ਛੋਟਾ ਪਰਦਾ
ਅਮਿਤਾਭ ਤੋਂ ਪ੍ਰਭਾਵਿਤ ਹੋਇਆ ਗੁਰਾਂਸ਼ ਸਿੰਘ
ਧਰਮਪਾਲ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਇਸ ਹਫ਼ਤੇ ਗਿਆਨ ਆਧਾਰਿਤ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ ਸੀਜ਼ਨ 15’ ‘ਕਿਡਜ਼ ਜੂਨੀਅਰਜ਼ ਵੀਕ’ ਦੀ ਮੇਜ਼ਬਾਨੀ ਕਰੇਗਾ ਜਿੱਥੇ 8 ਤੋਂ 15 ਸਾਲ ਦੇ ਬੱਚੇ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਵੱਕਾਰੀ ਰਿਐਲਿਟੀ ਕੁਇਜ਼ ਸ਼ੋਅ ’ਤੇ ਮੁਕਾਬਲਾ ਕਰਨਗੇ। ਦਿੱਲੀ ਦਾ ਪ੍ਰਤੀਯੋਗੀ ਗੁਰਾਂਸ਼ ਸਿੰਘ ਹੌਟਸੀਟ ’ਤੇ ਬੈਠਦਾ ਹੀ ਸੁਰਖੀਆਂ ਬਟੋਰ ਰਿਹਾ ਹੈ।
7ਵੀਂ ਜਮਾਤ ਦਾ ਇਹ ਵਿਦਿਆਰਥੀ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਨੂੰ ਆਪਣੇ ਹਾਸੇ-ਮਜ਼ਾਕ ਨਾਲ ਬਹੁਤ ਹਸਾਵੇਗਾ। ਇਸ ਐਪੀਸੋਡ ਦੀ ਇੱਕ ਖਾਸ ਗੱਲ ਉਦੋਂ ਹੋਵੇਗੀ ਜਦੋਂ ਗੁਰਾਂਸ਼ ਬਿੱਗ ਬੀ ਨੂੰ ਦੱਸੇਗਾ ਕਿ ਉਸ ਨੂੰ ਠੰਢ ਲੱਗ ਰਹੀ ਹੈ ਤਾਂ ਬਿੱਗ ਬੀ ਗੁਰਾਂਸ਼ ਨੂੰ ਆਪਣੀ ਜੈਕਟ ਪਹਿਨਾ ਕੇ ਇਹ ਯਕੀਨੀ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦੇਣਗੇ ਕਿ ਉਹ ਆਰਾਮਦਾਇਕ ਮਹਿਸੂਸ ਕਰੇ। ਗੁਰਾਂਸ਼ ਨੇ ਇਹ ਵੀ ਖੁਲਾਸਾ ਕੀਤਾ ਕਿ ਅਰੀਜੀਤ ਸਿੰਘ ਉਸ ਦਾ ਪਸੰਦੀਦਾ ਗਾਇਕ ਹੈ ਅਤੇ ਉਹ ਬਾਦਸ਼ਾਹ ਵਾਂਗ ਰੈਪ ਕਰਨਾ ਪਸੰਦ ਕਰੇਗਾ। ਇੰਨਾ ਹੀ ਨਹੀਂ, ਉਹ ਆਪਣੇ ਗਿਟਾਰ ’ਤੇ ਗੀਤ ਵਜਾ ਕੇ ਵੀ ਆਪਣੇ ਸੰਗੀਤਕ ਗਿਆਨ ਦਾ ਪ੍ਰਦਰਸ਼ਨ ਕਰੇਗਾ।
ਸ਼ੋਅ ਵਿੱਚ ਹੋਣ ਦੇ ਆਪਣੇ ਅਨੁਭਵ ਬਾਰੇ ਗੱਲ ਕਰਦੇ ਹੋਏ ਗੁਰਾਂਸ਼ ਸਿੰਘ ਨੇ ਕਿਹਾ, ‘‘ਇਸ ਪ੍ਰਸਿੱਧ ਸ਼ੋਅ ਦਾ ਹਿੱਸਾ ਬਣਨਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਮਹਿਸੂਸ ਹੁੰਦਾ ਹੈ! ਇਹ ਮੇਰੇ ਲਈ ਬਹੁਤ ਖਾਸ ਪਲ ਸੀ ਜਦੋਂ ਅਮਿਤਾਭ ਸਰ ਨੇ ਮੈਨੂੰ ਆਪਣੀ ਜੈਕਟ ਪਹਿਨਾਈ। ਹੌਟਸੀਟ ’ਤੇ ਗੇਮ ਖੇਡਣਾ ਬਹੁਤ ਵਧੀਆ ਅਨੁਭਵ ਸੀ ਅਤੇ ਮੈਂ ਇਸ ਮੌਕੇ ਨੂੰ ਹਮੇਸ਼ਾਂ ਯਾਦ ਰੱਖਾਂਗਾ।’’
ਸ੍ਰਿਤੀ ਅਤੇ ਅਰਜਿਤ ਦੇ ਸ਼ੋਅ ਦੀਆਂ ਤਾਰੀਫ਼ਾਂ
ਜ਼ੀ ਟੀਵੀ ਜਲਦੀ ਹੀ ਆਪਣੇ ਦਰਸ਼ਕਾਂ ਲਈ ‘ਕੈਸੇ ਮੁਝੇ ਤੁਮ ਮਿਲ ਗਏ’ ਨਾਮ ਦੀ ਇੱਕ ਅਸੰਭਵ ਜਿਹੀ ਜਾਪਦੀ ਪ੍ਰੇਮ ਕਹਾਣੀ ਲੈ ਕੇ ਆ ਰਿਹਾ ਹੈ। ਇਹ ਕਹਾਣੀ ਅੰਮ੍ਰਿਤਾ ਅਤੇ ਵਿਰਾਟ ਦੇ ਸਫ਼ਰ ਨੂੰ ਦਰਸਾਉਂਦੀ ਹੈ, ਜਿਸ ਵਿੱਚ ਅੰਮ੍ਰਿਤਾ ਦੀ ਭੂਮਿਕਾ ਪ੍ਰਤਿਭਾਸ਼ਾਲੀ ਅਭਿਨੇਤਰੀ ਸ੍ਰਿਤੀ ਝਾਅ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਵਿਰਾਟ ਦੀ ਭੂਮਿਕਾ ਵਿੱਚ ਅਰਜਿਤ ਤਨੇਜਾ ਹੈ।
ਇਸ ਸ਼ੋਅ ਦੇ ਹਾਲ ਹੀ ’ਚ ਰਿਲੀਜ਼ ਹੋਏ ਟੀਜ਼ਰ ਦੀ ਕਾਫ਼ੀ ਚਰਚਾ ਹੋ ਰਹੀ ਹੈ, ਜਿਸ ਕਾਰਨ ਇਸ ਸ਼ੋਅ ਦੇ ਪ੍ਰੀਮੀਅਰ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਅਤੇ ਉਤਸੁਕਤਾ ਵਧ ਗਈ ਹੈ। ਸ਼ੋਅ ਦੇ ਟੀਜ਼ਰ ’ਚ ਅੰਮ੍ਰਿਤਾ ਅਤੇ ਵਿਰਾਟ ਦੇ ਜੀਵਨ ’ਤੇ ਵੱਖੋ-ਵੱਖਰੇ ਵਿਚਾਰਾਂ ਵਿਚਾਲੇ ਟਕਰਾਅ ਨੂੰ ਸਪੱਸ਼ਟ ਰੂਪ ’ਚ ਦਿਖਾਇਆ ਗਿਆ ਹੈ। ਵਿਰਾਟ ਨੂੰ ਜਿੱਥੇ ਰਿਸ਼ਤਿਆਂ ਅਤੇ ਵਿਆਹ ਦੀ ਭਰੋਸੇਯੋਗਤਾ ’ਤੇ ਸ਼ੱਕ ਹੈ, ਉੱਥੇ ਹੀ ਅੰਮ੍ਰਿਤਾ ਦਾ ਮੰਨਣਾ ਹੈ ਕਿ ਪਿਆਰ ਅਤੇ ਵਿਸ਼ਵਾਸ ਰਿਸ਼ਤਿਆਂ ਦੀ ਨੀਂਹ ਹਨ। ਅਰਜਿਤ ਦਾ ਕਿਰਦਾਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਗਾਰੰਟੀ ਚਾਹੁੰਦਾ ਹੈ, ਜਦੋਂ ਕਿ ਸ੍ਰਿਤੀ ਦਾ ਕਿਰਦਾਰ ਆਸ਼ਾਵਾਦੀ ਰੁਖ਼ ਅਖ਼ਤਿਆਰ ਕਰਦਾ ਹੈ ਅਤੇ ਵਿਸ਼ਵਾਸ ਕਰਦਾ ਹੈ ਕਿ ਵਿਸ਼ਵਾਸ ਅਤੇ ਮਿਹਨਤ ਨਾਲ ਹੀ ਕੋਈ ਅੱਗੇ ਵਧਦਾ ਹੈ।
ਇਸ ਸ਼ੋਅ ਦੇ ਟੀਜ਼ਰ ਨੇ ਨਾ ਸਿਰਫ਼ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਉਤਸ਼ਾਹਿਤ ਕੀਤਾ ਹੈ ਬਲਕਿ ਸੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਛੇੜ ਦਿੱਤੀ ਹੈ। ਕਈ ਅਦਾਕਾਰਾਂ ਅਤੇ ਮਸ਼ਹੂਰ ਹਸਤੀਆਂ ਨੇ ਸ੍ਰਿਤੀ ਝਾਅ ਅਤੇ ਅਰਜਿਤ ਤਨੇਜਾ ਦੇ ਆਉਣ ਵਾਲੇ ਸ਼ੋਅ ਲਈ ਆਪਣਾ ਸਮਰਥਨ ਅਤੇ ਉਤਸ਼ਾਹ ਜ਼ਾਹਰ ਕੀਤਾ ਹੈ। ਮ੍ਰਿਣਾਲ ਠਾਕੁਰ, ਮਾਨਵੀ ਗਗਰੂ, ਕਰਨ ਵਾਹੀ, ਸੁਰਭੀ ਜੋਤੀ, ਸ਼ਰਧਾ ਆਰੀਆ, ਜੈ ਭਾਨੁਸ਼ਾਲੀ, ਧੀਰਜ ਧੂਪਰ, ਕ੍ਰਿਸ਼ਨਾ ਕੌਲ, ਰੋਹਿਤ ਸੁਸ਼ਾਂਤੀ, ਸ਼ੀਜ਼ਾਨ ਖਾਨ, ਰਿਧੀ ਡੋਗਰਾ ਸਮੇਤ ਕਈ ਕਲਾਕਾਰਾਂ ਨੇ ਇਸ ਸ਼ੋਅ ਨੂੰ ਲੈ ਕੇ ਆਪਣਾ ਉਤਸ਼ਾਹ ਪ੍ਰਗਟ ਕੀਤਾ ਹੈ ਅਤੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜਿੱਥੇ ਮ੍ਰਿਣਾਲ ਠਾਕੁਰ ਨੇ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਪਰਦੇ ’ਤੇ ਇਕੱਠੇ ਦੇਖ ਕੇ ਖੁਸ਼ੀ ਜ਼ਾਹਰ ਕੀਤੀ ਹੈ, ਉੱਥੇ ਹੀ ਰਿਧੀ ਡੋਗਰਾ ਨੇ ਇਸ ਜੋੜੀ ਨੂੰ ਵਧਾਈ ਦਿੱਤੀ ਹੈ ਅਤੇ ਦੋਵਾਂ ਦੇ ਸ਼ੋਅ ਪ੍ਰਤੀ ਆਪਣੀ ਉਤਸੁਕਤਾ ਜ਼ਾਹਰ ਕੀਤੀ ਹੈ। ਇਸੇ ਤਰ੍ਹਾਂ ਸ਼ਰਧਾ ਆਰੀਆ ਨੇ ਇਸ ਸ਼ੋਅ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸ੍ਰਿਤੀ ਝਾਅ ਨੂੰ ਇੱਕ ਵਾਰ ਫਿਰ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਆਪਣੇ ਆਪ ਵਿੱਚ ਬਹੁਤ ਵਧੀਆ ਹੋਵੇਗਾ।
ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਕਿਹਾ, “ਇੱਕੋ ਸ਼ੋਅ ਵਿੱਚ ਮੇਰੇ ਦੋ ਪਸੰਦੀਦਾ ਵਿਅਕਤੀ! ਸ੍ਰਿਤੀ ਅਤੇ ਅਰਜਿਤ ਨੂੰ ਵਧਾਈਆਂ। ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ।”
ਅਦਾਕਾਰਾ ਰਿਧੀ ਡੋਗਰਾ ਨੇ ਕਿਹਾ, ‘‘ਮੁਬਾਰਕਾਂ ਦੋਸਤੋ! ਮੈਂ ਸਿਰਫ਼ ਕਲਪਨਾ ਕਰ ਸਕਦੀ ਹਾਂ ਕਿ ਤੁਸੀਂ ਦੋਵੇਂ ਇਕੱਠੇ ਕੰਮ ਕਰਦੇ ਕਿੰਨੇ ਵਧੀਆ ਲੱਗੋਗੇ। ਬਹੁਤ ਖ਼ੂਬ! ਤੁਹਾਨੂੰ ਦੋਵਾਂ ਨੂੰ ਬਹੁਤ ਸਾਰਾ ਪਿਆਰ ਅਤੇ ਜ਼ੀ ਟੀਵੀ ਦੀ ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ।’’
ਅਦਾਕਾਰਾ ਸ਼ਰਧਾ ਆਰੀਆ ਨੇ ਕਿਹਾ, “ਮੇਰੇ ਸਾਰੇ ਪਸੰਦੀਦਾ ਸਿਤਾਰੇ ਇੱਕ ਸ਼ੋਅ ਵਿੱਚ (ਕੈਮਰੇ ਦੇ ਸਾਹਮਣੇ ਅਤੇ ਕੈਮਰੇ ਦੇ ਪਿੱਛੇ)। ਮੇਰਾ ਪਿਆਰ ਅਤੇ ਸ਼ੁਭਕਾਮਨਾਵਾਂ ਉਨ੍ਹਾਂ ਸਾਰਿਆਂ ਦੇ ਨਾਲ ਹਨ। ਸ੍ਰਿਤੀ ਤੁਹਾਨੂੰ ਅਦਾਕਾਰੀ ਕਰਦੇ ਦੇਖਣਾ ਹਮੇਸ਼ਾਂ ਖੁਸ਼ੀ ਦੀ ਗੱਲ ਹੈ। ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’’
ਅਟਲ ਬਿਹਾਰੀ ਵਾਜਪਈ ’ਤੇ ਸ਼ੋਅ ‘ਅਟਲ’
ਅਟਲ ਬਿਹਾਰੀ ਵਾਜਪਾਈ ਇੱਕ ਪ੍ਰਭਾਵਸ਼ਾਲੀ ਸਿਆਸਤਦਾਨ ਸਨ ਅਤੇ ਭਾਰਤ ਦੇ ਲੋਕ ਉਨ੍ਹਾਂ ਦੀ ਵਿਰਾਸਤ ਦੀ ਬਹੁਤ ਕਦਰ ਕਰਦੇ ਹਨ। ਐਂਡਟੀਵੀ ਆਪਣੇ ਨਵੇਂ ਸ਼ੋਅ ‘ਅਟਲ’ ਰਾਹੀਂ ਉਨ੍ਹਾਂ ਦੇ ਬਚਪਨ ਦੇ ਅਣਗਿਣਤ ਪਹਿਲੂਆਂ ਨੂੰ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਯੂਫੋਰੀਆ ਪ੍ਰੋਡਕਸ਼ਨ ਦੁਆਰਾ ਨਿਰਮਿਤ, ਇਹ ਸ਼ੋਅ ਤੁਹਾਨੂੰ ਅਟਲ ਬਿਹਾਰੀ ਦੇ ਬਚਪਨ ਵਿੱਚ ਲੈ ਜਾਵੇਗਾ ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਕਾਫ਼ੀ ਤਰੱਕੀ ਕੀਤੀ।
ਭਾਰਤ ਵਿੱਚ ਬ੍ਰਿਟਿਸ਼ ਰਾਜ ਦੀ ਪਿੱਠਭੂਮੀ ਵਿੱਚ ਸੈੱਟ ਕੀਤਾ ਗਿਆ ਇਹ ਸ਼ੋਅ ਅਟਲ ਬਿਹਾਰੀ ਵਾਜਪਾਈ ਦੀ ਪ੍ਰੇਰਨਾਦਾਇਕ ਕਹਾਣੀ ਨੂੰ ਪ੍ਰਦਰਸ਼ਿਤ ਕਰੇਗਾ, ਜਿਨ੍ਹਾਂ ਦੇ ਜੀਵਨ ਦੀ ਸ਼ੁਰੂਆਤ ਨਿਮਰਤਾ ਭਰਪੂਰ ਸੀ ਅਤੇ ਇੱਕ ਦਿਨ ਉਹ ਭਾਰਤ ਦੇ ਸਭ ਤੋਂ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਬਣ ਗਏ।
ਬਾਲ ਅਟਲ ਦੀ ਭੂਮਿਕਾ ਨਿਭਾਉਣ ਬਾਰੇ ਵਿਓਮ ਠੱਕਰ ਨੇ ਕਿਹਾ, “ਮੈਂ ਬਹੁਤ ਉਤਸ਼ਾਹਿਤ ਅਤੇ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਾਲ ਅਟਲ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਂ ਇਤਿਹਾਸ ਦੀਆਂ ਕਿਤਾਬਾਂ ਅਤੇ ਆਪਣੇ ਮਾਤਾ-ਪਿਤਾ ਤੋਂ ਅਟਲ ਜੀ ਬਾਰੇ ਸੁਣਿਆ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਟੈਲੀਵਿਜ਼ਨ ਸ਼ੋਅ ਵਿੱਚ ਉਨ੍ਹਾਂ ਦੇ ਬਚਪਨ ਦੀ ਭੂਮਿਕਾ ਨਿਭਾਵਾਂਗਾ।’’
ਕ੍ਰਿਸ਼ਨਾ ਦੇਵੀ ਵਾਜਪਾਈ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਨੇਹਾ ਜੋਸ਼ੀ ਨੇ ਕਿਹਾ, ‘‘ਮੈਂ ਅਟਲ ਜੀ ਦੀ ਮਾਂ ਕ੍ਰਿਸ਼ਨਾ ਦੇਵੀ ਦੀ ਅਹਿਮ ਭੂਮਿਕਾ ਨਿਭਾ ਕੇ ਖੁਸ਼ ਹਾਂ। ਇਤਿਹਾਸ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਦੇ ਬਾਵਜੂਦ, ਕ੍ਰਿਸ਼ਨਾ ਦੇਵੀ ਆਸਾਨੀ ਨਾਲ ਆਪਣੇ ਪਤੀ ਦੀ ਇੱਕ ਸਮਰਪਿਤ ਸਹਿਯੋਗੀ ਬਣ ਗਈ। ਜੀਵਨ ਵਿੱਚ ਉਨ੍ਹਾਂ ਦਾ ਮਿਸ਼ਨ ਆਪਣੇ ਪਰਿਵਾਰ ਵਿੱਚ ਸਦਭਾਵਨਾ ਬਣਾਈ ਰੱਖਣਾ ਅਤੇ ਆਪਣੇ ਪਤੀ ਦੇ ਫੈਸਲਿਆਂ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਣਾ ਸੀ। ਉਨ੍ਹਾਂ ਦੇ ਇਰਾਦੇ ਚਟਾਨ ਵਾਂਗ ਮਜ਼ਬੂਤ ਸਨ ਅਤੇ ਧਰਮ ਵਿੱਚ ਉਨ੍ਹਾਂ ਦਾ ਡੂੰਘਾ ਵਿਸ਼ਵਾਸ ਸੀ, ਉਹ ਚੁੱਪਚਾਪ ਬ੍ਰਿਟਿਸ਼ ਰਾਜ ਦਾ ਵਿਰੋਧ ਕਰਦੇ ਸਨ ਅਤੇ ਭਾਰਤ ਦੀ ਆਜ਼ਾਦੀ ਚਾਹੁੰਦੇ ਸਨ। ਕ੍ਰਿਸ਼ਨਾ ਦੇਵੀ ਉਹ ਨੀਂਹ ਹੈ ਜਿਨ੍ਹਾਂ ਨੇ ਆਪਣੇ ਪੁੱਤਰ ਅਟਲ ਨੂੰ ਢਾਲਿਆ। ਉਨ੍ਹਾਂ ਨੇ ਅਟਲ ਨੂੰ ਇੱਕ ਮਜ਼ਬੂਤ ਦ੍ਰਿਸ਼ਟੀਕੋਣ ਦਿੱਤਾ। ਆਪਣੇ ਪਰਿਵਾਰ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ, ਬ੍ਰਿਟਿਸ਼ ਰਾਜ ਦੇ ਜ਼ੁਲਮ ਦੇ ਖਿਲਾਫ਼ ਉਨ੍ਹਾਂ ਦਾ ਬੇ-ਬੋਲਿਆ ਵਿਰੋਧ ਅਤੇ ਉਨ੍ਹਾਂ ਦੇ ਪੁੱਤਰ ਨੂੰ ਇੱਕ ਚੰਗਾ ਨਾਗਰਿਕ ਬਣਾਉਣ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਨੇ ਕ੍ਰਿਸ਼ਨ ਨੂੰ ਇੱਕ ਬੇਮਿਸਾਲ ਪਾਤਰ ਬਣਾਇਆ ਹੈ।’’
ਕ੍ਰਿਸ਼ਨ ਬਿਹਾਰੀ ਵਾਜਪਾਈ ਦੇ ਰੋਲ ਬਾਰੇ ਆਸ਼ੂਤੋਸ਼ ਕੁਲਕਰਨੀ ਨੇ ਕਿਹਾ, “ਸਕਰੀਨ ਉੱਤੇ ਬਾਲ ਅਟਲ ਦੇ ਪਿਤਾ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। 1930 ਦੇ ਦਹਾਕੇ ਵਿੱਚ ਕ੍ਰਿਸ਼ਨ ਬਿਹਾਰੀ ਵਾਜਪਾਈ ਗੰਭੀਰ ਅਧਿਆਪਕ ਅਤੇ ਰਾਸ਼ਟਰਵਾਦੀ ਸਨ, ਜਿਨ੍ਹਾਂ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਕ੍ਰਿਸ਼ਨ ਬਿਹਾਰੀ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਸਨ।’’