ ਹਨ ਜੋ ਪ੍ਰਸ਼ੰਸਕਾਂ ਨੂੰ ਹਮੇਸ਼ਾ ਯਾਦ ਰਹਿਣਗੇ।’’
ਟਰੈਕ ਦੇ ਗੀਤਕਾਰ ਰਸ਼ਿਮ ਅਤੇ ਵਿਰਾਗ ਨੇ ਕਿਹਾ, “ਪੋਕੇਮੋਨ ਲਈ ਗੀਤ ਲਿਖਣਾ ਉਨ੍ਹਾਂ ਦਿਨਾਂ ਵਿੱਚ ਵਾਪਸ ਜਾਣ ਵਰਗਾ ਹੈ ਜਦੋਂ ਅਸੀਂ ਆਪਣੀ ਧੀ ਨਾਲ ਸ਼ੋਅ ਦੇਖਦੇ ਹੁੰਦੇ ਸੀ।’’