For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:22 AM Aug 03, 2024 IST
ਛੋਟਾ ਪਰਦਾ
ਸੰਗੀਤਾ ਘੋਸ਼
Advertisement

ਧਰਮਪਾਲ

ਸੰਗੀਤਾ ਦੀ ਜ਼ਿੰਦਗੀ ਦਾ ਅਹਿਮ ਮੋੜ

ਮਾਂ ਬਣਨਾ ਇੱਕ ਚੁਣੌਤੀਪੂਰਨ ਕੰਮ ਹੈ ਪਰ ਇੱਕ ਕੰਮਕਾਜੀ ਮਾਂ ਬਣਨਾ ਇਸ ਚੁਣੌਤੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ। ਖ਼ਾਸ ਕਰਕੇ ਘਰ ਅਤੇ ਕੰਮ ਵਿਚਕਾਰ ਸੰਤੁਲਨ ਬਣਾਈ ਰੱਖਣਾ। ਫਿਰ ਵੀ ਕੁਝ ਔਰਤਾਂ ਇਸ ਨੂੰ ਬਹੁਤ ਹੁਨਰ ਨਾਲ ਸੰਭਾਲਦੀਆਂ ਹਨ ਅਤੇ ਅਦਾਕਾਰਾ ਸੰਗੀਤਾ ਘੋਸ਼ ਉਨ੍ਹਾਂ ਵਿੱਚੋਂ ਇੱਕ ਹੈ। ਸੰਗੀਤਾ ਇਸ ਸਮੇਂ ਸਨ ਨੀਓ ਦੇ ਸ਼ੋਅ ‘ਸਾਝਾ ਸਿੰਦੂਰ’ ਵਿੱਚ ਮਤਰੇਈ ਮਾਂ ਸਰੋਜ ਦੀ ਭੂਮਿਕਾ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਉਸ ਨੇ ਹਾਲ ਹੀ ਵਿੱਚ ਦੱਸਿਆ ਕਿ ਕਿਵੇਂ ਮਾਂ ਬਣਨ ਨਾਲ ਉਸ ਦੀ ਜ਼ਿੰਦਗੀ ਸੱਚਮੁੱਚ ਬਦਲ ਗਈ ਹੈ।
ਸੰਗੀਤਾ ਨੇ ਕਿਹਾ, ‘‘ਮਾਂ ਬਣਨ ਨੇ ਮੈਨੂੰ ਧੀਰਜ, ਬਿਨਾਂ ਸ਼ਰਤ ਪਿਆਰ ਅਤੇ ਆਪਣੀ ਮੌਜੂਦਗੀ ਦੇ ਮਹੱਤਵ ਨੂੰ ਸਿੱਖਣ ਦਾ ਮੌਕਾ ਦਿੱਤਾ। ਮੇਰੀ ਧੀ ਮੇਰੀ ਦੁਨੀਆ ਹੈ ਅਤੇ ਮੈਂ ਉਸ ਲਈ ਇੱਕ ਸਕਾਰਾਤਮਕ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰਦੀ ਹਾਂ, ਜਿਵੇਂ ਕਿ ਮੇਰੇ ਲਈ ਮੇਰਾ ਪਰਿਵਾਰ ਰਿਹਾ ਹੈ।’’
ਉਸ ਨੇ ਅੱਗੇ ਕਿਹਾ, ‘‘ਜਦੋਂ ਮੈਂ ਬੱਚੀ ਸੀ ਤਾਂ ਮੈਨੂੰ ਮੇਰੇ ਜਨੂੰਨ ਦਾ ਪਿੱਛਾ ਕਰਨ ਤੋਂ ਕਦੇ ਨਹੀਂ ਰੋਕਿਆ ਗਿਆ। ਮੇਰੇ ਪਰਿਵਾਰ ਨੇ ਹਮੇਸ਼ਾ ਮੈਨੂੰ ਮੇਰੀਆਂ ਰੁਚੀਆਂ ਅਤੇ ਸੁਪਨਿਆਂ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਕੀਤਾ ਸੀ। ਮੈਂ ਹਮੇਸ਼ਾਂ ਵਿਸ਼ਵਾਸ ਕੀਤਾ ਹੈ ਕਿ ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਅਤੇ ਆਪਣੇ ਅਜ਼ੀਜ਼ਾਂ ਦੇ ਸਮਰਥਨ ਨਾਲ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ।’’
ਸੰਗੀਤਾ ਨੇ ਸਨ ਨੀਓ ਦੇ ਸ਼ੋਅ ‘ਸਾਝਾ ਸਿੰਦੂਰ’ ਵਿੱਚ ਮੁੱਖ ਕਿਰਦਾਰ ਗਗਨ (ਸਾਹਿਲ ਉੱਪਲ ਦੁਆਰਾ ਨਿਭਾਈ ਗਈ ਭੂਮਿਕਾ) ਦੀ ਮਤਰੇਈ ਮਾਂ ਸਰੋਜ ਦੀ ਭੂਮਿਕਾ ਨਿਭਾਈ ਹੈ। ਉਸ ਦਾ ਚਰਿੱਤਰ ਨਕਾਰਾਤਮਕ ਹੈ ਜੋ ਉਸ ਦੀ ਅਸਲ ਜੀਵਨ ਸ਼ਖ਼ਸੀਅਤ ਅਤੇ ਸਕਾਰਾਤਮਕਤਾ ਦੇ ਬਿਲਕੁਲ ਉਲਟ ਹੈ।
ਸ਼ੋਅ ਵਿੱਚ ਸ਼ਾਮਲ ਹੋਣ ਬਾਰੇ ਆਪਣੀਆਂ ਸ਼ੁਰੂਆਤੀ ਭਾਵਨਾਵਾਂ ਨੂੰ ਸਾਂਝਾ ਕਰਦੇ ਹੋਏ ਸੰਗੀਤਾ ਨੇ ਦੱਸਿਆ, ‘‘ਜਦੋਂ ਮੈਨੂੰ ਦੱਸਿਆ ਗਿਆ ਕਿ ਮੈਂ ਇੱਕ ਨਕਾਰਾਤਮਕ ਭੂਮਿਕਾ ਨਿਭਾਉਣੀ ਹੈ ਤਾਂ ਮੈਂ ਕਾਫ਼ੀ ਵਿਚਾਰ ਕੀਤਾ। ਇਸ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਸਿਰਫ਼ ਇਸ ਲਈ ਨਹੀਂ ਕਿ ਇਹ ਇੱਕ ਨਕਾਰਾਤਮਕ ਭੂਮਿਕਾ ਸੀ। ਹੋਰ ਕਈ ਕਾਰਨਾਂ ਕਰਕੇ, ਜਿਵੇਂ ਕਿ ਮੈਨੂੰ ਆਪਣੀ ਬੇਟੀ ਨੂੰ ਜੈਪੁਰ ਛੱਡ ਕੇ ਮੁੰਬਈ ਜਾਣਾ ਪਿਆ। ਮੈਂ ਚਾਹੁੰਦੀ ਸੀ ਕਿ ਇਹ ਭੂਮਿਕਾ ਮੇਰੇ ਲਈ ਇੰਨੀ ਮਹੱਤਵਪੂਰਨ ਹੋਵੇ ਕਿ ਮੈਂ ਆਪਣੀ ਧੀ ਨੂੰ ਕੁਝ ਸਮਾਂ ਛੱਡ ਕੇ ਵੀ ਜਾ ਸਕਾਂ। ਇਸ ਲਈ ਇਹ ਬਿਲਕੁਲ ਉਸ ਤਰ੍ਹਾਂ ਦੀ ਹੀ ਸੀ ਅਤੇ ਮੈਂ ਇਸ ਨੂੰ ਕਰਨ ਲਈ ਅੱਗੇ ਵਧੀ।’’

ਏਅਰਹੋਸਟੈੱਸ ਬਣੀ ਅਦਾਕਾਰਾ

ਪ੍ਰਤੀਕਸ਼ਾ ਹੋਨਮੁਖੇ

ਜ਼ੀ ਟੀਵੀ ਦੇ ਪ੍ਰਸਿੱਧ ਸ਼ੋਅ ‘ਕੈਸੇ ਮੁਝੇ ਤੁਮ ਮਿਲ ਗਏ’ ਨੇ ਹਾਲ ਹੀ ਵਿੱਚ ਅਭਿਨੇਤਰੀ ਪ੍ਰਤੀਕਸ਼ਾ ਹੋਨਮੁਖੇ ਦੇ ਆਉਣ ਨਾਲ ਇੱਕ ਰੁਮਾਂਚਕ ਮੋੜ ਲਿਆ ਹੈ। ਉਹ ਸ਼ੋਅ ਵਿੱਚ ਵਿਰਾਟ ਦੀ ਸਾਬਕਾ ਪਤਨੀ ਪ੍ਰਿਅੰਕਾ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ, ਜੋ ਚੀਜ਼ ਉਸ ਨੂੰ ਵੱਖਰਾ ਬਣਾਉਂਦੀ ਹੈ ਉਹ ਨਾ ਸਿਰਫ਼ ਉਸ ਦੇ ਕਿਰਦਾਰ ਵਿੱਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਹੈ, ਬਲਕਿ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੋ ਰਸਤਾ ਅਪਣਾਇਆ ਹੈ, ਉਹ ਵੀ ਵਿਲੱਖਣ ਹੈ।
ਦਰਅਸਲ, ਸੱਤ ਸਾਲ ਤੱਕ ਏਅਰਹੋਸਟੈੱਸ ਦੇ ਤੌਰ ’ਤੇ ਕੰਮ ਕਰਨ ਤੋਂ ਬਾਅਦ ਪ੍ਰਤੀਕਸ਼ਾ ਨੇ ਆਪਣਾ ਸਫਲ ਏਵੀਏਸ਼ਨ ਕਰੀਅਰ ਛੱਡ ਦਿੱਤਾ ਅਤੇ ਐਕਟਿੰਗ ਦੇ ਆਪਣੇ ਜਨੂੰਨ ਨੂੰ ਅਪਣਾਇਆ। ਆਪਣੇ ਸਾਥੀਆਂ ਦੀ ਪ੍ਰੇਰਨਾ ਅਤੇ ਆਪਣੇ ਮਾਤਾ-ਪਿਤਾ ਦੇ ਸਮਰਥਨ ਨਾਲ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਸ ਦੀ ਪ੍ਰਤਿਭਾ ਤੁਰੰਤ ਚਮਕ ਗਈ ਅਤੇ ਅੱਜ ਉਹ ਟੈਲੀਵਿਜ਼ਨ ਸ਼ੋਅ ਵਿੱਚ ਕੰਮ ਕਰ ਰਹੀ ਹੈ।
ਪ੍ਰਤੀਕਸ਼ਾ ਕਹਿੰਦੀ ਹੈ, ‘‘ਜ਼ਿੰਦਗੀ ਦਲੇਰ ਕਦਮ ਚੁੱਕਣ ਅਤੇ ਆਪਣੇ ਦਿਲ ਦੀ ਗੱਲ ਸੁਣਨ ਬਾਰੇ ਹੈ। ਏਅਰਹੋਸਟੈੱਸ ਦੇ ਤੌਰ ’ਤੇ ਮੇਰੇ ਸੱਤ ਸਾਲਾਂ ਦੇ ਸਫ਼ਰ ਨੇ ਮੈਨੂੰ ਅਨੁਸ਼ਾਸਨ, ਹਿੰਮਤ ਅਤੇ ਨਿਮਰਤਾ ਦੀ ਮਹੱਤਤਾ ਸਿਖਾਈ ਅਤੇ ਇਨ੍ਹਾਂ ਗੁਣਾਂ ਨੇ ਮੈਨੂੰ ਮੇਰੇ ਅਦਾਕਾਰੀ ਕਰੀਅਰ ਵਿੱਚ ਸਹੀ ਥਾਂ ’ਤੇ ਪਹੁੰਚਾਇਆ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਮਨੋਰੰਜਨ ਉਦਯੋਗ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਆਪਣੇ ਸਾਥੀਆਂ ਤੋਂ ਪ੍ਰੇਰਣਾ ਅਤੇ ਮਾਪਿਆਂ ਤੋਂ ਸਮਰਥਨ ਪ੍ਰਾਪਤ ਕੀਤਾ ਹੈ। ਮਾਡਲਿੰਗ ਵਿੱਚ ਕਦਮ ਰੱਖਣ ਨੇ ਮੇਰੇ ਲਈ ਹੋਰ ਰਾਹ ਖੋਲ੍ਹ ਦਿੱਤੇ। ਜਿਵੇਂ ਹੀ ਮੈਂ ਏਅਰਹੋਸਟੈੈੱਸ ਦੀ ਨੌਕਰੀ ਛੱਡੀ, ਕਿਸਮਤ ਨੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਟੈਲੀਵਿਜ਼ਨ ਇੰਡਸਟਰੀ ਵਿੱਚ ਮੌਕਾ ਮਿਲਿਆ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਅਦਾਕਾਰੀ ਕਰਕੇ ਮਜ਼ਾ ਆਉਂਦਾ ਹੈ ਅਤੇ ਮੈਂ ਇਸ ਲਈ ਕਈ ਆਡੀਸ਼ਨ ਦਿੱਤੇ। ਇਸ ਸਮੇਂ ਮੈਂ ‘ਕੈਸੇ ਮੁਝੇ ਤੁਮ ਮਿਲ ਗਏ’ ’ਚ ਪ੍ਰਿਅੰਕਾ ਦਾ ਕਿਰਦਾਰ ਨਿਭਾਅ ਕੇ ਬਹੁਤ ਖ਼ੁਸ਼ ਹਾਂ। ਜ਼ਿੰਦਗੀ ਦਾ ਹਰ ਅਨੁਭਵ ਤੁਹਾਨੂੰ ਅਗਲੇ ਪੜਾਅ ਲਈ ਤਿਆਰ ਕਰਦਾ ਹੈ ਅਤੇ ਇਸ ਵਾਰ ਮੇਰਾ ਧਿਆਨ ਦਰਸ਼ਕਾਂ ਦਾ ਮਨੋਰੰਜਨ ਕਰਨ ’ਤੇ ਹੈ।’’

Advertisement

ਅਭਿਸ਼ੇਕ ਨਿਗਮ ਦਾ ਵਿਲੱਖਣ ਅਨੁਭਵ

ਅਭਿਸ਼ੇਕ ਨਿਗਮ

ਸ਼ਾਹਰੁਖ ਖਾਨ ਦੀ ਫਿਲਮ ਦੇ ਮਸ਼ਹੂਰ ਦ੍ਰਿਸ਼ ਨੂੰ ਦੁਬਾਰਾ ਕਰਨ ਦੇ ਆਪਣੇ ਤਜਰਬੇ ਬਾਰੇ ਚਰਚਾ ਕਰਦੇ ਹੋਏ ਅਦਾਕਾਰ ਅਭਿਸ਼ੇਕ ਨਿਗਮ ਨੇ ਬਹੁਤ ਵਿਲੱਖਣ ਮਹਿਸੂਸ ਕੀਤਾ। ਉਸ ਨੇ ਕਿਹਾ, ‘‘ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਹੁਤ ਵਧੀਆ ਡਾਂਸਰ ਨਹੀਂ ਹਾਂ। ਮੈਂ ਅਜਿਹੇ ਮਸ਼ਹੂਰ ਗੀਤ ’ਤੇ ਨੱਚਣ ਤੋਂ ਬਹੁਤ ਘਬਰਾਇਆ ਹੋਇਆ ਸੀ। ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਸ਼ਾਹਰੁਖ ਖਾਨ ਦੇ ਸ਼ਾਨਦਾਰ ਪ੍ਰਦਰਸ਼ਨ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਸੀ। ਹਾਲਾਂਕਿ, ਮੇਰੀ ਸਹਿ-ਅਦਾਕਾਰਾ ਸੈਲੀ ਸਲੂੰਖੇ ਅਤੇ ਸਾਡੇ ਨਿਰਦੇਸ਼ਕ ਪ੍ਰਤੀਕ ਸ਼ਾਹ ਨੇ ਪੂਰੇ ਸ਼ੂਟ ਦੌਰਾਨ ਮੇਰਾ ਬਹੁਤ ਸਾਥ ਦਿੱਤਾ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਪਰਿਵਾਰਕ ਡਰਾਮੇ ‘ਪੁਕਾਰ - ਦਿਲ ਸੇ ਦਿਲ ਤੱਕ’ ਦੇ ਇਸ ਕ੍ਰਮ ਨੂੰ ਫਿਲਮਾਉਣ ਵਿੱਚ ਉਨ੍ਹਾਂ ਦੀ ਹੱਲਾਸ਼ੇਰੀ ਅਤੇ ਮਾਰਗਦਰਸ਼ਨ ਨੇ ਮੇਰੀ ਬਹੁਤ ਮਦਦ ਕੀਤੀ। ਹੈਰਾਨੀ ਦੀ ਗੱਲ ਹੈ ਕਿ ਮੈਨੂੰ ਸੱਚਮੁੱਚ ਇਹ ਪਸੰਦ ਆਇਆ ਜੋ ਮੇਰੇ ਲਈ ਵਿਲੱਖਣ ਕਿਸਮ ਦਾ ਅਨੁਭਵ ਰਿਹਾ ਹੈ।”
ਉਸ ਨੇ ਅੱਗੇ ਕਿਹਾ, “ਸ਼ਾਹਰੁਖ ਖਾਨ ਦੀ ਫਿਲਮ ਦੇ ਗੀਤ ‘ਚੱਕ ਧੂਮ ਧੂਮ’ ’ਤੇ ਪ੍ਰਦਰਸ਼ਨ ਕਰਨਾ ਕਿਸੇ ਵੀ ਅਦਾਕਾਰ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਮੀਂਹ, ਰੁਮਾਂਸ ਅਤੇ ਸੰਗੀਤ ਨੇ ਇਸ ਅਨੁਭਵ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ‘ਪੁਕਾਰ ਦਿਲ ਸੇ ਦਿਲ ਤੱਕ’ ਦੇ ਇਸ ਆਗਾਮੀ ਦ੍ਰਿਸ਼ ਲਈ ਇਸ ਮਸ਼ਹੂਰ ਸੀਨ ਨੂੰ ਦੁਬਾਰਾ ਬਣਾਉਣ ਦਾ ਮੌਕਾ ਮਿਲਿਆ। ਇਹ ਕ੍ਰਮ ਮੇਰੇ ਲਈ ਇੱਕ ਆਮ ਪ੍ਰਦਰਸ਼ਨ ਤੋਂ ਵੱਧ ਹੈ; ਇਹ ਮੇਰੇ ਕਰੀਅਰ ਵਿੱਚ ਇੱਕ ਮੀਲ ਪੱਥਰ ਹੈ ਅਤੇ ਇੱਕ ਪਲ ਹੈ ਜਿਸ ਦੀ ਮੈਂ ਹਮੇਸ਼ਾ ਕਦਰ ਕਰਾਂਗਾ।”

ਹਰ ਕਿਰਦਾਰ ’ਚ ਰਚਣ ਵਾਲਾ ਵਿਸ਼ਵਾਸ ਸਰਾਫ਼

ਵਿਸ਼ਵਾਸ ਸਰਾਫ਼

ਡ੍ਰੀਮੀਆਤਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੀ ਸਰਗੁਣ ਮਹਿਤਾ ਅਤੇ ਰਵੀ ਦੂਬੇ ਦੀ ਫਿਲਮ ‘ਬਾਦਲ ਪੇ ਪਾਂਵ ਹੈ’ ’ਚ ਵਿਸ਼ਵਾਸ ਸਰਾਫ਼ ਨੇ ਸ਼ੈਂਕੀ ਦਾ ਕਿਰਦਾਰ ਨਿਭਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਜੋ ਵੀ ਕਿਰਦਾਰ ਨਿਭਾਉਂਦਾ ਹੈ, ਉਹ ਉਸ ਦਾ ਹਿੱਸਾ ਬਣ ਜਾਂਦਾ ਹੈ ਪਰ ਜਦੋਂ ਕੈਮਰੇ ਬੰਦ ਹੋਣ ਤਾਂ ਉਹ ਖ਼ੁਦ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ।
ਸ਼ੈਂਕੀ ਦਾ ਕਿਰਦਾਰ ਉਸ ਦੀ ਸ਼ਖ਼ਸੀਅਤ ਤੋਂ ਬਿਲਕੁਲ ਵੱਖਰਾ ਹੈ। ਉਸ ਨੇ ਕਿਹਾ, ‘‘ਸ਼ੈਂਕੀ ਜਲਦੀ ਘੁਲਣ-ਮਿਲਣ ਵਾਲਾ ਵਿਅਕਤੀ ਹੈ, ਜਦਕਿ ਦੂਜੇ ਪਾਸੇ ਵਿਸ਼ਵਾਸ ਕਿਸੇ ਨਾਲ ਵੀ ਖੁੱਲ੍ਹਣ ਵਿੱਚ ਸਮਾਂ ਲੈਂਦਾ ਹੈ। ਸ਼ੈਂਕੀ ਬਹੁਤ ਊਰਜਾਵਾਨ ਹੈ, ਜਦੋਂ ਕਿ ਵਿਸ਼ਵਾਸ ਸ਼ਾਂਤ ਹੈ। ਸ਼ੈਂਕੀ ਦੀ ਭੂਮਿਕਾ ਨਿਭਾਉਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜਿਹੀਆਂ ਭੂਮਿਕਾਵਾਂ ਦਾ ਬਹੁਤ ਸ਼ੌਕੀਨ ਹਾਂ। ਮੈਂ ਇਸ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹਾਂ; ਇਸ ਲਈ ਇਸ ਨੇ ਮੈਨੂੰ ਹੋਰ ਆਤਮਵਿਸ਼ਵਾਸੀ ਬਣਾਇਆ ਹੈ।’’
ਉਸ ਨੂੰ ਆਪਣੇ ਇਸ ਕਿਰਦਾਰ ਲਈ ਦਰਸ਼ਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਸ ਨੇ ਕਿਹਾ, ‘‘ਲੋਕ ਸਾਡੇ ਸ਼ੋਅ ਵਿੱਚ ਰਜਤ ਦੀ ਭੂਮਿਕਾ ਨਿਭਾਉਣ ਵਾਲੇ ਆਕਾਸ਼ ਆਹੂਜਾ ਨਾਲ ਮੇਰੀ ਆਨਸਕ੍ਰੀਨ ਦੋਸਤੀ ਨੂੰ ਪਸੰਦ ਕਰ ਰਹੇ ਹਨ। ਸਾਡੇ ਦ੍ਰਿਸ਼ ਦਰਸ਼ਕਾਂ ਨੂੰ ਹਾਸੇ, ਉਤਸ਼ਾਹ ਅਤੇ ਸੱਚੀ ਦੋਸਤੀ ਦਾ ਅਹਿਸਾਸ ਕਰਾਉਂਦੇ ਹਨ। ਮੈਂ ਸ਼ੋਅ ਵਿੱਚ ਆਕਾਸ਼ ਦੇ ਨਾਲ ਸਭ ਤੋਂ ਵੱਧ ਘੁਲਦਾ ਮਿਲਦਾ ਹਾਂ। ਇਹ ਆਨਸਕ੍ਰੀਨ ਦੋਸਤੀ ਦੀ ਕੈਮਿਸਟਰੀ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਹਰ ਕਿਸੇ ਲਈ ਸ਼ੂਟਿੰਗ ਨੂੰ ਆਸਾਨ ਅਤੇ ਮਜ਼ੇਦਾਰ ਬਣਾਉਂਦਾ ਹੈ।’’
ਤੁਸੀਂ ਕੀ ਸੋਚਦੇ ਹੋ ਕਿ ਟੀਵੀ ਅਦਾਕਾਰ ਹੋਣ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹਨ? ‘‘ਮੈਂ ਹਮੇਸ਼ਾ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ, ਇਸ ਲਈ ਸਪੱਸ਼ਟ ਤੌਰ ’ਤੇ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ। ਫਾਇਦਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਹਨ। ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਇੱਕ ਅਦਾਕਾਰ ਨੂੰ ਸਕਰੀਨ ’ਤੇ ਸਕ੍ਰਿਪਟ ਦੀ ਮੰਗ ਅਨੁਸਾਰ ਬਹੁਤ ਸਾਰੀਆਂ ਵੱਖ-ਵੱਖ ਭਾਵਨਾਵਾਂ ਨੂੰ ਦਰਸਾਉਣਾ ਹੁੰਦਾ ਹੈ। ਇੱਥੇ ਅਲੱਗ ਅਨੁਭਵ ਕਰਨ ਦੇ ਅਨੇਕਾਂ ਮੌਕੇ ਹਨ ਜਦੋਂਕਿ ਅਸਲ ਜੀਵਨ ਵਿੱਚ ਬਹੁਤ ਅਨੁਭਵ ਹੋਣ ਦੇ ਬਾਵਜੂਦ ਇੰਨੇ ਜ਼ਿਆਦਾ ਅਨੁਭਵ ਕਰਨ ਦਾ ਮੌਕਾ ਬਹੁਤ ਘੱਟ ਹੀ ਮਿਲਦਾ ਹੈ।’’

Advertisement
Author Image

sukhwinder singh

View all posts

Advertisement
×