ਛੋਟਾ ਪਰਦਾ
ਧਰਮਪਾਲ
ਸ਼ਰਾਰਤੀ ਰੋਹਿਤ ਸੁਚੰਤੀ
ਪਿਛਲੇ ਦੋ ਸਾਲਾਂ ਤੋਂ ਜ਼ੀ ਟੀਵੀ ਦਾ ਸ਼ੋਅ ‘ਭਾਗਿਆ ਲਕਸ਼ਮੀ’ ਆਪਣੀ ਦਿਲਚਸਪ ਕਹਾਣੀ ਅਤੇ ਲਕਸ਼ਮੀ (ਐਸ਼ਵਰਿਆ ਖਰੇ) ਅਤੇ ਰਿਸ਼ੀ (ਰੋਹਿਤ ਸੁਚੰਤੀ) ਦੇ ਜੀਵਨ ਵਿੱਚ ਉਤਰਾਅ-ਚੜ੍ਹਾਅ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਹਾਲ ਹੀ ਦੇ ਐਪੀਸੋਡਾਂ ਵਿੱਚ ਦਰਸ਼ਕਾਂ ਨੇ ਦੇਖਿਆ ਕਿ ਜਦੋਂ ਰਿਸ਼ੀ ਦੀ ਮਾਂ ਨੀਲਮ (ਸਮਿਤਾ ਬਾਂਸਲ) ਉਸ ਨੂੰ ਲਕਸ਼ਮੀ ਅਤੇ ਉਸ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਹਿੰਦੀ ਹੈ, ਤਾਂ ਰਿਸ਼ੀ ਲਕਸ਼ਮੀ ਦੇ ਨਾਲ ਘਰ ਛੱਡ ਜਾਂਦਾ ਹੈ।
ਸ਼ੂਟਿੰਗ ਅਕਸਰ ਅਦਾਕਾਰਾਂ ਲਈ ਥਕਾ ਦੇਣ ਵਾਲਾ ਤਜਰਬਾ ਬਣ ਜਾਂਦੀ ਹੈ, ਇਸ ਲਈ ਸੈੱਟ ਦੇ ਮਾਹੌਲ ਨੂੰ ਥੋੜ੍ਹਾ ਖੁਸ਼ਹਾਲ ਅਤੇ ਹਲਕਾ-ਫੁਲਕਾ ਰੱਖਣ ਲਈ ਰੋਹਿਤ ਆਪਣੀਆਂ ਸ਼ਰਾਰਤਾਂ ਨਾਲ ਸਾਰਿਆਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਉਹ ਦਿਨ ਭਰ ਆਪਣੇ ਸਹਿ-ਕਲਾਕਾਰਾਂ ਨਾਲ ਅਜਿਹੇ ਹਲਕੇ-ਫੁਲਕੇ ਮਜ਼ਾਕ ਕਰਦਾ ਰਹਿੰਦਾ ਹੈ ਤਾਂ ਕਿ ਸਾਰਿਆਂ ਨੂੰ ਚੰਗਾ ਬਰੇਕ ਮਿਲ ਸਕੇ। ਐਸ਼ਵਰਿਆ ਖਰੇ ਇਹ ਸਭ ਕਰਨ ਲਈ ਉਸ ਦੀ ਪਸੰਦੀਦਾ ਹੈ ਕਿਉਂਕਿ ਉਸ ਨੂੰ ਬਿਲਕੁਲ ਉਸੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲਦੀਆਂ ਹਨ ਜਿਸ ਦੀ ਉਹ ਐਸ਼ਵਰਿਆ ਤੋਂ ਉਮੀਦ ਕਰਦਾ ਹੈ। ਚਾਹੇ ਫੋਨ ਲੁਕਾਉਣਾ ਹੋਵੇ, ਸਕ੍ਰਿਪਟ ਬਦਲਣਾ ਹੋਵੇ ਜਾਂ ਅਚਾਨਕ ਮਜ਼ਾਕੀਆ ਤਸਵੀਰਾਂ ਜਾਂ ਵੀਡੀਓ ਲੈਣਾ, ਰੋਹਿਤ ਹਰ ਤਰ੍ਹਾਂ ਨਾਲ ਇਹ ਯਕੀਨੀ ਬਣਾਉਂਦਾ ਹੈ ਕਿ ਸ਼ੋਅ ਦੇ ਸੈੱਟ ’ਤੇ ਮਾਹੌਲ ਖੁਸ਼ ਬਣਿਆ ਰਹੇ।
ਰੋਹਿਤ ਸੁਚੰਤੀ ਦੱਸਦਾ ਹੈ, “ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਸੈੱਟ ’ਤੇ ਵੱਡੇ ਡਰਾਮੇ ਦੇ ਦ੍ਰਿਸ਼ ਦੀ ਸ਼ੂਟਿੰਗ ਕਰ ਰਹੇ ਹਾਂ ਅਤੇ ਅਸੀਂ ਸਾਰੇ ਸਕ੍ਰਿਪਟ ਦੀ ਰਿਹਰਸਲ ਕਰਨ ਵਿੱਚ ਰੁੱਝੇ ਹੋਏ ਹਾਂ ਤਾਂ ਜੋ ਅਸੀਂ ਆਪਣੇ ਕਿਰਦਾਰਾਂ ਨੂੰ ਸਕਰੀਨ ’ਤੇ ਚੰਗੀ ਤਰ੍ਹਾਂ ਨਿਭਾ ਸਕੀਏ। ਮਾਹੌਲ ਨੂੰ ਥੋੜ੍ਹਾ ਹਲਕਾ ਰੱਖਣ ਲਈ, ਮੈਂ ਹਮੇਸ਼ਾਂ ਆਪਣੇ ਸਹਿ-ਕਲਾਕਾਰਾਂ, ਖਾਸ ਕਰਕੇ ਐਸ਼ਵਰਿਆ ਨਾਲ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਮੈਂ ਉਸ ਦਾ ਫੋਨ ਆਪਣੇ ਕਮਰੇ ਵਿੱਚ ਲੁਕਾ ਲੈਂਦਾ ਹਾਂ ਜਾਂ ਉਸ ਦੀ ਸਕ੍ਰਿਪਟ ਨੂੰ ਅਮਨ ਦੇ ਕਮਰੇ ਵਿੱਚ ਰੱਖਦਾ ਹਾਂ ਜਾਂ ਉਸ ਦੇ ਵੀਡੀਓਜ਼ ’ਤੇ ਕੋਈ ਮਜ਼ਾਕੀਆ ਫਿਲਟਰ ਲਗਾ ਦਿੰਦਾ ਹਾਂ ਅਤੇ ਕਿਸੇ ਨਾ ਕਿਸੇ ਕਾਰਨ ਉਸ ਨੂੰ ਹਮੇਸ਼ਾਂ ਪਤਾ ਹੁੰਦਾ ਹੈ ਕਿ ਇਹ ਮੈਂ ਹੀ ਹਾਂ। ਅਸੀਂ ਆਪਣੇ ਪ੍ਰਸ਼ੰਸਕਾਂ ਲਈ ਕਈ ਮਜ਼ਾਕੀਆ ਵੀਡੀਓਜ਼ ਵੀ ਬਣਾਉਂਦੇ ਹਾਂ ਅਤੇ ਉਹ ਇਸ ਰਾਹੀਂ ਆਪਣਾ ਬਦਲਾ ਲੈਣ ਦੀ ਕੋਸ਼ਿਸ਼ ਵੀ ਕਰਦੀ ਹੈ। ਸਾਡੇ ਮਜ਼ਾਕ ਅਤੇ ਕਾਰਨਾਮੇ ਹੁਣ ਨਾ ਸਿਰਫ਼ ਸੈੱਟ ’ਤੇ ਬਲਕਿ ਦਰਸ਼ਕਾਂ ਵਿੱਚ ਵੀ ਬਹੁਤ ਮਸ਼ਹੂਰ ਹੋ ਗਏ ਹਨ।’’
ਗੋਵਿੰਦ ਪਾਂਡੇ ਬਣਿਆ ਸਰਪੰਚ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਨਵੀਂ ਪੇਸ਼ਕਾਰੀ ‘ਕਾਵਿਆ - ਏਕ ਜਜ਼ਬਾ, ਏਕ ਜਨੂੰਨ’ ਪਹਿਲਾਂ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਇਸ ਕਹਾਣੀ ਦੇ ਕਲਾਕਾਰਾਂ ਵਿੱਚ ਹੁਣ ਇੱਕ ਨਵਾਂ ਕਿਰਦਾਰ ਗਿਰੀਰਾਜ ਪ੍ਰਧਾਨ ਹੈ ਜੋ ਆਦਿਰਾਜ ਪ੍ਰਧਾਨ (ਮਿਸ਼ਕਤ ਵਰਮਾ) ਦਾ ਪਿਤਾ ਹੈ। ਮਸ਼ਹੂਰ ਟੈਲੀਵਿਜ਼ਨ ਅਭਨਿੇਤਾ ਗੋਵਿੰਦ ਪਾਂਡੇ ਦੁਆਰਾ ਇਹ ਭੂਮਿਕਾ ਨਿਭਾਈ ਗਈ ਹੈ। ਗਿਰੀਰਾਜ ਜਾਣਿਆ-ਪਛਾਣਿਆ ਸਰਪੰਚ ਹੈ ਜੋ ਸਿਆਸੀ ਪੌੜੀ ’ਤੇ ਚੜ੍ਹਿਆ, ਪੂਰੀ ਚਲਾਕੀ ਅਤੇ ਹੇਰਾਫੇਰੀ ਰਾਹੀਂ ਆਪਣਾ ਰਸਤਾ ਬਣਾਉਂਦਾ ਹੈ।
ਗੋਵਿੰਦ ਪਾਂਡੇ ਆਪਣੀ ਅਸਾਧਾਰਨ ਪ੍ਰਤਿਭਾ ਅਤੇ ਸਕਰੀਨ ’ਤੇ ਵੱਖ-ਵੱਖ ਕਿਰਦਾਰ ਨਿਭਾਉਣ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਸ ਦੇ ਕਲਾ ਪ੍ਰਤੀ ਸਮਰਪਣ ਅਤੇ ਉਸ ਦੀ ਭੂਮਿਕਾ ਵਿੱਚ ਡੂੰਘਾਈ ਅਤੇ ਪ੍ਰਮਾਣਿਕਤਾ ਲਿਆਉਣ ਦੀ ਉਸ ਦੀ ਯੋਗਤਾ ਨੇ ਉਸ ਨੂੰ ਟੈਲੀਵਿਜ਼ਨ ਉਦਯੋਗ ਵਿੱਚ ਇੱਕ ਸਤਿਕਾਰਤ ਹਸਤੀ ਬਣਾ ਦਿੱਤਾ ਹੈ। ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਗੋਵਿੰਦ ਪਾਂਡੇ ਕਹਿੰਦਾ ਹੈ, ‘‘ਕਾਵਿਆ- ਏਕ ਜਜ਼ਬਾ, ਏਕ ਜਨੂੰਨ’ ਮੇਰੇ ਲਈ ਇੱਕ ਰੁਮਾਂਚਕ ਸਫ਼ਰ ਹੈ। ਗਿਰੀਰਾਜ ਇੱਕ ਮਜ਼ਬੂਤ ਪੁਰਸ਼ ਹੈ ਜੋ ਆਪਣੇ ਆਪ ਨੂੰ ਇੱਕ ਔਰਤ ਦੁਆਰਾ ਪਛਾੜਨ ਦੀ ਇਜਾਜ਼ਤ ਨਹੀਂ ਦੇ ਸਕਦਾ। ਆਈਏਐੱਸ ਅਧਿਕਾਰੀ ਕਾਵਿਆ ਨਾਲ ਉਸ ਦਾ ਟਕਰਾਅ ਬਹੁਤ ਸਾਰੇ ਟਕਰਾਵਾਂ ਵਿੱਚੋਂ ਇੱਕ ਹੈ ਜਿਸ ਦਾ ਉਸ ਨੂੰ ਜਲਦੀ ਹੀ ਸਾਹਮਣਾ ਕਰਨਾ ਪਵੇਗਾ। ਇਸ ਕਿਰਦਾਰ ਨੂੰ ਨਿਭਾਉਣਾ ਮੈਨੂੰ ਸੱਚਮੁੱਚ ਉਤੇਜਿਤ ਕਰਦਾ ਹੈ।’’
ਕੰਮ ’ਤੇ ਛੁੱਟੀਆਂ ਦਾ ਮਜ਼ਾ
ਜ਼ੀ ਟੀਵੀ ਦਾ ਸ਼ੋਅ ‘ਪਿਆਰ ਕਾ ਪਹਿਲਾ ਨਾਮ ਰਾਧਾ ਮੋਹਨ’ ਨਵੇਂ-ਯੁੱਗ ਦੇ ਵਰਿੰਦਾਵਨ ਵਿੱਚ ਸੈੱਟ ਕੀਤਾ ਇੱਕ ਰੁਮਾਂਟਿਕ ਡਰਾਮਾ ਹੈ, ਜਿਸ ਨੂੰ ਸ਼ੁਰੂ ਤੋਂ ਹੀ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਮੋਹਨ (ਸ਼ਬੀਰ ਆਹਲੂਵਾਲੀਆ), ਰਾਧਾ (ਨਿਹਾਰਿਕਾ ਰਾਏ) ਅਤੇ ਦਾਮਨਿੀ (ਸੰਭਾਵਨਾ ਮੋਹੰਤੀ) ਵਰਗੇ ਸਥਾਪਤ ਕਿਰਦਾਰਾਂ ਦੀ ਅਦਾਕਾਰੀ ਨਾਲ ਸਜੇ ਹੋਏ ਸ਼ੋਅ ਦੀ ਹਾਲ ਹੀ ਵਿੱਚ ਮਾਲਦੀਵ ਵਿੱਚ ਸ਼ੂਟਿੰਗ ਹੋਈ।
ਆਗਾਮੀ ਐਪੀਸੋਡਾਂ ਵਿੱਚ ਦਿਖਾਇਆ ਜਾਵੇਗਾ ਕਿ ਮੋਹਨ ਨੂੰ ਇੱਕ ਵੱਕਾਰੀ ਅੰਤਰਰਾਸ਼ਟਰੀ ਪੁਸਤਕ ਉਤਸਵ ਲਈ ਕੰਟਰੈਕਟ ਮਿਲਦਾ ਹੈ। ਇਸ ਲਈ ਰਾਧਾ ਅਤੇ ਮੋਹਨ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਾਲਦੀਵ ਜਾਂਦੇ ਹਨ। ਇਸ ਕਹਾਣੀ ਨੂੰ ਆਕਰਸ਼ਕ ਤਰੀਕੇ ਨਾਲ ਪੇਸ਼ ਕਰਨ ਲਈ ਸ਼ੋਅ ਦੀ ਟੀਮ ਸ਼ੂਟਿੰਗ ਲਈ ਮਾਲਦੀਵ ਪਹੁੰਚ ਗਈ ਹੈ। ਲੋਕੇਸ਼ਨ ’ਤੇ ਸ਼ੂਟਿੰਗ ਅਕਸਰ ਬੋਰਿੰਗ ਹੁੰਦੀ ਹੈ, ਪਰ ਜੇਕਰ ਇਹ ਮਾਲਦੀਵ ਵਰਗੀ ਜਗ੍ਹਾ ਹੈ ਤਾਂ ਫਿਰ ਨਜ਼ਾਰੇ ਹੀ ਨਜ਼ਾਰੇ ਹਨ। ਇਹ ਕੰਮ ਤੋਂ ਛੁੱਟੀ ਲੈਣ ਵਰਗਾ ਹੈ। ਜਿੱਥੇ ਸ਼ੋਅ ਦੀ ਸ਼ੂਟਿੰਗ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ, ਉੱਥੇ ਹੀ ਸ਼ੋਅ ਦੇ ਕਲਾਕਾਰ ਸ਼ਬੀਰ, ਨਿਹਾਰਿਕਾ ਅਤੇ ਸੰਭਾਵਨਾ ਆਪਣੇ ਆਲੇ-ਦੁਆਲੇ ਦੇ ਸ਼ਾਨਦਾਰ ਨਜ਼ਾਰਿਆਂ ਦੀ ਪੜਚੋਲ ਕਰ ਰਹੇ ਹਨ। ਉਨ੍ਹਾਂ ਨੇ ਕੁਝ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ ਅਤੇ ਸੁੰਦਰ ਬੀਚਾਂ ’ਤੇ ਧੁੱਪ ਦਾ ਆਨੰਦ ਲਿਆ। ਆਪਣੇ ਖਾਲੀ ਸਮੇਂ ਵਿੱਚ ਜਦੋਂ ਵੀ ਸੰਭਵ ਹੋਵੇ, ਉਹ ਸਥਾਨਕ ਬਾਜ਼ਾਰਾਂ ਦਾ ਦੌਰਾ ਕਰਦੇ ਹਨ ਅਤੇ ਉੱਥੇ ਵਿਸ਼ੇਸ਼ ਪਕਵਾਨਾਂ ਦਾ ਆਨੰਦ ਲੈਂਦੇ ਹਨ।
ਸ਼ਬੀਰ ਆਹਲੂਵਾਲੀਆ ਨੇ ਕਿਹਾ, ‘‘ਅਸੀਂ ਸ਼ੋਅ ਦੇ ਇਕ ਰੁਮਾਂਚਕ ਹਿੱਸੇ ਲਈ ਮਾਲਦੀਵ ਦੇ ਖੂਬਸੂਰਤ ਟਾਪੂ ’ਤੇ ਸ਼ੂਟਿੰਗ ਕਰ ਰਹੇ ਹਾਂ। ਮੈਂ ਇੱਥੇ ਆ ਕੇ ਬਹੁਤ ਉਤਸ਼ਾਹਿਤ ਹਾਂ। ਇਹ ਪਾਣੀ ਦੀਆਂ ਗਤੀਵਿਧੀਆਂ ਦਾ ਆਨੰਦ ਲੈਣ ਲਈ ਇੱਕ ਵਧੀਆ ਜਗ੍ਹਾ ਹੈ। ਰੁਝੇਵਿਆਂ ਦੇ ਬਾਵਜੂਦ, ਨਿਹਾਰਿਕਾ, ਸੰਭਾਵਨਾ ਅਤੇ ਮੈਂ ਨੇੜੇ ਦੀਆਂ ਆਕਰਸ਼ਕ ਥਾਵਾਂ ’ਤੇ ਜਾਣ ਲਈ ਸਮਾਂ ਕੱਢਦੇ ਹਾਂ। ਅਸੀਂ ਬਹੁਤ ਮਸਤੀ ਕਰ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਵੀ ਪਸੰਦ ਕਰਨਗੇ ਜੋ ਅਸੀਂ ਇੱਥੇ ਪੇਸ਼ ਕਰ ਰਹੇ ਹਾਂ।”
ਨਿਹਾਰਿਕਾ ਰਾਏ ਨੇ ਕਿਹਾ, ‘‘ਮੈਂ ਪਹਿਲੀ ਵਾਰ ਮਾਲਦੀਵ ’ਚ ਆ ਕੇ ਬਹੁਤ ਉਤਸ਼ਾਹਿਤ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਸਾਡੇ ਸ਼ੋਅ ਦੀ ਅਗਾਮੀ ਕਹਾਣੀ ਸਾਨੂੰ ਇਨ੍ਹਾਂ ਖੂਬਸੂਰਤ ਟਾਪੂਆਂ ’ਤੇ ਲੈ ਜਾਵੇਗੀ, ਤਾਂ ਮੇਰੇ ਉਤਸ਼ਾਹ ਦੀ ਕੋਈ ਹੱਦ ਨਹੀਂ ਰਹੀ। ਇੱਥੇ ਆਉਣ ਤੋਂ ਪਹਿਲਾਂ ਮੈਂ ਉਨ੍ਹਾਂ ਸਾਰੀਆਂ ਥਾਵਾਂ ਦੀ ਖੋਜ ਕੀਤੀ ਜੋ ਮੈਂ ਆਪਣੇ ਖਾਲੀ ਸਮੇਂ ਵਿੱਚ ਖੋਜਣਾ ਚਾਹੁੰਦੀ ਸੀ। ਹੁਣ ਮੈਂ ਉਹੀ ਕਰ ਰਹੀ ਹਾਂ ਜੋ ਮੈਂ ਯੋਜਨਾ ਬਣਾਈ ਹੈ। ਅਸੀਂ ਜਿੱਥੇ ਰਹਿ ਰਹੇ ਹਾਂ ਉਹ ਇੱਕ ਵਧੀਆ ਥਾਂ ਹੈ। ਇੱਥੇ ਆ ਕੇ ਅਸੀਂ ਦਿਲੋਂ ਕਹਿਣਾ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਮਾਲਦੀਵ ਜ਼ਰੂਰ ਜਾਣਾ ਚਾਹੀਦਾ ਹੈ।”
ਸੰਭਾਵਨਾ ਮੋਹੰਤੀ ਨੇ ਕਿਹਾ, ‘‘ਮਾਲਦੀਵ ਬਹੁਤ ਖੂਬਸੂਰਤ ਜਗ੍ਹਾ ਹੈ। ਮੈਨੂੰ ਕੰਮ ਸਬੰਧੀ ਯਾਤਰਾਵਾਂ ਪਸੰਦ ਹਨ, ਉਹ ਹਮੇਸ਼ਾਂ ਤੁਹਾਨੂੰ ਤਰੋਤਾਜ਼ਾ ਕਰਦੀਆਂ ਹਨ। ਪਿਛਲੇ ਡੇਢ ਸਾਲ ਵਿੱਚ ਇਹ ਸਾਡੀ ਦੂਜੀ ਕਾਰਜ ਯਾਤਰਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਦਲਾਅ ਬਹੁਤ ਤਾਜ਼ਗੀ ਭਰਿਆ ਹੈ। ਸਾਡੀ ਸ਼ੋਅ ਦੀ ਸ਼ੂਟਿੰਗ ਤੋਂ ਇਲਾਵਾ ਸ਼ਬੀਰ, ਨਿਹਾਰਿਕਾ ਅਤੇ ਮੈਂ ਇੱਥੇ ਕਾਫ਼ੀ ਮਸਤੀ ਕੀਤੀ। ਮੈਂ ਬਾਕੀ ਕਲਾਕਾਰਾਂ ਲਈ ਬਹੁਤ ਸਾਰੇ ਨਿਸ਼ਾਨੀਆਂ ਲੈਣ ਬਾਰੇ ਸੋਚ ਰਹੀ ਹਾਂ ਜੋ ਇੱਥੇ ਸ਼ੂਟਿੰਗ ਲਈ ਨਹੀਂ ਆ ਸਕੇ। ਅਸਲ ਵਿੱਚ ਉਨ੍ਹਾਂ ਨੇ ਮੈਨੂੰ ਚੀਜ਼ਾਂ ਦੀ ਇੱਕ ਸੂਚੀ ਵੀ ਦਿੱਤੀ। ਮੈਨੂੰ ਉਮੀਦ ਹੈ ਕਿ ਮੈਨੂੰ ਇਸ ਲਈ ਸਮਾਂ ਮਿਲੇਗਾ।’’