ਛੋਟਾ ਪਰਦਾ
ਧਰਮਪਾਲ
ਸ਼੍ਰੇਆ ਘੋਸ਼ਾਲ ਬਣੀ ਜੱਜ
ਸੋਨੀ ਐਂਟਰਟੇਨਮੈਂਟ ਦਾ ਪਸੰਦੀਦਾ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਦਾ ਨਵਾਂ ਸੀਜ਼ਨ ਆ ਰਿਹਾ ਹੈ। ਇਸ ਦੇ ਜੱਜਾਂ ਦੇ ਪੈਨਲ ਵਿੱਚ ਗਾਇਕਾ ਸ਼੍ਰੇਆ ਘੋਸ਼ਾਲ ਵੀ ਸ਼ਾਮਲ ਹੋਈ ਹੈ।
ਇੰਡੀਅਨ ਆਈਡਲ ’ਤੇ ਜੱਜ ਵਜੋਂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਉਤਸ਼ਾਹਿਤ ਮਸ਼ਹੂਰ ਬੌਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨੇ ਕਿਹਾ, ‘‘ਇੰਡੀਅਨ ਆਈਡਲ ਦੀ ਗਤੀਸ਼ੀਲ ਦੁਨੀਆ ਵਿੱਚ ਮੁੜ ਪ੍ਰਵੇਸ਼ ਕਰਨਾ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ। ਪਰ ਸ਼ੋਅ ਦੇ ਇਸ ਐਡੀਸ਼ਨ ਲਈ ਮੇਰਾ ਉਤਸ਼ਾਹ ਕੁਝ ਹੋਰ ਹੈ। ਮੈਨੂੰ ਸਾਨੂ ਦਾ ਅਤੇ ਵਿਸ਼ਾਲ ਦੇ ਨਾਲ ਸਹਿ-ਜੱਜਾਂ ਦੇ ਤੌਰ ’ਤੇ ਦੁਬਾਰਾ ਮਿਲਣ ਦਾ ਸਨਮਾਨ ਮਿਲਿਆ ਹੈ। ਦੇਸ਼ ਦੇ ਹੁਨਰ ਨੂੰ ਨਿਖਾਰਨ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।’’
ਉਤਸ਼ਾਹਿਤ ਸ਼੍ਰੇਆ ਨੇ ਅੱਗੇ ਕਿਹਾ, “ਇੱਕ ਰਿਐਲਿਟੀ ਸ਼ੋਅ ਦੀ ਪ੍ਰਤੀਯੋਗੀ ਹੋਣ ਤੋਂ ਲੈ ਕੇ ਹੁਣ ‘ਇੰਡੀਅਨ ਆਈਡਲ’ ਵਰਗੇ ਪ੍ਰਸ਼ੰਸਕਾਂ ਦੇ ਪਸੰਦੀਦਾ ਸ਼ੋਅ ਨੂੰ ਜੱਜ ਕਰਨ ਤੱਕ ਮੇਰਾ ਸਫ਼ਰ ਮੁਸ਼ਕਲ, ਪਰ ਸ਼ਾਨਦਾਰ ਰਿਹਾ ਹੈ। ‘ਇੰਡੀਅਨ ਆਈਡਲ’ ਵਰਗੇ ਸ਼ੋਅ ਉੱਭਰਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸੰਗੀਤ ਬਣਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਮੈਂ ਇਸ ਸ਼ੋਅ ਦੀ ਵੱਡੀ ਪ੍ਰਸ਼ੰਸਕ ਰਹੀ ਹਾਂ।’’
ਕੀ ਜਸਕਰਨ ਸਿੰਘ ਬਣੇਗਾ ਪਹਿਲਾ ਕਰੋੜਪਤੀ?
“ਹੁਣ ਤੱਕ, ਮੇਰੇ ਪਰਿਵਾਰ ਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਚਾਹੇ ਕੁਝ ਵੀ ਹੋ ਜਾਵੇ, ਮੈਂ ਉਨ੍ਹਾਂ ਲਈ ਇਹ ਕਰਾਂਗਾ।” ਇਹ ਕਹਿਣਾ ਹੈ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਦੇ 21 ਸਾਲਾ ਜਸਕਰਨ ਸਿੰਘ ਦਾ। ਉਸ ਕੋਲ ਆਮ ਨਾਲੋਂ ਵੱਧ ਸੁਪਨੇ ਦੇਖਣ ਦੀ ਹਿੰਮਤ ਹੈ। 4 ਅਤੇ 5 ਸਤੰਬਰ ਨੂੰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ ਸੀਜ਼ਨ 15’ ਵਿੱਚ ਜਸਕਰਨ ਆਪਣੇ ਦ੍ਰਿੜ ਇਰਾਦੇ ਅਤੇ ਉਮੀਦ ਨਾਲ ਜ਼ਿੰਦਗੀ ਨੂੰ ਬਦਲਣ ਵਾਲੇ 1 ਕਰੋੜ ਰੁਪਏ ਦੇ ਸਵਾਲ ਦੇ ਉੱਤਰ ਦੀ ਕੋਸ਼ਿਸ਼ ਕਰਕੇ ਕਿਸਮਤ ਦੀਆਂ ਜੰਜ਼ੀਰਾਂ ਨੂੰ ਤੋੜਦਾ ਨਜ਼ਰ ਆਵੇਗਾ।
ਜਸਕਰਨ ਦੇ ਪਿਤਾ ਕੇਟਰਰ ਹਨ ਅਤੇ ਉਸ ਦੇ ਦਾਦਾ-ਦਾਦੀ ਇੱਕ ਫੂਡ-ਸਟਾਲ ਦੇ ਮਾਲਕ ਹਨ। ਉਹ ਇਸ ਸਾਧਾਰਨ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੈ। ਉਸ ਦੇ ਪਰਿਵਾਰ ਨੇ ਹਮੇਸ਼ਾਂ ਇਹ ਯਕੀਨੀ ਬਣਾਇਆ ਹੈ ਕਿ ਉਸ ਦੇ ਸੁਪਨਿਆਂ ਅਤੇ ਇੱਛਾਵਾਂ ਦਾ ਪੂਰਾ ਸਮਰਥਨ ਕੀਤਾ ਜਾਵੇ। ਮੌਜੂਦਾ ਸਮੇਂ ਉਹ ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਜਸਕਰਨ ਦੀ ਜ਼ਿੰਦਗੀ ਉਦੋਂ ਨਾਟਕੀ ਢੰਗ ਨਾਲ ਬਦਲ ਗਈ ਜਦੋਂ ਉਹ ਅਮਿਤਾਭ ਬੱਚਨ ਦੇ ਸਾਹਮਣੇ ਹੌਟਸੀਟ ’ਤੇ ਬੈਠਿਆ, ਉੱਥੇ ਉਹ 1 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਉਹ ‘ਕੌਨ ਬਨੇਗਾ ਕਰੋੜਪਤੀ’ ਦੇ ਇਸ ਸੀਜ਼ਨ ਦਾ ਪਹਿਲਾ ਕਰੋੜਪਤੀ ਬਣਨ ਵਿੱਚ ਸਫਲ ਹੁੰਦਾ ਹੈ ਜਾਂ ਨਹੀਂ।
‘ਸਾਵਧਾਨ ਇੰਡੀਆ’ ਦੇ ਨਵੇਂ ਸੀਜ਼ਨ ਦਾ ਐਲਾਨ
ਸਟਾਰ ਭਾਰਤ ਆਪਣੇ ਸ਼ੋਅ ‘ਸਾਵਧਾਨ ਇੰਡੀਆ’ ਦੇ ਨਵੇਂ ਸੀਜ਼ਨ ਨੂੰ ‘ਕ੍ਰਿਮੀਨਲ ਡੀਕੋਡਡ’ ਥੀਮ ਨਾਲ ਲਾਂਚ ਕਰਨ ਲਈ ਤਿਆਰ ਹੈ। ਆਪਣੀਆਂ ਅਸਲ-ਜੀਵਨ ਨਾਲ ਸਬੰਧਿਤ ਅਪਰਾਧਿਕ ਕਹਾਣੀਆਂ ਲਈ ਜਾਣਿਆ ਜਾਂਦਾ ਇਹ ਸ਼ੋਅ ਵਾਪਸੀ ਕਰ ਰਿਹਾ ਹੈ।
2012 ਵਿੱਚ ਸਟਾਰ ਭਾਰਤ ’ਤੇ ਸ਼ੁਰੂ ਹੋਣ ਤੋਂ ਬਾਅਦ ‘ਸਾਵਧਾਨ ਇੰਡੀਆ’ ਨੇ ਨਾ ਸਿਰਫ਼ ਲੋਕਾਂ ਦਾ ਮਨੋਰੰਜਨ ਕੀਤਾ ਹੈ, ਸਗੋਂ ਜਾਣਕਾਰੀ ਭਰਪੂਰ ਪਲੈਟਫਾਰਮ ਵਜੋਂ ਵੀ ਉਭਰਿਆ ਹੈ, ਜੋ ਅਪਰਾਧ ਦੀ ਦੁਨੀਆ ਅਤੇ ਇਸ ਦੇ ਨਤੀਜਿਆਂ ’ਤੇ ਰੌਸ਼ਨੀ ਪਾਉਂਦਾ ਹੈ। ਸੱਤ ਸੀਜ਼ਨਾਂ ਅਤੇ 3,162 ਐਪੀਸੋਡਾਂ ਦੇ ਨਾਲ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਇਸ ਸ਼ੋਅ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਨੂੰ ਮੋਹ ਲਿਆ ਹੈ। ਦਿੱਗਜ ਅਭਿਨੇਤਾ ਅਤੇ ਭਾਰਤੀ ਮਨੋਰੰਜਨ ਉਦਯੋਗ ਦਾ ਜਾਣਿਆ-ਪਛਾਣਿਆ ਚਿਹਰਾ ਸੁਸ਼ਾਂਤ ਸਿੰਘ ‘ਸਾਵਧਾਨ ਇੰਡੀਆ’ ਦੇ ਮੇਜ਼ਬਾਨ ਵਜੋਂ ਵਾਪਸ ਆ ਗਿਆ ਹੈ। ਸੁਸ਼ਾਂਤ ਦੇ ਅਸਾਧਾਰਨ ਢੰਗ ਨਾਲ ਕਹਾਣੀ ਸੁਣਾਉਣ ਦੇ ਹੁਨਰ ਅਤੇ ਸ਼ਾਨਦਾਰ ਮੌਜੂਦਗੀ ਨੇ ਸ਼ੋਅ ਨੂੰ ਨਾ ਸਿਰਫ਼ ਦਿਲਚਸਪ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਸਗੋਂ ਦਰਸ਼ਕਾਂ ਨੂੰ ਜਾਗਰੂਕ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕੀਤੀ ਹੈ।
ਆਗਾਮੀ ਸੀਜ਼ਨ ’ਤੇ ਟਿੱਪਣੀ ਕਰਦੇ ਹੋਏ ਸੁਸ਼ਾਂਤ ਸਿੰਘ ਨੇ ਕਿਹਾ, ‘‘ਅੱਜਕੱਲ੍ਹ ਖ਼ਬਰਾਂ ਵਿੱਚ ਜੋ ਅਪਰਾਧ ਦੀਆਂ ਕਹਾਣੀਆਂ ਅਸੀਂ ਦੇਖਦੇ ਹਾਂ, ਉਹ ਤੁਹਾਨੂੰ ਝੰਜੋੜ ਕੇ ਰੱਖ ਸਕਦੀਆਂ ਹਨ। ਜੋ ਕੁਝ ਸਾਲਾਂ ਵਿੱਚ ਇੱਕ ਵਾਰ ਸੁਣਿਆ ਜਾਂਦਾ ਸੀ, ਉਹ ਹੁਣ ਬਦਕਿਸਮਤੀ ਨਾਲ ਸਾਡੇ ਸਮਾਜ ਦਾ ਹਿੱਸਾ ਬਣ ਰਿਹਾ ਹੈ। ਇਨ੍ਹਾਂ ਰੁਝਾਨਾਂ ਨੂੰ ਰੋਕਣਾ ਅਤੇ ਇਨ੍ਹਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ। ਮੈਂ ‘ਸਾਵਧਾਨ ਇੰਡੀਆ: ਕ੍ਰਿਮੀਨਲ ਡੀਕੋਡਡ’ ਦੇ ਆਉਣ ਵਾਲੇ ਸੀਜ਼ਨ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਉਨ੍ਹਾਂ ਲੋਕਾਂ ਤੋਂ ਸੰਦੇਸ਼ ਮਿਲਦੇ ਰਹਿੰਦੇ ਹਨ ਜਿਨ੍ਹਾਂ ਨੇ ਸਾਡੇ ਸ਼ੋਅ ਰਾਹੀਂ ਸਾਵਧਾਨ ਰਹਿਣਾ ਸਿੱਖਿਆ ਹੈ। ਇਸ ਸੀਜ਼ਨ ਵਿੱਚ ਸਾਡਾ ਉਦੇਸ਼ ਅਪਰਾਧਿਕ ਗਤੀਵਿਧੀ ਵਿੱਚ ਗਹਿਰੀ ਖੋਜ ਕਰਨਾ, ਨਵੇਂ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਨਾ ਅਤੇ ਗ਼ਲਤ ਕੰਮ ਕਰਨ ਵਾਲਿਆਂ ਦੇ ਮਨੋਵਿਗਿਆਨ ਦੀ ਗਹਿਰਾਈ ਨਾਲ ਖੋਜ ਕਰਨਾ ਹੈ। ਇਸ ਸ਼ੋਅ ਰਾਹੀਂ ਮੈਂ ਇੱਕ ਵਾਰ ਫਿਰ ਲੋਕਾਂ ਨੂੰ ਅਪਰਾਧਿਕ ਕਾਰਵਾਈਆਂ ਤੋਂ ਬਚਾਉਣ ਲਈ ਸਮਰਪਿਤ ਹਾਂ।’’
ਇਹ ਨਵਾਂ ਸੀਜ਼ਨ ਅਪਰਾਧਿਕ ਜਾਂਚ ਦੇ ਖੇਤਰ ਵਿੱਚ ਹੋਰ ਵੀ ਗਹਿਰਾਈ ਨਾਲ ਜਾਣ, ਅਪਰਾਧਿਕ ਦਿਮਾਗ਼ ਨੂੰ ਸਮਝਣ ਅਤੇ ਦਰਸ਼ਕਾਂ ਨੂੰ ਵਧੇਰੇ ਜਾਗਰੂਕ ਅਤੇ ਸੂਚਿਤ ਰਹਿਣ ਵਿੱਚ ਮਦਦ ਕਰਨ ਦਾ ਵਾਅਦਾ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੇ ਹਰ ਐਪੀਸੋਡ ਨੂੰ ਪੂਰੀ ਸਾਵਧਾਨੀ ਨਾਲ ਬਣਾਇਆ ਜਾਵੇਗਾ, ਅਸਲ ਘਟਨਾਵਾਂ ਦਾ ਸਹੀ ਅਤੇ ਸੰਵੇਦਨਸ਼ੀਲ ਚਿੱਤਰਣ ਪ੍ਰਦਾਨ ਕੀਤਾ ਜਾਵੇਗਾ। ਇਹ ਸ਼ੋਅ 26 ਸਤੰਬਰ ਤੋਂ ਹਰ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਪ੍ਰਸਾਰਿਤ ਕੀਤਾ ਜਾਵੇਗਾ।