ਛੋਟਾ ਪਰਦਾ
ਧਰਮਪਾਲ
ਮੁੱਖ ਭੂਮਿਕਾ ’ਚ ਅਬਰਾਰ ਅਤੇ ਰਾਚੀ
ਪਿਛਲੇ 9 ਸਾਲਾਂ ਤੋਂ ਜ਼ੀ ਟੀਵੀ ’ਤੇ ਚੱਲ ਰਹੇ ਪ੍ਰਸਿੱਧ ਸ਼ੋਅ ‘ਕੁਮਕੁਮ ਭਾਗਿਆ’ ਵਿੱਚ ਦਿਲਚਸਪ ਮੋੜ ਆਉਣ ਵਾਲੇ ਹਨ। ਅਭੀ ਅਤੇ ਪ੍ਰਗਿਆ ਦੇ ਅਧਿਆਏ ਦੇ ਹੈਰਾਨ ਕਰਨ ਵਾਲੇ ਅੰਤ ਤੋਂ ਬਾਅਦ, ਸ਼ੋਅ ਨੇ ਬਹੁਤ ਸਾਰੇ ਰੁਮਾਂਚਕ ਮੋੜ ਲਏ ਹਨ ਜਿਸ ਤਹਿਤ ਦਰਸ਼ਕਾਂ ਨੂੰ ਰਣਬੀਰ (ਕ੍ਰਿਸ਼ਨਾ ਕੌਲ) ਅਤੇ ਪ੍ਰਾਚੀ (ਮੁਗਧਾ ਚਾਫੇਕਰ) ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦਿਲਚਸਪ ਮੋੜ ਅਤੇ ਚੁਣੌਤੀਆਂ ਦੇਖਣ ਨੂੰ ਮਿਲੀਆਂ। ਇਸ ਕਾਰਨ ਉਹ ਵੱਖ ਹੋ ਗਏ। ਉਨ੍ਹਾਂ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਦੇ ਪੁਨਰ-ਮਿਲਨ ਨੂੰ ਦੇਖਣ ਲਈ ਉਤਸੁਕ ਹਨ। ਹਾਲਾਂਕਿ, ਆਉਣ ਵਾਲੇ ਐਪੀਸੋਡਾਂ ਵਿੱਚ ਪੂਰੀ ਕਹਾਣੀ ਬਦਲਣ ਜਾ ਰਹੀ ਹੈ ਕਿਉਂਕਿ ਇਹ ਸ਼ੋਅ 20 ਸਾਲ ਅੱਗੇ ਵਧੇਗਾ, ਜਿੱਥੇ ਇਹ ਰਣਬੀਰ ਅਤੇ ਪ੍ਰਾਚੀ ਦੀ ਧੀ ਪੂਰਵੀ ਦੀ ਜ਼ਿੰਦਗੀ ਨੂੰ ਦਿਖਾਏਗਾ।
ਬਾਅਦ ਵਿੱਚ ਕਹਾਣੀ ਵਿੱਚ ਪੂਰਵੀ ਅਤੇ ਰਾਜਵੰਸ਼ ਵਿਚਕਾਰ ਪ੍ਰੇਮ ਸਬੰਧ ਬਣ ਜਾਂਦੇ ਹਨ। ਹਾਲਾਂਕਿ ਉਨ੍ਹਾਂ ਦੇ ਵਿਆਹ ਵਾਲੇ ਦਿਨ ਪੂਰਵੀ ਵਿਆਹ ਦੀਆਂ ਰਸਮਾਂ ਵਿੱਚ ਪੂਰੇ ਦਿਲ ਨਾਲ ਹਿੱਸਾ ਲੈਂਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੈ, ਪਰ ਰਾਜਵੰਸ਼ ਇਹ ਰਸਮਾਂ ਅੱਧੇ ਮਨ ਨਾਲ ਨਿਭਾਉਂਦਾ ਹੈ। ਇਹ ਹਰ ਇੱਕ ਨੂੰ ਸੋਚਣ ਲਈ ਮਜਬੂਰ ਕਰੇਗਾ ਕਿ ਪਤਨੀ ਉਸ ਨਾਲ ਪਿਆਰ ਨਿਭਾਉਣ ਲਈ ਸਹੁੰ ਖਾ ਰਹੀ ਹੈ, ਫਿਰ, ਪਤੀ ਅਧੂਰੀਆਂ ਰਸਮਾਂ ਕਿਉਂ ਕਰ ਰਿਹਾ ਹੈ?
ਲੀਪ ਤੋਂ ਬਾਅਦ ਪ੍ਰਸਿੱਧ ਅਦਾਕਾਰਾ ਰਾਚੀ ਸ਼ਰਮਾ ਪੂਰਵੀ ਦਾ ਕਿਰਦਾਰ ਨਿਭਾਏਗੀ। ਪੂਰਵੀ ਇੱਕ ਸਕੂਲ ਅਧਿਆਪਕ ਹੈ ਅਤੇ ਬਹੁਤ ਸਾਦਾ ਜੀਵਨ ਬਤੀਤ ਕਰਦੀ ਹੈ। ਉਹ ਆਪਣੀ ਦੁਨੀਆ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭਦੀ ਹੈ ਅਤੇ ਬਿਨਾ ਕਿਸੇ ਵੱਡੀਆਂ ਇੱਛਾਵਾਂ ਦੇ ਹਰ ਚੁਣੌਤੀ ਦਾ ਖੁੱਲ੍ਹ ਕੇ ਸਾਹਮਣਾ ਕਰਦੀ ਹੈ। ਦੂਜੇ ਪਾਸੇ, ਮਸ਼ਹੂਰ ਅਦਾਕਾਰ ਅਬਰਾਰ ਕਾਜ਼ੀ, ਰਾਜਵੰਸ਼ ਮਲਹੋਤਰਾ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਜੋ ਉਤਸ਼ਾਹੀ ਕਾਰੋਬਾਰੀ ਹੈ। ਕਾਰੋਬਾਰੀ ਸੰਸਾਰ ਵਿੱਚ ਆਪਣੇ ਨਵੇਂ ਇਰਾਦਿਆਂ ਅਤੇ ਮੁਸ਼ਕਲਾਂ ਦੇ ਬਾਵਜੂਦ, ਉਹ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਸ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂ ਹਨ।
ਰਾਚੀ ਸ਼ਰਮਾ ਨੇ ਕਿਹਾ, ‘‘ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹਾਂ, ਤਾਂ ਮੈਂ ਖਾਸ ਤੌਰ ’ਤੇ ਇਸ ਦੇ 9 ਸਾਲਾਂ ਦੇ ਸਫ਼ਰ ਨੂੰ ਦੇਖਦੇ ਹੋਏ ਬਹੁਤ ਉਤਸ਼ਾਹਿਤ ਸੀ। ਇਸ ਸ਼ੋਅ ਦੇ ਸਾਰੇ ਕਲਾਕਾਰਾਂ ਅਤੇ ਕਰੂ ਮੈਂਬਰਾਂ ਨੇ ਮੇਰਾ ਦਿਲੋਂ ਸੁਆਗਤ ਕੀਤਾ ਅਤੇ ਸੈੱਟ ’ਤੇ ਮੇਰੇ ਤਜਰਬੇ ਨੂੰ ਸੁਹਾਵਣਾ ਬਣਾ ਦਿੱਤਾ। ਮੈਨੂੰ ਯਕੀਨ ਹੈ ਕਿ 20 ਸਾਲ ਦੀ ਲੀਪ ਤੋਂ ਬਾਅਦ ਸ਼ੋਅ ਜੋ ਦਿਲਚਸਪ ਨਵਾਂ ਮੋੜ ਲਿਆਏਗਾ, ਉਹ ਦਰਸ਼ਕਾਂ ਨੂੰ ਆਪਣੇ ਵੱਲ ਖਿੱਚੇਗਾ।”
ਅਬਰਾਰ ਕਾਜ਼ੀ ਨੇ ਕਿਹਾ, “ਏਕਤਾ ਮੈਡਮ ਨਾਲ ਇਹ ਮੇਰਾ ਦੂਜਾ ਸ਼ੋਅ ਹੈ ਅਤੇ ਮੈਂ ਇਸ ਟੀਮ ਨਾਲ ਕੰਮ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ। ਇਸ ਸ਼ੋਅ ਵਿੱਚ ਮੇਰਾ ਕਿਰਦਾਰ ਬਹੁਤ ਦਿਲਚਸਪ ਹੈ ਅਤੇ ਮੈਨੂੰ ਪ੍ਰੋਮੋ ਦੀ ਸ਼ੂਟਿੰਗ ਵਿੱਚ ਬਹੁਤ ਮਜ਼ਾ ਆਇਆ। ਇਹ ਯਕੀਨੀ ਤੌਰ ’ਤੇ ਇਸ ਸ਼ੋਅ ਦੇ ਪ੍ਰਸ਼ੰਸਕਾਂ ਵਿੱਚ ਦਿਲਚਸਪੀ ਪੈਦਾ ਕਰੇਗਾ। ਮੈਨੂੰ ਉਮੀਦ ਹੈ ਕਿ ਦਰਸ਼ਕ ਪੂਰਵੀ ਅਤੇ ਰਾਜਵੰਸ਼ ਅਤੇ ਉਨ੍ਹਾਂ ਦੇ ਤਾਲਮੇਲ ਨੂੰ ਪਿਆਰ ਕਰਨਗੇ।।
ਮਾਨਵ ਬਣਿਆ ਪੁਲੀਸ ਅਧਿਕਾਰੀ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਆਪਣੇ ਆਉਣ ਵਾਲੇ ਨਵੇਂ ਸ਼ੋਅ ‘ਦਬੰਗੀ...ਮੁਲਗੀ ਆਈ ਰੇ ਆਈ’ ਵਿੱਚ ਦਰਸ਼ਕਾਂ ਨੂੰ ਦਲੇਰ ਅਤੇ ਨਿਡਰ ਆਰੀਆ (ਮਾਹੀ ਭਦਰਾ) ਨਾਲ ਜਾਣੂ ਕਰਵਾ ਰਿਹਾ ਹੈ। ਇਹ ਕਹਾਣੀ ਜੋ ਭਾਵਨਾਵਾਂ ਨਾਲ ਭਰੀ ਹੋਈ ਹੈ ਅਤੇ ਗੁੰਝਲਦਾਰ ਰਿਸ਼ਤਿਆਂ ਨਾਲ ਭਰਪੂਰ ਹੈ, ਵਿੱਚ ਸ਼ੋਅ ਦਾ ਸੰਚਾਲਨ ਨੌਜਵਾਨ ਨਾਇਕਾ ਆਰੀਆ ਦੁਆਰਾ ਕੀਤਾ ਜਾਂਦਾ ਹੈ, ਜੋ ਆਪਣੇ ਪਿਤਾ ਨੂੰ ਮਿਲਣ ਦੀ ਉਮੀਦ ਰੱਖਦੀ ਹੈ। ਆਰੀਆ ਦਾ ਮੰਨਣਾ ਹੈ ਕਿ ਉਸ ਦਾ ਪਿਤਾ ਇੱਕ ਸੁਪਰਕੌਪ ਹੈ ਅਤੇ ਇੱਕ ਮਿਸ਼ਨ ’ਤੇ ਹੈ, ਜਿਸ ਕਾਰਨ ਉਹ ਉਸ ਨੂੰ ਕਦੇ ਨਹੀਂ ਮਿਲੀ, ਪਰ ਉਹ ਆਪਣੀਆਂ ਅਸਲ ਜੜ੍ਹਾਂ ਤੋਂ ਅਣਜਾਣ ਹੈ।
ਮਾਨਵ ਗੋਹਿਲ, ਆਪਣੇ ਪ੍ਰਭਾਵਸ਼ਾਲੀ ਅਦਾਕਾਰੀ ਦੇ ਹੁਨਰ ਅਤੇ ਮਨੋਰੰਜਨ ਉਦਯੋਗ ਵਿੱਚ ਵਿਭਿੰਨ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਪੁਲੀਸ ਇੰਸਪੈਕਟਰ ਦੀ ਭੂਮਿਕਾ ਨਿਭਾਉਂਦਾ ਹੋਇਆ ਆਪਣੇ ਆਪ ਨੂੰ ਨਵੇਂ ਰੂਪ ਵਿੱਚ ਪੇਸ਼ ਕਰੇਗਾ। ਉਹ ਕਹਿੰਦਾ ਹੈ ਕਿ ‘ਦਬੰਗੀ...ਮੁਲਗੀ ਆਈ ਰੇ ਆਈ’ ਦੋ ਵਿਰੋਧੀ ਵਿਚਾਰਧਾਰਾਵਾਂ ਦੀ ਵਿਲੱਖਣ ਕਹਾਣੀ ਹੈ। ਇਹ ਉਸ ਦਾ ਅਨੈਤਿਕ ਭਰਾ, ਸਤਿਆ (ਆਮਿਰ ਡਾਲਵੀ) ਅਤੇ ਜੀਵਨ ਬਾਰੇ ਉਸ ਦਾ ਆਪਣਾ ਮਜ਼ਬੂਤ ਨੈਤਿਕ ਨਜ਼ਰੀਆ ਹੈ ਜੋ ਆਰੀਆ ਦੇ ਕੇਂਦਰ ਪੜਾਅ ’ਤੇ ਟਕਰਾਉਂਦਾ ਹੈ।
ਮਾਨਵ ਗੋਹਿਲ ਕਹਿੰਦਾ ਹੈ, “ਅੰਕੁਸ਼ ਭ੍ਰਿਸ਼ਟਾਚਾਰ ਖਿਲਾਫ਼ ਲੜਨ ਵਿੱਚ ਗੰਭੀਰ, ਸਾਧਾਰਨ ਅਤੇ ਅਡੋਲ ਲੱਗਦਾ ਹੈ। ਉਹ ਝੂਠੇ ਅਤੇ ਧੋਖੇਬਾਜ਼ਾਂ ਨੂੰ ਨਫ਼ਰਤ ਕਰਦਾ ਹੈ। ਹਾਲਾਂਕਿ ਮੈਂ ਇਸ ਤੋਂ ਪਹਿਲਾਂ ਸਕਰੀਨ ’ਤੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਮੈਂ ਵਰਦੀ ’ਚ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾ ਰਿਹਾ ਹਾਂ ਅਤੇ ਇਹ ਸੀ.ਆਈ.ਡੀ. ਵਿੱਚ ਮੇਰੀ ਪਿਛਲੀ ਭੂਮਿਕਾ ਤੋਂ ਇੱਕ ਮਹੱਤਵਪੂਰਨ ਬਦਲਾਅ ਹੈ, ਜਿੱਥੇ ਮੈਂ ਇੱਕ ਵੱਖਰੀ ਕਿਸਮ ਦਾ ਕਿਰਦਾਰ ਨਿਭਾਇਆ ਹੈ।’’
ਗੋਹਿਲ ਨੇ ਆਪਣੇ ਕਿਰਦਾਰ ਬਾਰੇ ਵਿਸਥਾਰ ਨਾਲ ਦੱਸਿਆ, ‘‘ਮੈਂ ਪੂਰੀ ਕਹਾਣੀ ਦੌਰਾਨ ਵੱਖ-ਵੱਖ ਪਾਤਰਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਮਨੋਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਬਿਰਤਾਂਤ ਸਮੇਤ ਸਕ੍ਰਿਪਟ ਦਾ ਅਧਿਐਨ ਕਰਕੇ ਆਪਣੇ ਆਪ ਨੂੰ ਪਾਤਰ ਵਿੱਚ ਲੀਨ ਕੀਤਾ। ਇਹ ਉਨ੍ਹਾਂ ਦੁਰਲੱਭ ਸਕ੍ਰਿਪਟਾਂ ਵਿੱਚੋਂ ਇੱਕ ਹੈ ਜਿਸ ਵਿੱਚ ਚੰਗੀ ਤਰ੍ਹਾਂ ਬਣਾਏ ਗਏ ਕਿਰਦਾਰਾਂ ਨੂੰ ਬੁਣਿਆ ਗਿਆ ਹੈ। ਮੈਨੂੰ ਅਹਿਸਾਸ ਹੋਇਆ ਕਿ ਇਹ ਭੂਮਿਕਾ ਸਿਰਫ਼ ਬਹਾਦਰੀ ਅਤੇ ਆਪਣੀ ਤਾਕਤ ਨੂੰ ਦਿਖਾਉਣ ਬਾਰੇ ਨਹੀਂ ਹੈ, ਇਹ ਅੰਕੁਸ਼ ਦੁਆਰਾ ਅਨੁਭਵ ਕੀਤੇ ਗਏ ਜਜ਼ਬਾਤਾਂ ਦੀ ਡੂੰਘਾਈ ਨੂੰ ਹਾਸਲ ਕਰਨ ਬਾਰੇ ਹੈ, ਖਾਸ ਕਰਕੇ ਜਦੋਂ ਉਸ ਨੂੰ ਆਪਣੇ ਹੀ ਭਰਾ ਦੇ ਵਿਰੁੱਧ ਜਾਣਾ ਪੈਂਦਾ ਹੈ। ਮੈਂ ਪਾਤਰ ਵਿੱਚ ਸੂਖਮ ਬਾਰੀਕੀਆਂ ਜੋੜੀਆਂ ਹਨ, ਜੋ ਵਰਦੀ ਵਿੱਚ ਪੁਲੀਸ ਅਧਿਕਾਰੀ ਦੇ ਨਾਲ ਅਸਲ ਵਿੱਚ ਸਮੀਕਰਨ ਬਦਲ ਦਿੰਦੀਆਂ ਹਨ। ਮੈਂ ਅੰਕੁਸ਼ ਦੇ ਨਾਲ ਅੱਗੇ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਾਂ।’’
ਕਰਨ ਦੀਆਂ ‘ਉਡਾਰੀਆਂ’
ਕਲਰਜ਼ ’ਤੇ ਸ਼ੋਅ ‘ਉਡਾਰੀਆਂ’ ਆਲੀਆ (ਅਲੀਸ਼ਾ ਪਰਵੀਨ ਦੁਆਰਾ ਨਿਭਾਈ ਗਈ), ਅਰਮਾਨ (ਅਨੁਰਾਗ ਚਾਹਲ ਦੁਆਰਾ ਨਿਭਾਈ ਗਈ) ਅਤੇ ਆਸਮਾਂ (ਅਦਿਤੀ ਭਗਤ ਦੁਆਰਾ ਨਿਭਾਈ ਗਈ) ਦੇ ਜੀਵਨ ਸਫ਼ਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ, ਜਿੱਥੇ ਉਹ ਇੱਕ ਪ੍ਰੇਮ ਤਿਕੋਣ ਵਿੱਚ ਫਸ ਜਾਂਦੇ ਹਨ। ਇਸ ਕਹਾਣੀ ਵਿੱਚ ਅਰਮਾਨ ਇੱਕ ਮਹੱਤਵਪੂਰਨ ਪਲ ’ਤੇ ਪਹੁੰਚਦਾ ਹੈ ਜਿੱਥੇ ਉਹ ਆਸਮਾਂ ਨੂੰ ਦਰਦ ਦੇਣ ਦੇ ਆਪਣੇ ਅਪਰਾਧ ਬੋਧ ਨਾਲ ਜੂਝਦਾ ਹੈ।
ਉਹ ਆਮਸਾਂ ਨੂੰ ਉਨ੍ਹਾਂ ਦੇ ਵਿਆਹ ਬਾਰੇ ਸੱਚ ਦੱਸਣ ਦਾ ਫੈਸਲਾ ਕਰਦਾ ਹੈ। ਬਾਅਦ ਵਿੱਚ ਉਹ ਇੱਕ ਸਖ਼ਤ ਕਦਮ ਚੁੱਕਦਾ ਹੈ ਅਤੇ ਆਲੀਆ ਨੂੰ ਆਪਣਾ ਘਰ ਛੱਡਣ ਲਈ ਕਹਿੰਦਾ ਹੈ। ਇੱਕ ਅਜਿਹਾ ਕਦਮ ਜੋ ਆਲੀਆ ਨੂੰ ਗਹਿਰੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ ਅਤੇ ਉਹ ਗੁੱਸੇ ਨਾਲ ਭਰ ਜਾਂਦੀ ਹੈ। ਇਸ ਅਚਾਨਕ ਮੋੜ ਦੇ ਜਵਾਬ ਵਿੱਚ, ਆਲੀਆ ਨੇ ਇੱਕ ਦਲੇਰ ਕਦਮ ਚੁੱਕਿਆ ਅਤੇ ਕਿਹਾ ਕਿ ਜੇਕਰ ਅਰਮਾਨ ਅਗਲੇ 48 ਘੰਟਿਆਂ ਵਿੱਚ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਉਂਦਾ ਤਾਂ ਉਹ ਕਬੀਰ ਨਾਲ ਵਿਆਹ ਕਰੇਗੀ। ਕੀ ਅਰਮਾਨ ਆਪਣੇ ਪਿਆਰ ਲਈ ਲੜੇਗਾ?
ਕਹਾਣੀ ਵਿੱਚ ਪ੍ਰਦਰਸ਼ਿਤ ਭਾਵਨਾਵਾਂ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਆਸਮਾਂ ਆਪਣੇ ਬਚਪਨ ਦੇ ਦੋਸਤ ਕਬੀਰ ਦੀ ਵਾਪਸੀ ਤੋਂ ਹੈਰਾਨ ਅਤੇ ਖੁਸ਼ ਹੈ, ਜੋ ਕੈਨੇਡਾ ਤੋਂ ਉਸ ਕੋਲ ਵਾਪਸ ਆਇਆ ਹੈ। ਉਸ ਦਾ ਅਚਾਨਕ ਆਉਣਾ ਮੁਸ਼ਕਲਾਂ ਦੇ ਵਿਚਕਾਰ ਉਮੀਦ ਦੀ ਕਿਰਨ ਦਾ ਕੰਮ ਕਰਦਾ ਹੈ। ਵਾਪਸ ਆਉਣ ’ਤੇ ਉਹ ਆਸਮਾਂ ਨਾਲ ਦੁਬਾਰਾ ਜੁੜਨ ਦੀ ਆਪਣੀ ਇੱਛਾ ਜ਼ਾਹਰ ਕਰਦਾ ਹੈ, ਉਸ ਦੀ ਭਲਾਈ ਲਈ ਸੱਚੀ ਚਿੰਤਾ ਦਰਸਾਉਂਦਾ ਹੈ, ਖਾਸ ਕਰਕੇ ਕਿਉਂਕਿ ਉਹ ਇੱਕ ਰਵਾਇਤੀ ਪਰਿਵਾਰ ਵਿੱਚ ਵਿਆਹੀ ਹੋਈ ਹੈ। ਕਬੀਰ ਦਾ ਟੀਚਾ ਆਸਮਾਂ ਦੀ ਦੇਖਭਾਲ ਕਰਨਾ ਅਤੇ ਇਹ ਪਤਾ ਲਗਾਉਣਾ ਹੈ ਕਿ ਕੀ ਉਹ ਆਪਣੇ ਮੌਜੂਦਾ ਜੀਵਨ ਵਿੱਚ ਖੁਸ਼ ਹੈ।
ਸ਼ੋਅ ਵਿੱਚ ਆਪਣੇ ਪ੍ਰਵੇਸ਼ ਬਾਰੇ ਗੱਲ ਕਰਦੇ ਹੋਏ ਕਰਨ ਖੰਨਾ ਕਹਿੰਦਾ ਹੈ, “ਮੈਂ ਕਲਰਜ਼ ਨਾਲ ਦੁਬਾਰਾ ਜੁੜ ਕੇ ਬਹੁਤ ਖੁਸ਼ ਹਾਂ। ‘ਉਡਾਰੀਆਂ’ ਸੀਜ਼ਨ ਦਰ ਸੀਜ਼ਨ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਅਤੇ ਮੈਂ ਇਸ ਪ੍ਰਸਿੱਧ ਸ਼ੋਅ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਮੈਂ ਕਬੀਰ ਦਾ ਕਿਰਦਾਰ ਨਿਭਾਵਾਂਗਾ, ਜੋ ਆਸਮਾਂ ਦਾ ਬਚਪਨ ਦਾ ਦੋਸਤ ਹੈ। ਸ਼ੋਅ ’ਚ ਮੇਰਾ ਪ੍ਰਵੇਸ਼ ਕਹਾਣੀ ਦੀ ਦਿਸ਼ਾ ਬਦਲ ਦੇਵੇਗਾ ਅਤੇ ਆਸਮਾਂ ਅਤੇ ਅਰਮਾਨ ਦੀ ਜ਼ਿੰਦਗੀ ’ਚ ਨਵਾਂ ਮੋੜ ਲੈ ਕੇ ਆਵੇਗਾ।’’