ਛੋਟਾ ਪਰਦਾ
ਧਰਮਪਾਲ
ਸ਼੍ਰੇਨੂ ਦਾ ਟੀਵੀ ਇੰਡਸਟਰੀ ਵਿੱਚ ਇੱਕ ਦਹਾਕਾ
ਜ਼ੀ ਟੀਵੀ ਦਾ ਮਸ਼ਹੂਰ ਸ਼ੋਅ ‘ਮੈਤਰੀ’ ਦਰਸ਼ਕਾਂ ਦੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਹੈ। ਇਹ ਸ਼ੋਅ ਮੈਤਰੀ (ਸ਼੍ਰੇਨੂ ਪਾਰਿਖ) ਅਤੇ ਨੰਦਿਨੀ (ਭਾਵਿਕਾ ਚੌਧਰੀ) ਦੇ ਜੀਵਨ ਦੇ ਸਫ਼ਰ ਨੂੰ ਦਰਸਾਉਂਦਾ ਹੈ, ਜੋ ਇਕੱਠੇ ਕਈ ਉਤਰਾਅ-ਚੜ੍ਹਾਅ ਵਿੱਚੋਂ ਲੰਘੀਆਂ ਹਨ।
ਸ਼੍ਰੇਨੂ ਕੋਲ ਇਸ ਸਮੇਂ ਜਸ਼ਨ ਮਨਾਉਣ ਲਈ ਦੋ ਕਾਰਨ ਹਨ। ਸ਼ੋਅ ਦੇ ਪ੍ਰਸ਼ੰਸਕ ਨਾ ਸਿਰਫ਼ ਉਸ ਦੇ ਗਰਭਵਤੀ ਅਵਤਾਰ ਵਿੱਚ ਉਸ ਨੂੰ ਪਿਆਰ ਕਰ ਰਹੇ ਹਨ ਬਲਕਿ ਇਸ ਸਮੇਂ ਵਿੱਚ ਉਸ ਨੇ ਟੈਲੀਵਿਜ਼ਨ ਇੰਡਸਟਰੀ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਸਫ਼ਰ ਵੀ ਪੂਰਾ ਕੀਤਾ ਹੈ। 10 ਸਾਲ ਪਹਿਲਾਂ ਸ਼੍ਰੇਨੂ ਨੇ ਅਦਾਕਾਰੀ ਦੇ ਡੂੰਘੇ ਜਨੂੰਨ ਨਾਲ ਮਨੋਰੰਜਨ ਦੀ ਚਮਕਦਾਰ ਦੁਨੀਆ ਵਿੱਚ ਕਦਮ ਰੱਖਿਆ ਸੀ। ਉਸ ਨੇ ਛੋਟੀਆਂ ਭੂਮਿਕਾਵਾਂ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ ਫਿਰ ਘਰੇਲੂ ਨਾਮ ਬਣ ਗਈ। ਹਾਲਾਂਕਿ, ਇਹ ਸਭ ਪ੍ਰਾਪਤ ਕਰਨ ਦੇ ਬਾਅਦ ਉਹ ਕਦੇ ਵੀ ਆਪਣੇ ਕੰਮ ਨੂੰ ਹਲਕੇ ਵਿੱਚ ਨਹੀਂ ਲੈਂਦੀ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਦੇ ਪਰਿਵਾਰ ਅਤੇ ਉਸ ਦੇ ਪਿਆਰੇ ਪ੍ਰਸ਼ੰਸਕਾਂ ਦੇ ਕਾਰਨ ਹੈ। ਉਹ ਜਦੋਂ ਵੀ ਸੰਭਵ ਹੋ ਸਕੇ ਨਵੀਆਂ ਭੂਮਿਕਾਵਾਂ ਅਤੇ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਕੇ ਸਾਰਿਆਂ ਦਾ ਮਨੋਰੰਜਨ ਕਰਨਾ ਜਾਰੀ ਰੱਖੇਗੀ।
ਉਹ ਕਹਿੰਦੀ ਹੈ, “ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ, ਪਰ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲਿੰਗ ਅਸਾਈਨਮੈਂਟ ਨਾਲ ਕੀਤੀ ਸੀ, ਜਿਸ ਲਈ ਮੈਨੂੰ 700 ਰੁਪਏ ਮਿਲੇ ਸਨ। ਮੈਂ 5 ਸਾਲ ਦੀ ਉਮਰ ਤੋਂ ਹੀ ਅਦਾਕਾਰ ਬਣਨਾ ਚਾਹੁੰਦੀ ਸੀ। ਮੈਂ ਆਪਣੇ ਆਪ ਨੂੰ ਇੱਕ ਅਭਿਨੇਤਰੀ ਸਮਝਦੇ ਹੋਏ ਸਾਰੇ ਕਲਾਕਾਰਾਂ ਦੀ ਨਕਲ ਕਰਦੀ ਸੀ। ਅਸਲ ਵਿੱਚ ਉਸ ਸਮੇਂ ਮੈਨੂੰ ਕੋਈ ਨਹੀਂ ਜਾਣਦਾ ਸੀ, ਪਰ ਮੈਂ ਸੋਚਦੀ ਹਾਂ ਕਿ ਮੇਰੀ ਮਿਹਨਤ ਅਤੇ ਲਗਨ ਦੇ ਕਾਰਨ, ਮੈਂ ਅੱਜ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣੇ ਲਈ ਇੱਕ ਆਰਾਮਦਾਇਕ ਜਗ੍ਹਾ ਬਣਾਈ ਹੈ। ਹਾਲਾਂਕਿ, ਮੈਂ ਇਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਂਦੀ ਅਤੇ ਇੰਡਸਟਰੀ ਵਿੱਚ ਇੱਕ ਦਹਾਕਾ ਬਿਤਾਉਣ ਤੋਂ ਬਾਅਦ ਵੀ, ਮੈਂ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨਾ ਜਾਰੀ ਰੱਖਾਂਗੀ ਅਤੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਾਂਗੀ। ਮੈਨੂੰ ਯਾਦ ਹੈ, ਸ਼ੁਰੂਆਤੀ ਦਿਨਾਂ ਵਿੱਚ ਮੈਂ 6 ਤੋਂ 8 ਆਡੀਸ਼ਨ ਦੇਣ ਲਈ ਵਡੋਦਰਾ ਤੋਂ ਮੁੰਬਈ ਆਉਂਦੀ ਸੀ ਅਤੇ ਉਸੇ ਦਿਨ ਆਪਣੇ ਘਰ ਵਾਪਸ ਆ ਜਾਂਦੀ ਸੀ।’’
‘‘ਇੰਡਸਟਰੀ ਵਿੱਚ ਪਿਛਲੇ 10 ਸਾਲਾਂ ਦੇ ਕਰੀਅਰ ਵਿੱਚ ਮੈਂ ਪਹਿਲੀ ਵਾਰ ਗਰਭਵਤੀ ਔਰਤ ਦਾ ਰੋਲ ਕੀਤਾ ਅਤੇ ਇਹ ਇੱਕ ਵਿਲੱਖਣ ਅਨੁਭਵ ਸੀ। ਖੈਰ, ਮੈਂ ਹਮੇਸ਼ਾਂ ਸਕਰੀਨ ’ਤੇ ਅਜਿਹੇ ਦ੍ਰਿਸ਼ ਦੇਖੇ ਹਨ ਅਤੇ ਫਿਰ ਮੈਂ ਕਲਪਨਾ ਕਰਦੀ ਸੀ ਕਿ ਬੇਬੀ ਬੰਪ ਨਾਲ ਸ਼ੂਟ ਕਰਨਾ ਕਿਹੋ ਜਿਹਾ ਹੋਵੇਗਾ। ਇਹ ਇੱਕ ਦਿਲਚਸਪ ਚੁਣੌਤੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀ ਟੀਮ ਅਤੇ ਆਪਣੇ ਪ੍ਰਸ਼ੰਸਕਾਂ ਵੱਲੋਂ ਇੰਨਾ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ। ਇਸ ਤੋਂ ਇਲਾਵਾ, ਆਪਣੇ ਸਫ਼ਰ ਦੌਰਾਨ, ਮੈਨੂੰ ਕੁਝ ਸ਼ਾਨਦਾਰ ਨਿਰਮਾਤਾਵਾਂ ਅਤੇ ਚੈਨਲਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਦਰਅਸਲ, ਮੇਰੇ ਪਿਆਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਦੇ ਸਮਰਥਨ ਕਾਰਨ ਹੀ ਮੈਂ ਇਸ ਮੁਕਾਮ ਤੱਕ ਪਹੁੰਚੀ ਸਕੀ ਹਾਂ। ਮੇਰੇ ਮਾਤਾ-ਪਿਤਾ ਹਮੇਸ਼ਾਂ ਚੰਗੇ ਅਤੇ ਮਾੜੇ ਸਮੇਂ ਵਿੱਚ ਮੇਰੇ ਨਾਲ ਰਹੇ ਹਨ। ਉਨ੍ਹਾਂ ਨੇ ਮੈਨੂੰ ਨਿਰਸਵਾਰਥ ਪਿਆਰ ਅਤੇ ਸਮਰਥਨ ਦਿੱਤਾ ਹੈ ਅਤੇ ਉਨ੍ਹਾਂ ਦੇ ਬਿਨਾਂ ਇਹ ਸਫ਼ਰ ਅਸਲ ਵਿੱਚ ਸੰਭਵ ਨਹੀਂ ਸੀ। ਇਸ ਲਈ, ਮੈਂ ਇੰਡਸਟਰੀ ਵਿੱਚ ਆਪਣੇ ਇਸ ਦਹਾਕੇ ਦਾ ਸਮਾਂ ਉਨ੍ਹਾਂ ਨੂੰ ਅਤੇ ਆਪਣੇ ਪਿਆਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਨਾ ਚਾਹਾਂਗੀ।”
ਅਮਿਤਾਭ ਬੱਚਨ ਦੇ ਸਟਾਈਲ ਦਾ ਖੁਲਾਸਾ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਪ੍ਰਸ਼ੰਸਕਾਂ ਦਾ ਪਸੰਦੀਦਾ ਗੇਮ ਸ਼ੋਅ ‘ਕੌਨ ਬਣੇਗਾ ਕਰੋੜਪਤੀ - ਸੀਜ਼ਨ 15’ 14 ਅਗਸਤ ਨੂੰ ਪ੍ਰੀਮੀਅਰ ਲਈ ਤਿਆਰ ਹੈ। ਸਾਲਾਂ ਦੌਰਾਨ, ਦਰਸ਼ਕਾਂ ਨੇ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਨੂੰ ਕਈ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਹੋਏ ਦੇਖਿਆ ਹੈ, ਜਿਸ ਨੇ ਵੱਡੇ ਪੱਧਰ ’ਤੇ ਚਰਚਾ ਹਾਸਲ ਕੀਤੀ ਹੈ। ਥ੍ਰੀ-ਪੀਸ ਸੂਟ ਤੋਂ ਲੈ ਕੇ ਬੋ-ਟਾਈ, ਸਟਾਈਲਿਸ਼ ਸਕਾਰਫ਼ ਅਤੇ ਹੋਰ ਬਹੁਤ ਕੁਝ ਤੱਕ, ਸਟਾਈਲਿਸਟ ਪ੍ਰਿਆ ਪਾਟਿਲ ਇਕੱਲੀ ਔਰਤ ਹੈ ਜਿਸ ਨੇ ਹਰ ਸੀਜ਼ਨ ਵਿੱਚ ਟੈਲੀਵਿਜ਼ਨ ਦੇ ਮਨਪਸੰਦ ਮੇਜ਼ਬਾਨ ਦੀ ਮਦਦ ਕੀਤੀ ਹੈ! ਜਿੱਥੇ ਗਿਆਨ-ਆਧਾਰਿਤ ਰਿਐਲਿਟੀ ਸ਼ੋਅ ਨਵੇਂ ਤੱਤਾਂ ਦੇ ਜੋੜ ਦੇ ਨਾਲ ਗੇਮਪਲੇ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲੇਗਾ, ਪ੍ਰਿਆ ਵੀ ਬਿਗ ਬੀ ਨੂੰ ਉੱਭਰਦੇ ਫੈਸ਼ਨ ਰੁਝਾਨਾਂ ਦੇ ਨਾਲ ਸਟਾਈਲ ਕਰੇਗੀ।
ਇਸ ਸੀਜ਼ਨ ’ਚ ਬੱਚਨ ਦੀ ਦਿੱਖ ’ਚ ਆਏ ਬਦਲਾਅ ਬਾਰੇ ਗੱਲ ਕਰਦੇ ਹੋਏ ਪ੍ਰਿਆ ਪਾਟਿਲ ਨੇ ਕਿਹਾ, ‘‘ਕੌਨ ਬਣੇਗਾ ਕਰੋੜਪਤੀ’ ਦੇ 15ਵੇਂ ਸੀਜ਼ਨ ਲਈ ਮੈਂ ਉਨ੍ਹਾਂ ਦੀ ਦਿੱਖ ਨੂੰ ‘ਨਵਾਂ’ ਅਤੇ ‘ਤਾਜ਼ਾ’ ਰੱਖਿਆ ਜਾਵੇ। ਅਸੀਂ ਇਸ ਨੂੰ ਇੱਕ ਕਦਮ ਅੱਗੇ ਵਧਾਇਆ ਹੈ ਅਤੇ ਇਸ ਵਿੱਚ ਨਵੇਂ ਤੱਤ ਸ਼ਾਮਲ ਕੀਤੇ ਹਨ। ਅਮਿਤਾਭ ਜੀ ਕਲਾਸਿਕ ਥ੍ਰੀ-ਪੀਸ ਸੂਟ, ਬੰਦਗਲਾ ਅਤੇ ਜੋਧਪੁਰੀ ਵਿੱਚ ਨਜ਼ਰ ਆਉਣਗੇ, ਪਰ ਮੈਂ ਇੱਕ ‘ਕਲਰ ਪਲੇ’ ਪੇਸ਼ ਕਰ ਰਹੀ ਹਾਂ ਜੋ ਰੰਗਾਂ ਦਾ ਇੱਕ ਸ਼ਾਨਦਾਰ ਸੁਮੇਲ ਹੋਵੇਗਾ। ਵਿਸਤਾਰ ਨਾਲ, ਇੱਥੇ ਬਹੁਤ ਸਾਰੇ ਰੰਗਾਂ ਦੇ ਪੈਟਰਨ ਹੋਣਗੇ ਜਿਵੇਂ ਵਾਈਨ ਵਿਦ ਨੇਵੀ, ਬਲੈਕ ਐਂਡ ਵ੍ਹਾਈਟ, ਪਾਊਡਰ ਬਲੂ ਅਤੇ ਨੇਵੀ, ਪਲੇਨ ਨਾਲ ਪਿਨਸਟ੍ਰਾਈਪ, ਪਲੇਨ ਨਾਲ ਚੈੱਕ ਆਦਿ। ਉਨ੍ਹਾਂ ਦੀਆਂ ਕਮੀਜ਼ਾਂ ਮੈਂ ਛੋਟੀਆਂ, ਪਰ ਦਿਖਾਈ ਦੇਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤੀਆਂ ਹਨ, ਜਿਸ ਵਿੱਚ ਕਾਲਰ ਦੇ ਨਾਲ ਕੰਟ੍ਰਾਸਟ ਪਾਈਪਿੰਗ, ਸਟੈਂਡ-ਆਊਟ ਬ੍ਰੋਚ ਅਤੇ ਲੈਪਲ ਪਿੰਨ ਸ਼ਾਮਲ ਹਨ। ਅਸੀਂ ਕਲਾਸਿਕ ਜੋਧਪੁਰੀ ’ਤੇ ਸ਼ਾਲ ਵਰਗਾ ਇੱਕ ਖਾਸ ਡਰੈਪ ਜੋੜਿਆ ਹੈ ਅਤੇ ਇਸ ਨੂੰ ਇਕੱਠੇ ਰੱਖਣ ਲਈ ਇੱਕ ਬਰੋਚ ਵਰਤਿਆ ਜਾਵੇਗਾ।’’ ਕੇਬੀਸੀ ਲਈ ਬਿੱਗ ਬੀ ਨੂੰ ਸਟਾਈਲ ਕਰਨ ਦੇ ਆਪਣੇ ਤਜਰਬੇ ਬਾਰੇ ਗੱਲ ਕਰਦੇ ਹੋਏ, ਉਸ ਨੇ ਕਿਹਾ, ‘‘ਅਮਿਤਾਭ ਬੱਚਨ ਮਹਾਨ ਵਿਅਕਤੀ ਹਨ ਅਤੇ ਮੈਂ ਪਿਛਲੇ ਸਾਲਾਂ ਵਿੱਚ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਧਿਆਨ ਦੇਣਾ ਸਿੱਖਿਆ ਹੈ। ਇਹ ਉਨ੍ਹਾਂ ਦੇ ਸਾਰੇ ਪਹਿਰਾਵੇ ਵਿੱਚ ਝਲਕਦਾ ਹੈ। ਮੈਂ ਹਮੇਸ਼ਾਂ ਸਾਰਿਆਂ ਨੂੰ ਦੱਸਦੀ ਹਾਂ ਕਿ ਸਰ ਨੂੰ ਕਿਸੇ ਸਟਾਈਲਿਸਟ ਦੀ ਜ਼ਰੂਰਤ ਨਹੀਂ ਹੈ, ਉਹ ਆਪਣੇ ਆਪ ਵਿੱਚ ਇੱਕ ਸਟਾਈਲ ਆਈਕਨ ਹਨ। ਮੇਰਾ ਹਮੇਸ਼ਾਂ ਇਸ ਗੱਲ ਵਿੱਚ ਵਿਸ਼ਵਾਸ ਰਿਹਾ ਹੈ ਕਿ ਉਹ ਜੋ ਵੀ ਪਹਿਨਦੇ ਹਨ, ਉਹ ਇਸ ਨੂੰ ਇੱਕ ਰੁਝਾਨ ਬਣਾਉਂਦੇ ਹਨ। ਉਹ ਹਮੇਸ਼ਾਂ ਸਾਰੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇ ਹਨ।’’
‘ਉਡਾਰੀਆਂ’ ਵਿੱਚ ਨਵਾਂ ਅਧਿਆਏ ਸ਼ੁਰੂ
ਰੁਮਾਂਸ, ਡਰਾਮੇ, ਉਤਸ਼ਾਹ ਅਤੇ ਸਾਜ਼ਿਸ਼ ਨਾਲ ਭਰਪੂਰ ਕਲਰਜ਼ ਦਾ ਸ਼ੋਅ ‘ਉਡਾਰੀਆਂ’ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਰਿਹਾ ਹੈ। ਦਰਸ਼ਕਾਂ ਦੇ ਅਥਾਹ ਪਿਆਰ ਨੇ ਸ਼ੋਅ ਲਈ ਇੱਕ ਨਵੇਂ ਚਰਨ ਦੀ ਸ਼ੁਰੂਆਤ ਕਰਨ, 20 ਸਾਲ ਦੀ ਲੀਪ ਲੈਣ ਅਤੇ ‘ਉਡਾਰੀਆਂ’ ਦੀ ਤੀਜੀ ਪੀੜ੍ਹੀ ਲਿਆਉਣ ਲਈ ਰਾਹ ਪੱਧਰਾ ਕੀਤਾ ਹੈ। 20 ਸਾਲਾਂ ਦੀ ਲੀਪ ਦੇ ਨਾਲ ਸ਼ੋਅ ਦੀ ਮੌਜੂਦਾ ਦੁਨੀਆ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੁੰਦਾ ਹੈ। ਇਸ ਵਿੱਚ ਅਲੀਸ਼ਾ ਪਰਵੀਨ, ਆਲੀਆ ਰੰਧਾਵਾ ਦੀ ਭੂਮਿਕਾ ਨਿਭਾ ਰਹੀ ਹੈ, ਅਨੁਰਾਜ ਚਾਹਲ, ਅਰਮਾਨ ਗਿੱਲ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਅਦਿਤੀ ਭਗਤ, ਆਸਮਾ ਢਿੱਲੋਂ ਦੀ ਭੂਮਿਕਾ ਨਿਭਾ ਰਹੀ ਹੈ। ਸ਼ੋਅ ਦੀ ਸ਼ੂਟਿੰਗ ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਜਾਰੀ ਹੈ।
ਅਲੀਸ਼ਾ ਪਰਵੀਨ, ਆਲੀਆ ਦੀ ਭੂਮਿਕਾ ਬਾਰੇ ਦੱਸਦੇ ਹੋਏ ਕਹਿੰਦੀ ਹੈ, “ਮੈਂ ਆਲੀਆ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਉਤਸ਼ਾਹਿਤ ਹਾਂ, ਜੋ ਇੱਕ ਹੁਸ਼ਿਆਰ ਅਤੇ ਬਾਗੀ ਕੁੜੀ ਹੈ। ਜੋ ਸੋਚਦੀ ਹੈ ਕਿ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੈਨੇਡਾ ਜਾ ਕੇ ਹੋਣਾ ਹੈ। ਕਲਰਜ਼ ਅਤੇ ਡ੍ਰੀਮੀਆਤਾ ਐਂਟਰਟੇਨਮੈਂਟ ਦੇ ਨਾਲ ਇੱਕ ਅਜਿਹੇ ਸ਼ੋਅ ਲਈ ਕੰਮ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ ਜਿਸ ਨੂੰ ਦਰਸ਼ਕਾਂ ਦੁਆਰਾ ਪਿਛਲੇ ਸਾਲਾਂ ਦੌਰਾਨ ਬਹੁਤ ਪਿਆਰ ਦਿੱਤਾ ਗਿਆ ਹੈ। ਕਲਰਜ਼ ਨਾਲ ਇਹ ਮੇਰਾ ਤੀਜਾ ਸ਼ੋਅ ਹੈ ਅਤੇ ਮੈਂ ਆਪਣੀ ਪ੍ਰਤਿਭਾ ’ਤੇ ਚੈਨਲ ਦੇ ਵਿਸ਼ਵਾਸ ਲਈ ਇਸ ਦੀ ਬਹੁਤ ਧੰਨਵਾਦੀ ਹਾਂ। ਮੁਹਾਲੀ ’ਚ ਮੇਰੀ ਪਹਿਲੀ ਵਾਰ ਸ਼ੂਟਿੰਗ ਹੋਵੇਗੀ ਅਤੇ ਮੈਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਲੀਪ ਤੋਂ ਬਾਅਦ ਵੀ ਸ਼ੋਅ ਨੂੰ ਦਰਸ਼ਕਾਂ ਦਾ ਪਿਆਰ ਮਿਲਦਾ ਰਹੇਗਾ।” ਅਨੁਰਾਜ ਚਹਿਲ ਨੇ ਅਰਮਾਨ ਦੀ ਭੂਮਿਕਾ ਬਾਰੇ ਦੱਸਿਆ, “ਇਸ ਸ਼ੋਅ ਦਾ ਹਿੱਸਾ ਬਣਨਾ, ਜਿਸ ਨੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤਾ, ਇੱਕ ਆਸ਼ੀਰਵਾਦ ਵਾਂਗ ਮਹਿਸੂਸ ਕਰਾਉਂਦਾ ਹੈ। ਥੀਏਟਰ ਵਿੱਚ ਪ੍ਰਯੋਗ ਕਰਨ ਅਤੇ ਕਈ ਸਾਲਾਂ ਤੱਕ ਸੰਗੀਤ ਵੀਡੀਓਜ਼ ਵਿੱਚ ਪ੍ਰਦਰਸ਼ਿਤ ਕਰਨ ਤੋਂ ਬਾਅਦ, ਮੈਨੂੰ ਆਪਣੇ ਪਹਿਲੇ ਟੈਲੀਵਿਜ਼ਨ ਸ਼ੋਅ, ‘ਉਡਾਰੀਆਂ’ ਵਿੱਚ ਹੋਣ ਦਾ ਮੌਕਾ ਮਿਲਿਆ ਹੈ। ਲੰਬੇ ਸਮੇਂ ਤੋਂ ਚੰਡੀਗੜ੍ਹ ਵਿੱਚ ਰਹਿ ਕੇ ਸ਼ਹਿਰ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਕਰਕੇ ਮਹਿਸੂਸ ਹੁੰਦਾ ਹੈ ਕਿ ਮੈਂ ਘਰ ਵਿੱਚ ਉਹ ਕੰਮ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਮੈਂ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਉਨ੍ਹਾਂ ਦਾ ਪਿਆਰ ਅਤੇ ਸਮਰਥਨ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।”
ਅਦਿਤੀ ਭਗਤ, ਆਸਮਾ ਦੀ ਭੂਮਿਕਾ ਬਾਰੇ ਦੱਸਦੀ ਹੈ,“ਇੱਕ ਅਭਿਨੇਤਰੀ ਦੇ ਤੌਰ ’ਤੇ ਮੈਂ ਹਮੇਸ਼ਾਂ ਅਜਿਹੀਆਂ ਭੂਮਿਕਾਵਾਂ ਦੀ ਭਾਲ ਕਰਦੀ ਹਾਂ ਜੋ ਮੇਰੀਆਂ ਸੀਮਾਵਾਂ ਨੂੰ ਅੱਗੇ ਵਧਾਉਂਦੀਆਂ ਹਨ। ਮੈਨੂੰ ਖੁਸ਼ੀ ਹੈ ਕਿ ਆਸਮਾ ਦਾ ਕਿਰਦਾਰ ਮੈਨੂੰ ਮਿਲਿਆ ਹੈ ਅਤੇ ਮੈਂ ਕੈਨੇਡਾ ਦੀ ਇਸ ਉਤਸ਼ਾਹੀ ਕੁੜੀ ਨੂੰ ਜ਼ਿੰਦਾ ਕਰਨ ਦੀ ਉਮੀਦ ਕਰ ਰਹੀ ਹਾਂ, ਜੋ ਭਾਰਤ ਨੂੰ ਆਪਣੇ ਦਿਲ ਵਿੱਚ ਪਨਾਹ ਦਿੰਦੀ ਹੈ। ਮੈਂ ਕਲਰਜ਼ ਦੇ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ। ਸ਼ੋਅ ਦੀ ਆਪਣੀ ਵਿਰਾਸਤ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਆਪਣਾ ਪਿਆਰ ਦੇਣਗੇ ਕਿਉਂਕਿ ਅਸੀਂ ਇਸ ਸ਼ੋਅ ਨੂੰ ਜਾਰੀ ਰੱਖਣ ਲਈ ਤਿਆਰ ਹਾਂ।”