ਛੋਟਾ ਪਰਦਾ
ਧਰਮਪਾਲ
ਸੁਹਾਸੀ ਧਾਮੀ ਬਣੀ ਛਾਇਆ
ਸ਼ੇਮਾਰੂ ਟੀਵੀ ਦੇ ਨਵੇਂ ਸ਼ੋਅ ‘ਕਰਮਾਧਿਕਾਰੀ ਸ਼ਨੀਦੇਵ’ ਦੇ ਨਾਲ ਮਿਥਿਹਾਸ ਦੀ ਜਾਦੂਈ ਯਾਤਰਾ ਲਈ ਤਿਆਰ ਹੋ ਜਾਓ। ਸ਼ਨੀ ਦੇਵ ਨੂੰ ਅਕਸਰ ਆਪਣੇ ਗੁੱਸੇ ਲਈ ਜਾਣਿਆ ਜਾਂਦਾ ਹੈ, ਪਰ ਇਹ ਸ਼ੋਅ ਨਾ ਸਿਰਫ਼ ਨਿਆਂ ਦੇ ਦੇਵਤਾ ਸ਼ਨੀ ਦੇਵ ਦੀਆਂ ਮਿਥਿਹਾਸਕ ਕਹਾਣੀਆਂ ਨੂੰ ਦਰਸਾਉਂਦਾ ਹੈ, ਸਗੋਂ ਉਸ ਦੀ ਮਾਂ ਛਾਇਆ ਨਾਲ ਉਸ ਦੇ ਪਿਆਰ ਭਰੇ ਰਿਸ਼ਤੇ ਨੂੰ ਵੀ ਦਰਸਾਉਂਦਾ ਹੈ। ਪ੍ਰਤਿਭਾਸ਼ਾਲੀ ਸੁਹਾਸੀ ਧਾਮੀ ਨੂੰ ਇਸ ਸ਼ੋਅ ਵਿੱਚ ਛਾਇਆ ਅਤੇ ਸੰਘਿਆ ਦੀਆਂ ਭੂਮਿਕਾਵਾਂ ਨਿਭਾਉਣ ਲਈ ਸ਼ਾਮਲ ਕੀਤਾ ਗਿਆ ਹੈ।
ਸ਼ੋਅ ਨੂੰ ਲੈ ਕੇ ਆਪਣੀ ਉਤਸੁਕਤਾ ਜ਼ਾਹਰ ਕਰਦੇ ਹੋਏ ਸੁਹਾਸੀ ਨੇ ਕਿਹਾ, ‘ਪੰਜ ਸਾਲਾਂ ਬਾਅਦ ਪਰਦੇ ’ਤੇ ਵਾਪਸੀ ਕਰਦੇ ਹੋਏ, ਮੈਂ ਇੱਕ ਵਾਰ ਫਿਰ ਤੋਂ ਮਿਥਿਹਾਸ ਨੂੰ ਸਮਝਣ ਲਈ ਬਹੁਤ ਉਤਸ਼ਾਹਿਤ ਹਾਂ। ‘ਸ਼ਨੀਦੇਵ’ ਵਿੱਚ ਛਾਇਆ ਅਤੇ ਸੰਘਿਆ ਦੀਆਂ ਭੂਮਿਕਾਵਾਂ ਨਿਭਾਉਣਾ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਅਨੁਭਵ ਹੈ। ਇਹ ਸਭ ਤੋਂ ਖੂਬਸੂਰਤ ਯਾਤਰਾ ਹੋਵੇਗੀ, ਸਾਡੇ ਕੋਲ ਇੱਕ ਸਹਿਯੋਗੀ ਟੀਮ ਦੇ ਨਾਲ ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰ ਹਨ ਅਤੇ ਉਨ੍ਹਾਂ ਸਾਰਿਆਂ ਨਾਲ ਕੰਮ ਕਰਨਾ ਮਜ਼ੇਦਾਰ ਹੈ। ਇਸ ਸ਼ੋਅ ਨਾਲ ਜੁੜਨ ਦਾ ਮੁੱਖ ਕਾਰਨ ਨਿਖਿਲ ਸਿਨਹਾ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਣਾ ਹੈ। ਮਿਥਿਹਾਸਕ ਸ਼ੋਅ ਹਮੇਸ਼ਾਂ ਇੱਕ ਵਿਲੱਖਣ ਆਨੰਦ ਲਿਆਉਂਦਾ ਹੈ ਅਤੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਵਿੱਚੋਂ ਇੱਕ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਹੈ, ਕਿਉਂਕਿ ਇਸ ਦੇ ਸੰਵਾਦ ਅਕਸਰ ਸੰਸਕ੍ਰਿਤ ਵਿੱਚ ਹਨ, ਇਸ ਲਈ ਰਿਹਰਸਲ ਦੇ ਦੌਰਾਨ, ਸਾਨੂੰ ਆਪਣੀਆਂ ਲਾਈਨਾਂ ਦਾ ਧਿਆਨ ਨਾਲ ਅਭਿਆਸ ਕਰਨਾ ਪੈਂਦਾ ਹੈ, ਸਾਨੂੰ ਵਧੇਰੇ ਚੇਤੰਨ ਹੋਣਾ ਪੈਂਦਾ ਹੈ। ਉਮੀਦ ਹੈ ਕਿ ਸਰੋਤੇ ਸਾਡੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਨਗੇ ਅਤੇ ਸਾਨੂੰ ਪਿਆਰ ਕਰਨਗੇ ਕਿਉਂਕਿ ਅਸੀਂ ਇਸ ਦਿਲਚਸਪ ਕਹਾਣੀ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’
ਦਰਸ਼ਕਾਂ ਦੇ ਹੁੰਗਾਰੇ ਤੋਂ ਖ਼ੁਸ਼ ਪ੍ਰਾਂਜਲੀ
ਕਾਲਾ ਦੀ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਪ੍ਰਾਂਜਲੀ ਸਿੰਘ ਪਰਿਹਾਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਭੂਮਿਕਾ ਲਈ ਮਿਲ ਰਿਹੇ ਹੁੰਗਾਰੇ ਤੋਂ ਬਹੁਤ ਉਤਸ਼ਾਹ ਮਿਲਿਆ ਹੈ। ਉਹ ਕਹਿੰਦੀ ਹੈ, “ਮੈਂ ਹੁੰਗਾਰੇ ਤੋਂ ਬਹੁਤ ਪ੍ਰਭਾਵਿਤ ਹਾਂ, ਸਾਡੇ ਕਲਾਕਾਰਾਂ ਦੁਆਰਾ ਹਰੇਕ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝਿਆ ਗਿਆ ਅਤੇ ਸੁੰਦਰਤਾ ਨਾਲ ਪੇਸ਼ ਕੀਤਾ ਗਿਆ ਹੈ। ਕਈ ਵਾਰ ਮੈਂ ਲੋਕਾਂ ਜਾਂ ਸਥਿਤੀਆਂ ’ਤੇ ਉਸੇ ਤਰ੍ਹਾਂ ਪ੍ਰਤੀਕਿਰਿਆ ਕਰਦੀ ਹਾਂ ਜਿਵੇਂ ਮੇਰਾ ਕਿਰਦਾਰ ਕਰਦਾ ਹੈ ਅਤੇ ਫਿਰ ਮੈਨੂੰ ਆਪਣੇ ਆਪ ਨੂੰ ਯਾਦ ਕਰਾਉਣਾ ਪੈਂਦਾ ਹੈ ਕਿ ਪ੍ਰਾਂਜਲੀ ਅਤੇ ਕਾਲਾ ਵੱਖਰੇ ਕਿਰਦਾਰ ਹਨ।’’
ਉਹ ਅੱਗੇ ਕਹਿੰਦੀ ਹੈ, “ਕੰਟੈਂਟ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਲੋਕ ਹਰ ਵਾਰ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਕਿਰਦਾਰ ਵਿਕਸਿਤ ਹੋ ਰਿਹਾ ਹੈ ਅਤੇ ਮਜ਼ਬੂਤ ਹੋ ਰਿਹਾ ਹੈ।’’
ਡ੍ਰੀਮੀਆਟਾ ਐਂਟਰਟੇਨਮੈਂਟ ਅਤੇ ਨਿਰਮਾਤਾ ਰਵੀ ਦੂਬੇ ਅਤੇ ਸਰਗੁਣ ਮਹਿਤਾ ਨਾਲ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ, “ਇਹ ਇੱਕ ਪਰਿਵਾਰ ਨਾਲ ਕੰਮ ਕਰਨ ਵਰਗਾ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਘਰ ਵਰਗਾ ਮਾਹੌਲ ਬਣਾਇਆ ਹੈ ਅਤੇ ਟੀਮ ਦੀ ਕੁਸ਼ਲਤਾ ਸ਼ਲਾਘਾਯੋਗ ਹੈ। ਸ਼ੂਟਿੰਗ ਦੌਰਾਨ ਮੈਂ ਹਰ ਰੋਜ਼ ਬਹੁਤ ਸਾਰੀਆਂ ਚੀਜ਼ਾਂ ਸਿੱਖਦੀ ਹਾਂ। ਮੈਨੂੰ ਆਪਣੇ ਕਿਰਦਾਰ ਵਿੱਚ ਵੱਖ-ਵੱਖ ਰੰਗ ਭਰਨ ਦਾ ਮੌਕਾ ਮਿਲਦਾ ਹੈ। ਕਾਲਾ ਦੀ ਭੂਮਿਕਾ ਲਈ ਮੇਰੀ ਚੋਣ ਕਰਨ ਲਈ ਮੈਂ ਟੀਮ ਦੀ ਬਹੁਤ ਧੰਨਵਾਦੀ ਹਾਂ।’’
ਇਸ ਬਾਰੇ ਗੱਲ ਕਰਦੇ ਹੋਏ ਕਿ ਚੰਗਾ ਪ੍ਰਦਰਸ਼ਨ ਕਰਨ ਲਈ ਕੀ ਕਰਨਾ ਪੈਂਦਾ ਹੈ, ਉਹ ਕਹਿੰਦੀ ਹੈ, ‘‘ਮੈਨੂੰ ਲੱਗਦਾ ਹੈ ਕਿ ਟੀਮ, ਕਹਾਣੀ ਅਤੇ ਨਿਰਦੇਸ਼ਕ ਨਾਲ ਤਾਲਮੇਲ ਰੱਖਣਾ ਬਹੁਤ ਮਹੱਤਵਪੂਰਨ ਹੈ। ਮੈਨੂੰ ਅਮਿਤ, ਸਤੀਸ਼ ਅਤੇ ਸੰਜੇ ਜੀ (ਸਾਡੇ ਨਿਰਦੇਸ਼ਕ) ਨਾਲ ਕੰਮ ਕਰਨਾ ਪਸੰਦ ਹੈ। ਉਹ ਮੇਰੇ ਵਿੱਚੋਂ ਸਭ ਤੋਂ ਵਧੀਆ ਪ੍ਰਾਪਤ ਕਰਦੇ ਹਨ। ਮੇਰੇ ਸਹਿ-ਅਦਾਕਾਰ ਮੈਨੂੰ ਸਭ ਤੋਂ ਵੱਧ ਪ੍ਰੇਰਿਤ ਕਰਦੇ ਹਨ, ਮੈਂ ਜਿੰਨਾ ਸੰਭਵ ਹੋ ਸਕੇ ਸੈੱਟ ’ਤੇ ਹੋਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਨਾਲ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਵਿੱਚ ਮਦਦ ਮਿਲਦੀ ਹੈ।’’
ਅਵਿਨੇਸ਼ ਨੇ ਸਿੱਖਿਆ ਟਰੈਕਟਰ ਚਲਾਉਣਾ
ਜ਼ੀ ਟੀਵੀ ਦਾ ਹਾਲ ਹੀ ਵਿੱਚ ਸ਼ੁਰੂ ਹੋਇਆ ਸ਼ੋਅ ‘ਇੱਕ ਕੁੜੀ ਪੰਜਾਬ ਦੀ’ ਆਪਣੀ ਵਧੀਆ ਕਹਾਣੀ ਅਤੇ ਸੁਚੱਜੇ ਕਿਰਦਾਰਾਂ ਨਾਲ ਦਰਸ਼ਕਾਂ ਦਾ ਮਨ ਮੋਹ ਰਿਹਾ ਹੈ। ਪੰਜਾਬ ਵਿੱਚ ਸੈੱਟ ਕੀਤਾ ਗਿਆ ਇਹ ਸ਼ੋਅ ਦਲੇਰੀ ਅਤੇ ਅਟੁੱਟ ਹਿੰਮਤ ਦੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।
ਜਦੋਂਕਿ ਸ਼ੋਅ ਦੇ ਮੁੱਖ ਕਿਰਦਾਰਾਂ ਹੀਰ (ਤਨੀਸ਼ਾ ਮਹਿਤਾ) ਅਤੇ ਰਾਂਝਾ (ਅਵਿਨੇਸ਼ ਰੇਖੀ) ਦੀ ਦੋਸਤੀ ਨੇ ਪਹਿਲੇ ਐਪੀਸੋਡ ਤੋਂ ਹੀ ਦਰਸ਼ਕਾਂ ਦਾ ਬਹੁਤ ਪਿਆਰ ਜਿੱਤਿਆ ਹੈ। ਸਾਡੇ ਕੋਲ ਸ਼ੋਅ ਨਾਲ ਜੁੜੀ ਇੱਕ ਪਰਦੇ ਦੇ ਪਿੱਛੇ ਦੀ ਦਿਲਚਸਪ ਖ਼ਬਰ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅਦਾਕਾਰ ਆਪਣੀਆਂ ਭੂਮਿਕਾਵਾਂ ਦੀ ਤਿਆਰੀ ਅਤੇ ਆਪਣੇ ਕਿਰਦਾਰ ਦੀ ਗਹਿਰਾਈ ਵਿੱਚ ਜਾਣ ਲਈ ਬਹੁਤ ਸਾਰੀਆਂ ਵਰਕਸ਼ਾਪਾਂ ਵਿੱਚੋਂ ਲੰਘਦੇ ਹਨ ਅਤੇ ਅਵਿਨੇਸ਼ ਨੇ ਇੱਕ ਦ੍ਰਿਸ਼ ਲਈ ਸਿਰਫ਼ ਇੱਕ ਦਿਨ ਵਿੱਚ ਟਰੈਕਟਰ ਚਲਾਉਣਾ ਸਿੱਖ ਲਿਆ। ਉਸ ਨੇ ਮੁੰਬਈ ਵਿੱਚ ਸ਼ੋਅ ਦੇ ਸ਼ੁਰੂ ਹੋਣ ਦੇ ਦੌਰਾਨ ਖੁਦ ਟਰੈਕਟਰ ਚਲਾਉਣ ਦਾ ਫੈਸਲਾ ਕੀਤਾ, ਜਿੱਥੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਤਨੀਸ਼ਾ ਨੂੰ ਟਰੈਕਟਰ ’ਤੇ ਲੈ ਕੇ ਸ਼ਾਨਦਾਰ ਐਂਟਰੀ ਕੀਤੀ।
ਅਵਿਨੇਸ਼ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਬਤੌਰ ਅਦਾਕਾਰ ਸਾਨੂੰ ਆਪਣੇ ਆਨ-ਸਕਰੀਨ ਕਿਰਦਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਇਸ ਸਮੇਂ ਰਾਂਝੇ ਦੇ ਕਿਰਦਾਰ ਦਾ ਆਨੰਦ ਲੈ ਰਿਹਾ ਹਾਂ ਕਿਉਂਕਿ ਸਾਡੇ ਦੋਵਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹਨ। ਜਿਸ ਤਰ੍ਹਾਂ ਸ਼ੋਅ ਵਿੱਚ ਰਾਂਝੇ ਦੇ ਖੇਤ ਹਨ, ਜਿਸ ਵਿੱਚ ਉਹ ਕੰਮ ਕਰਦਾ ਹੈ, ਉਸੇ ਤਰ੍ਹਾਂ ਅਸਲ ਜ਼ਿੰਦਗੀ ਵਿੱਚ ਵੀ ਮੈਂ ਬਚਪਨ ਵਿੱਚ ਖੇਤਾਂ ਵਿੱਚ ਕੰਮ ਕੀਤਾ ਹੈ। ਮੈਂ ਧਾਨ, ਗੋਭੀ ਅਤੇ ਗੰਨੇ ਦੀ ਕਾਸ਼ਤ ਕੀਤੀ ਹੈ ਅਤੇ ਦੁੱਧ ਲਈ ਮੱਝਾਂ ਵੀ ਪਾਲੀਆਂ ਹਨ, ਜੋ ਕਿ ਆਸਾਨ ਕੰਮ ਨਹੀਂ ਹੈ। ਇਸ ਲਈ, ਕੁਝ ਚੀਜ਼ਾਂ ਮੇਰੇ ਲਈ ਬਹੁਤ ਆਸਾਨ ਅਤੇ ਜਾਣੂ ਸਨ, ਪਰ ਜਦੋਂ ਇੱਕ ਦ੍ਰਿਸ਼ ਲਈ ਟਰੈਕਟਰ ਚਲਾਉਣ ਦੀ ਗੱਲ ਆਈ, ਤਾਂ ਮੈਨੂੰ ਇਹ ਨਹੀਂ ਆਉਂਦਾ ਸੀ। ਪਰ ਮੈਨੂੰ ਇਹ ਸਿੱਖਣ ਵਿੱਚ ਬਹੁਤ ਮਜ਼ਾ ਆਇਆ। ਮੈਂ ਸਿਰਫ਼ ਇੱਕ ਦਿਨ ਵਿੱਚ ਇਸ ਨੂੰ ਸਿੱਖ ਗਿਆ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਕਦੇ ਵੀ ਟਰੈਕਟਰ ਚਲਾ ਸਕਦਾ ਹਾਂ।’’