ਛੋਟਾ ਪਰਦਾ
ਧਰਮਪਾਲ
ਸ਼ੈਫਾਲੀ ਦਾ ਟੀਵੀ ਦੀ ਦੁਨੀਆ ’ਚ ਪ੍ਰਵੇਸ਼
ਸੁਪਰਹਿੱਟ ਮਿਊਜ਼ਿਕ ਵੀਡੀਓ ‘ਕਾਂਟਾ ਲਗਾ’ ਨਾਲ ਮਸ਼ਹੂਰ ਹੋਈ ਦਰਸ਼ਕਾਂ ਦੀ ਚਹੇਤੀ ਅਭਿਨੇਤਰੀ ਸ਼ੈਫਾਲੀ ਜਰੀਵਾਲਾ ਜਲਦੀ ਹੀ ਸਟਾਰ ਭਾਰਤ ਦੇ ਆਉਣ ਵਾਲੇ ਸ਼ੋਅ ‘ਸ਼ੈਤਾਨੀ ਰਸਮੇਂ’ ਨਾਲ ਟੈਲੀਵਿਜ਼ਨ ’ਚ ਡੈਬਿਊ ਕਰਦੀ ਨਜ਼ਰ ਆਵੇਗੀ। ਟ੍ਰਾਈਐਂਗਲ ਫਿਲਮ ਕੰਪਨੀ ਦੁਆਰਾ ਤਿਆਰ ਕੀਤੇ ਗਏ ਇਸ ਸ਼ੋਅ ਰਾਹੀਂ ਸ਼ੈਫਾਲੀ ਦਰਸ਼ਕਾਂ ਲਈ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਵੇਗੀ, ਜਿਸ ਨੂੰ ਦੇਖਣਾ ਦਰਸ਼ਕਾਂ ਲਈ ਦਿਲਚਸਪ ਹੋਵੇਗਾ।
ਸ਼ੈਫਾਲੀ ਨੇ ‘ਕਾਂਟਾ ਲਗਾ’ ਗੀਤ ’ਚ ਨਾ ਸਿਰਫ਼ ਆਪਣੇ ਹੁਨਰ ਅਤੇ ਮਾਸੂਮ ਚਿਹਰੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸਗੋਂ ਅੱਜ ਵੀ ਉਹ ਮਨੋਰੰਜਨ ਜਗਤ ’ਚ ਆਪਣੇ ਅੰਦਾਜ਼ ਨਾਲ ਟਰੈਂਡਸੇਟਰ ਬਣੀ ਹੋਈ ਹੈ। ਹੁਣ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਸ਼ੈਫਾਲੀ ਸ਼ੋਅ ‘ਸ਼ੈਤਾਨੀ ਰਸਮੇਂ’ ਰਾਹੀਂ ਛੋਟੇ ਪਰਦੇ ’ਤੇ ਆਪਣੀ ਪ੍ਰਤਿਭਾ ਪੇਸ਼ ਕਰਨ ਜਾ ਰਹੀ ਹੈ।
ਟੀਵੀ ਦੀ ਦੁਨੀਆ ਵਿੱਚ ਡੈਬਿਊ ਕਰਨ ਦੇ ਆਪਣੇ ਫੈਸਲੇ ਬਾਰੇ ਗੱਲ ਕਰਦੇ ਹੋਏ ਸ਼ੈਫਾਲੀ ਜਰੀਵਾਲਾ ਨੇ ਕਿਹਾ, ‘‘ਪਹਿਲਾਂ ਮੈਂ ਟੈਲੀਵਿਜ਼ਨ ’ਤੇ ਕਿਸੇ ਰੋਲ ਬਾਰੇ ਇਹ ਸੋਚਣ ਵਿੱਚ ਹੀ ਫਸ ਜਾਂਦੀ ਸੀ ਕਿ ਮੈਨੂੰ ਇਸ ਨੂੰ ਚੁਣਨਾ ਚਾਹੀਦਾ ਹੈ ਜਾਂ ਨਹੀਂ। ਮੈਨੂੰ ਆਪਣੀ ਪਸੰਦ ਅਨੁਸਾਰ ਕੁੱਝ ਵੀ ਢੁੱਕਵਾਂ ਨਹੀਂ ਲੱਗਾ, ਪਰ ਜਦੋਂ ਮੈਨੂੰ ਸ਼ੋਅ ‘ਸ਼ੈਤਾਨੀ ਰਸਮੇਂ’ ਦੀ ਪੇਸ਼ਕਸ਼ ਕੀਤੀ ਗਈ, ਜਿਵੇਂ ਹੀ ਮੈਂ ਇਸ ਦੇ ਕਿਰਦਾਰਾਂ ਅਤੇ ਕਹਾਣੀ ਬਾਰੇ ਪੜ੍ਹਿਆ, ਮੈਨੂੰ ਪਤਾ ਸੀ ਕਿ ਮੈਂ ਇਸ ਨੂੰ ਜ਼ਰੂਰ ਚੁਣਾਂਗੀ। ਟੈਲੀਵਿਜ਼ਨ ਇੰਡਸਟਰੀ ਵਿੱਚ ਮੇਰੇ ਲਈ ਇਹ ਸੁਨਹਿਰੀ ਮੌਕਾ ਸੀ। ਇਸ ਸ਼ੋਅ ਦੀ ਕਹਾਣੀ ਬਹੁਤ ਹੀ ਅਸਾਧਾਰਨ ਅਤੇ ਦਿਲਚਸਪ ਹੈ। ਮੈਂ ਬਹੁਤ ਦੇਰ ਤੋਂ ਇੱਕ ਸ਼ਾਨਦਾਰ ਕਿਰਦਾਰ ਦੇ ਮੌਕੇ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਇਹ ਮੌਕਾ ਸਿਰਫ਼ ਅਜਿਹਾ ਹੀ ਸੀ।’’
ਸ਼ੀਬਾ ਲਈ ਸੰਪਰਕਾਂ ਦੀ ਅਹਿਮੀਅਤ
ਜਦੋਂ ਮਨੋਰੰਜਨ ਉਦਯੋਗ ਵਿੱਚ ਸਹੀ ਮੌਕੇ ਲੱਭਣ ਦੀ ਗੱਲ ਆਉਂਦੀ ਹੈ ਤਾਂ ਨੈੱਟਵਰਕਿੰਗ ਅਤੇ ਸੰਪਰਕ ਮਾਇਨੇ ਰੱਖਦੇ ਹਨ। ਅਭਿਨੇਤਰੀ ਸ਼ੀਬਾ ਅਕਾਸ਼ਦੀਪ ਜੋ ਕਿ ਇਸ ਸਮੇਂ ਡਿਜ਼ਨੀ+ਹੌਟਸਟਾਰ ’ਤੇ ਸ਼ੋਅ ‘ਬਾਤੇਂ ਕੁਛ ਅਨਕਹੀ ਸੀ’ ਵਿੱਚ ਨਜ਼ਰ ਆ ਰਹੀ ਹੈ, ਦਾ ਮੰਨਣਾ ਹੈ ਕਿ ਅੱਜ ਕਿਸੇ ਵੀ ਉਦਯੋਗ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਕੋਈ ਸੰਪਰਕ ਜਾਂ ਮਦਦ ਹੋਣੀ ਮਹੱਤਵਪੂਰਨ ਹੈ।
“ਇਹ ਸਾਡੇ ਖੇਤਰ ਲਈ ਵਿਲੱਖਣ ਨਹੀਂ ਹੈ ਅਤੇ ਬਦਕਿਸਮਤੀ ਨਾਲ ਇਸ ਪਹਿਲੂ ਨੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਮਾੜੀ ਸਾਖ ਪ੍ਰਾਪਤ ਕੀਤੀ ਹੈ। ਯੋਗਤਾ ਦਾ ਆਪਣਾ ਮੁੱਲ ਹੈ, ਪਰ ਸੰਪਰਕਾਂ ਤੋਂ ਬਿਨਾਂ ਸਹੀ ਸਮੇਂ ’ਤੇ ਸਹੀ ਜਗ੍ਹਾ ’ਤੇ ਪਹੁੰਚਣਾ ਮੁਸ਼ਕਿਲ ਹੈ। ਬਹੁਤ ਕਿਸਮਤ ਵਾਲੇ ਲੋਕ ਹਨ ਜਿਨ੍ਹਾਂ ਕੋਲ ਖ਼ਾਸ ਤੌਰ ’ਤੇ ਅਜਿਹੇ ਸੰਪਰਕ ਹਨ ਜਿਨ੍ਹਾਂ ਰਾਹੀਂ ਉਹ ਅੱਗੇ ਵਧ ਸਕਦੇ ਹਨ। ਸੱਚਮੁੱਚ ਸਭ ਤੋਂ ਛੋਟੇ ਕਸਬਿਆਂ ਅਤੇ ਸ਼ਹਿਰਾਂ ਤੋਂ ਆਏ ਹੋਏ ਲੋਕ ਹਨ, ਜਿਨ੍ਹਾਂ ਕੋਲ ਸ਼ਾਨਦਾਰ ਪ੍ਰਤਿਭਾ ਹੈ ਅਤੇ ਆਪਣੇ ਸੰਪਰਕਾਂ ਦੇ ਜ਼ਰੀਏ ਉਨ੍ਹਾਂ ਨੂੰ ਸ਼ਾਨਦਾਰ ਮੌਕੇ ਮਿਲੇ ਹਨ। ਭਾਈ-ਭਤੀਜਾਵਾਦ ਹਰ ਥਾਂ, ਹਰ ਉਦਯੋਗ ਵਿੱਚ ਮੌਜੂਦ ਹੈ। ਜੇ ਕੋਈ ਡਾਕਟਰ ਹੈ ਤਾਂ ਉਸ ਦਾ ਬੱਚਾ ਡਾਕਟਰ ਬਣ ਸਕਦਾ ਹੈ; ਜੇ ਕੋਈ ਵਕੀਲ ਹੈ, ਤਾਂ ਉਸ ਦਾ ਬੱਚਾ ਵਕੀਲ ਬਣ ਸਕਦਾ ਹੈ; ਜੇਕਰ ਕੋਈ ਐਕਟਰ ਹੈ ਤਾਂ ਉਸ ਦਾ ਬੱਚਾ ਵੀ ਐਕਟਰ ਬਣ ਸਕਦਾ ਹੈ। ਇਸ ਵਿੱਚ ਕੁੱਝ ਵੀ ਗੁੰਝਲਦਾਰ ਨਹੀਂ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਜੋ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਦਿਖਾਉਂਦੇ ਹੋ, ਉਨ੍ਹਾਂ ’ਤੇ ਉਸ ਦਾ ਪ੍ਰਭਾਵ ਹੁੰਦਾ ਹੈ। ਉਹ ਸਿਰਫ਼ ਰਸਮੀ ਸਿੱਖਿਆ ਰਾਹੀਂ ਹੀ ਨਹੀਂ ਸਗੋਂ ਤੁਹਾਡੀ ਮਿਸਾਲ ਰਾਹੀਂ ਵੀ ਸਿੱਖਦੇ ਹਨ। ਇਸ ਲਈ ਜੇਕਰ ਮੇਰੇ ਬੱਚੇ ਮੈਨੂੰ ਲਗਾਤਾਰ ਐਕਟਿੰਗ ਕਰਦੇ ਦੇਖਦੇ ਹਨ, ਤਾਂ ਉਨ੍ਹਾਂ ਵਿੱਚੋਂ ਇੱਕ ਅਜਿਹਾ ਹੋਵੇਗਾ ਜੋ ਐਕਟਿੰਗ ਕਰਨਾ ਚਾਹੇਗਾ। ਮਨੋਰੰਜਨ ਉਦਯੋਗ ਅਸੰਗਠਿਤ ਖੇਤਰ ਨਹੀਂ ਹੈ। ਜੇਕਰ ਤੁਸੀਂ ਸੰਪਰਕਾਂ ਰਾਹੀਂ ਆਉਂਦੇ ਹੋ ਅਤੇ ਤੁਸੀਂ ਚੰਗੇ ਅਭਿਨੇਤਾ ਨਹੀਂ ਹੋ ਜਾਂ ਤੁਹਾਡੀ ਫਿਲਮ ਫਲਾਪ ਹੈ, ਤਾਂ ਤੁਸੀਂ ਜ਼ੀਰੋ ’ਤੇ ਵਾਪਸ ਜਾ ਸਕਦੇ ਹੋ। ਇਹ ਵੀ ਸੱਚ ਹੈ। ਸੰਪਰਕਾਂ ਨਾਲ ਤੁਹਾਨੂੰ ਅੱਗੇ ਵਧਣ ਦਾ ਮੌਕਾ ਤੇ ਮੰਚ ਜ਼ਰੂਰ ਮਿਲਦਾ ਹੈ, ਪਰ ਅੰਤ ਵਿੱਚ ਸਥਾਪਿਤ ਤੁਸੀਂ ਖ਼ੁਦ ਹੀ ਹੋਣਾ ਹੈ।’’
ਰਾਜੀਵ ਠਾਕੁਰ ਦਾ ਗਰਬਾ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਤੁਹਾਨੂੰ ਇਸ ਹਫ਼ਤੇ ਦੇ ਐਪੀਸੋਡ ਵਿੱਚ ਇੱਕ ਵਿਲੱਖਣ ਯਾਤਰਾ ’ਤੇ ਲੈ ਜਾਵੇਗਾ ਕਿਉਂਕਿ ਇਹ ਸਦਾਬਹਾਰ ਬੌਲੀਵੁੱਡ ਸੁੰਦਰੀ ਮੀਨਾਕਸ਼ੀ ਸ਼ੇਸ਼ਾਧਰੀ ਦਾ ਸਵਾਗਤ ਕਰੇਗਾ। ‘ਮਰਜ਼ੀ ਮੀਨਾਕਸ਼ੀ ਕੀ’ ਸਿਰਲੇਖ ਵਾਲਾ ਵਿਸ਼ੇਸ਼ ਐਪੀਸੋਡ ਫਿਲਮ ਉਦਯੋਗ ਵਿੱਚ ਮੀਨਾਕਸ਼ੀ ਸ਼ੇਸ਼ਾਧਰੀ ਦੇ 40 ਸਾਲਾਂ ਦੇ ਸ਼ਾਨਦਾਰ ਸਫ਼ਰ ਦਾ ਜਸ਼ਨ ਮਨਾਏਗਾ। ਇਸ ਹਫ਼ਤੇ ਦੀ ਥੀਮ ਦੇ ਹਿੱਸੇ ਵਜੋਂ ਪ੍ਰਤੀਯੋਗੀ ਮੀਨਾਕਸ਼ੀ ਦੇ ਮਨਪਸੰਦ ਗੀਤਾਂ ’ਤੇ ਪ੍ਰਦਰਸ਼ਨ ਕਰਨਗੇ, ਜਿਸ ਵਿੱਚ ਯਾਦਾਂ, ਮਨੋਰੰਜਨ ਅਤੇ ਸ਼ਾਨਦਾਰ ਡਾਂਸ ਪੇਸ਼ਕਾਰੀ ਦੇ ਨਾਲ ਇੱਕ ਦਿਲ ਨੂੰ ਛੂਹ ਲੈਣ ਵਾਲਾ ਐਪੀਸੋਡ ਹੋਵੇਗਾ।
ਇਸ ਦੌਰਾਨ ਬਹੁਮੁਖੀ ਕਾਮੇਡੀਅਨ ਰਾਜੀਵ ਠਾਕੁਰ ਕੋਰੀਓਗ੍ਰਾਫਰ ਸੁਚਿਤਰਾ ਸਾਵੰਤ ਦੇ ਨਾਲ ਮੀਨਾਕਸ਼ੀ ਸ਼ੇਸ਼ਾਧਰੀ ਦੇ ਪਸੰਦੀਦਾ ਸਹਿ-ਅਦਾਕਾਰ ਗੋਵਿੰਦਾ ਦੇ ਸਦਾਬਹਾਰ ਹਿੱਟ ਗੀਤ ‘ਮੈਂ ਤੋ ਰਾਸਤੇ ਸੇ ਜਾ ਰਹਾ ਥਾ’ ਦੀ ਪੇਸ਼ਕਾਰੀ ਗਰਬਾ ਨਾਲ ਦੇਵੇਗਾ। ਮੀਨਾਕਸ਼ੀ ਇਸ ਐਕਟ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਕਿਹਾ, ‘‘ਮੈਨੂੰ ਇਸ ਦਾ ਬਹੁਤ ਮਜ਼ਾ ਆਇਆ। ਤੁਸੀਂ ਜਨਮ ਤੋਂ ਹੀ ਕਾਮੇਡੀਅਨ ਹੋ। ਤੁਸੀਂ ਮੈਨੂੰ ਇੰਨਾ ਹਸਾਇਆ ਕਿ ਹੁਣ ਮੇਰੀਆਂ ਗੱਲ੍ਹਾਂ ਦੁਖਣ ਲੱਗ ਪਈਆਂ ਹਨ। ਗੋਵਿੰਦਾ ਮੇਰੇ ਪਸੰਦੀਦਾ ਸਹਿ-ਅਦਾਕਾਰ ਹੋਣ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਉਹ ਵੀ ਇੱਕ ਸ਼ਾਸਤਰੀ ਸੰਗੀਤ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਮਾਂ ਇੱਕ ਗਾਇਕਾ ਸੀ, ਇਸ ਲਈ ਉਹ ਬਹੁਤ ਵਧੀਆ ਗਾਉਂਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ੂਟਿੰਗ ਦੌਰਾਨ ਗੋਵਿੰਦਾ ਅਤੇ ਮੈਂ ਇਕੱਠੇ ਕਲਾਸੀਕਲ ਗੀਤ ਗਾਉਂਦੇ ਸੀ ਅਤੇ ਨਿਰਮਾਤਾ/ਨਿਰਦੇਸ਼ਕ ਕਹਿੰਦੇ ਸਨ, ‘ਇੱਥੇ ਕੀ ਹੋ ਰਿਹਾ ਹੈ?’ ਇਹ ਸਾਡੇ ਤਾਲਮੇਲ ਦੀ ਇੱਕ ਬਹੁਤ ਹੀ ਦੁਰਲੱਭ ਕਿਸਮ ਹੈ। ਉਹ ਅਦਭੁੱਤ ਸਮੀਕਰਨਾਂ ਵਾਲੇ ਸ਼ਾਨਦਾਰ ਡਾਂਸਰ ਹਨ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਕੁਝ ਸ਼ਰਾਰਤਾਂ ਵੀ ਸਿੱਖੀਆਂ। ਉਹ ਬਹੁਮੁਖੀ ਅਦਾਕਾਰ ਹਨ। ਹਾਲਾਂਕਿ ਉਨ੍ਹਾਂ ਨੇ ਕਈ ਕਾਮੇਡੀ ਫਿਲਮਾਂ ਕੀਤੀਆਂ ਹਨ, ਪਰ ਜੇਕਰ ਤੁਸੀਂ ਉਨ੍ਹਾਂ ਨੂੰ ਹੋਰ ਅਵਤਾਰਾਂ ’ਚ ਦੇਖਦੇ ਹੋ ਤਾਂ ਉਹ ਕਾਫ਼ੀ ਪਿਆਰੇ ਹਨ। ਮੈਨੂੰ ਉਮੀਦ ਹੈ ਕਿ ਮੈਨੂੰ ਉਨ੍ਹਾਂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲੇਗਾ।’’
ਰਾਜੀਵ ਦੇ ਇਸ ਐਕਟ ਤੋਂ ਜੱਜ ਫਰਾਹ ਖਾਨ ਤੇ ਮਲਾਇਕਾ ਅਰੋੜਾ ਵੀ ਬਹੁਤ ਪ੍ਰਭਾਵਿਤ ਹੋਈਆਂ ਅਤੇ ਇਸ ਨੂੰ ਰਾਜੀਵ ਦੀ ਬਿਹਤਰੀਨ ਪੇਸ਼ਕਾਰੀ ਦੱਸਿਆ।