ਛੋਟਾ ਪਰਦਾ
ਧਰਮਪਾਲ
ਸੁੰਬਲ ਤੇ ਮਿਸ਼ਕਤ ਦੀ ਦੋਸਤੀ
ਸੁੰਬਲ ਤੌਕੀਰ ਅਤੇ ਮਿਸ਼ਕਤ ਵਰਮਾ ਨੇ ਨਾ ਸਿਰਫ਼ ਆਪਣੀ ਆਨ-ਸਕਰੀਨ ਕੈਮਿਸਟਰੀ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਬਲਕਿ ਇੱਕ ਸੱਚੀ ਆਫ-ਸਕਰੀਨ ਦੋਸਤੀ ਵੀ ਬਣਾਈ ਹੈ। ਡਾਂਸ ਲਈ ਉਨ੍ਹਾਂ ਦੇ ਆਪਸੀ ਪਿਆਰ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੀਆਂ ਡਾਂਸ ਰੀਲ੍ਹਾਂ ਨੇ ਲੱਖਾਂ ਵਿਊਜ਼ ਪ੍ਰਾਪਤ ਕੀਤੇ ਹਨ ਅਤੇ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਮਿਸ਼ਕਤ ਨਾਲ ਆਪਣੇ ਸਬੰਧ ’ਤੇ ਸੁੰਬਲ ਨੇ ਕਿਹਾ, ‘‘ਸਾਡੀ ਦੋਸਤੀ ਇੱਕ ਅਜਿਹਾ ਸਬੰਧ ਹੈ ਜੋ ਸਕ੍ਰਿਪਟਡ ਲਾਈਨਾਂ ਅਤੇ ਡਾਂਸ, ਰੀਲ੍ਹਾਂ ਤੋਂ ਪਰੇ ਹੈ। ਇਹ ਆਪਸੀ ਸਤਿਕਾਰ, ਸੱਚੇ ਹਾਸੇ ਅਤੇ ਕੁਝ ਸ਼ਰਾਰਤਾਂ ਵਾਲਾ ਸਬੰਧ ਹੈ। ਚੰਗੇ ਸਹਿ-ਅਦਾਕਾਰ ਵੀ ਚੰਗੇ ਪ੍ਰਦਰਸ਼ਨ ਵਿੱਚ ਯੋਗਦਾਨ ਪਾਉਂਦੇ ਹਨ। ਰੋਜ਼ਾਨਾ ਸ਼ੋਅ’ਜ਼ ਵਿੱਚ ਤੁਸੀਂ ਘਰ ਨਾਲੋਂ ਸੈੱਟਾਂ ’ਤੇ ਜ਼ਿਆਦਾ ਹੁੰਦੇ ਹੋ। ਜਿੰਨਾ ਜ਼ਿਆਦਾ ਦੋਸਤਾਨਾ ਮਾਹੌਲ ਹੋਵੇਗਾ, ਓਨਾ ਹੀ ਵਧੀਆ ਹੁੰਦਾ ਹੈ। ਮੈਂ ਸੁਭਾਅ ਤੋਂ ਇੱਕ ਮਿਲਣਸਾਰ ਵਿਅਕਤੀ ਹਾਂ। ਇਸ ਲਈ ਇਹ ਵਧੀਆ ਮਾਹੌਲ ਸਾਡੇ ਕੰਮਕਾਜ਼ੀ ਮਾਹੌਲ ਵਿੱਚ ਇੱਕ ਵੱਡਾ ਫ਼ਰਕ ਲਿਆਉਂਦਾ ਹੈ।’’
ਸ਼ੋਅ ਵਿੱਚ ਸੁੰਬਲ ਮੁੱਖ ਕਿਰਦਾਰ ਨਿਭਾ ਰਹੀ ਹੈ ਜਦੋਂ ਕਿ ਮਿਸ਼ਕਤ ਅਧੀਰਾਜ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਸ਼ੋਅ ਸੋਨੀ ’ਤੇ ਪ੍ਰਸਾਰਿਤ ਹੁੰਦਾ ਹੈ।
ਮੀਰਾ ਨੇ ਪਹਿਨਿਆ 35 ਕਿਲੋ ਦਾ ਲਹਿੰਗਾ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਕੁਛ ਰੀਤ ਜਗਤ ਕੀ ਐਸੀ ਹੈ’ ਦੀ ਚੱਲ ਰਹੀ ਕਹਾਣੀ ਵਿੱਚ ਰਤਨਾਸ਼ੀ ਪਰਿਵਾਰ ਨੰਦਨੀ (ਮੀਰਾ ਦੇਓਸਥਲੇ) ਦਾ ਆਪਣੇ ਘਰ ਵਿੱਚ ਸੁਆਗਤ ਕਰਨ ਲਈ ਜਸ਼ਨ ਮਨਾਉਣ ਲਈ ਇਕੱਠਾ ਹੁੰਦਾ ਹੈ। ਹਾਲਾਂਕਿ, ਹੇਮਰਾਜ (ਧਰਮੇਸ਼ ਵਿਆਸ) ਜਸ਼ਨ ਵਿੱਚ ਵਿਘਨ ਪਾਉਂਦਾ ਹੈ ਅਤੇ ਅਸਿੱਧੇ ਤੌਰ ’ਤੇ ਚਿਤਾਵਨੀ ਦਿੰਦਾ ਹੈ।
ਇਸ ਲਈ ਇੱਥੇ ਵਿਆਹ ਲਈ ਇੱਕ ਸ਼ਾਨਦਾਰ ਸੈੱਟ ਤਿਆਰ ਕੀਤਾ ਗਿਆ ਹੈ। ਨੰਦਿਨੀ ਦਾ ਪਹਿਰਾਵਾ ਪਰੰਪਰਾ ਅਤੇ ਅਸਾਧਾਰਣਤਾ ਦੇ ਸੰਪੂਰਨ ਮਿਸ਼ਰਣ ਨੂੰ ਦਰਸਾਉਂਦਾ ਹੈ। ਨੰਦਿਨੀ ਦੇ ਦੁਲਹਨ ਦੇ ਪਹਿਰਾਵੇ ਦਾ ਵਜ਼ਨ 35 ਕਿਲੋਗ੍ਰਾਮ ਹੈ, ਜੋ ਅਸਲ ਵਿੱਚ ਦੇਖਣਯੋਗ ਹੈ। ਇਸ ਵਿੱਚ ਗੁੰਝਲਦਾਰ ਕਢਾਈ ਹੈ। ਇਸ ਨੂੰ ਗੋਲਡਨ ਵਰਕ ਨਾਲ ਸਜਾਇਆ ਗਿਆ ਹੈ। ਇਸ ਨਾਲ ਇੱਕ ਲਾਲ ਦੁਪੱਟਾ ਹੈ, ਜੋ ਨੰਦਨੀ ਦੇ ਪਹਿਰਾਵੇ ਨੂੰ ਸ਼ਾਹੀ ਅਹਿਸਾਸ ਦਿੰਦਾ ਹੈ। ਉਸ ਦੀ ਦੁਲਹਨ ਦੀ ਦਿੱਖ ਦਾ ਹਰ ਪਹਿਲੂ, ਨੱਥ ਤੇ ਮੁੰਦਰੀ ਤੋਂ ਲੈ ਕੇ ਸ਼ਾਨਦਾਰ ਗਹਿਣਿਆਂ ਤੱਕ ਉਸ ਦੀ ਸ਼ਾਹੀ ਦਿਖ ਨੂੰ ਚਾਰ ਚੰਦ ਲਾਉਂਦੇ ਹਨ।
ਵਿਆਹ ਦੀ ਇਸ ਦਿਖ ਬਾਰੇ ਗੱਲ ਕਰਦੇ ਹੋਏ ਮੀਰਾ ਦੇਓਸਥਲੇ ਕਹਿੰਦੀ ਹੈ, ‘‘ਆਮ ਤੌਰ ’ਤੇ ਅਸੀਂ ਟੈਲੀਵਿਜ਼ਨ ’ਤੇ ਅਭਿਨੇਤਰੀਆਂ ਨੂੰ ਲਾਲ ਲਹਿੰਗਾ ਪਹਿਨਿਆ ਹੋਇਆ ਦੇਖਦੇ ਹਾਂ, ਪਰ ਮੈਨੂੰ ਪਨੇਤਰ ਪਹਿਨਣ ਦਾ ਮੌਕਾ ਮਿਲਿਆ, ਜੋ ਗੁਜਰਾਤੀ ਦੁਲਹਨਾਂ ਦੁਆਰਾ ਪਹਿਨਿਆ ਜਾਂਦਾ ਹੈ। ਗੁਜਰਾਤੀ ਹੋਣ ਕਰਕੇ ਇਹ ਅਹਿਸਾਸ ਕਾਫ਼ੀ ਖ਼ਾਸ ਸੀ। ਇਸ ਵਿਆਪਕ ਦ੍ਰਿਸ਼ ਨੂੰ ਸ਼ੂਟ ਕਰਨ ਲਈ ਮੈਂ ਇਸ ਲਹਿੰਗੇ ਨੂੰ 20-25 ਦਿਨਾਂ ਲਈ ਪਹਿਨਿਆ, ਪਰ ਲਹਿੰਗਾ ਕਾਫ਼ੀ ਭਾਰੀ ਸੀ। ਗਹਿਣਿਆਂ ਦੇ ਨਾਲ ਇਸ ਦਾ ਵਜ਼ਨ 35 ਕਿਲੋਗ੍ਰਾਮ ਸੀ, ਪਰ ਮੇਰਾ ਮੰਨਣਾ ਹੈ ਕਿ ਸੱਭਿਆਚਾਰਕ ਪਹਿਰਾਵਾ ਪਹਿਨਣ ਦੀ ਆਪਣੀ ਵਿਲੱਖਣ ਸੁੰਦਰਤਾ ਹੁੰਦੀ ਹੈ। ਇਸ ਨੂੰ ਪਹਿਨ ਕੇ ਤੁਰਨਾ ਅਸੰਭਵ ਸੀ; ਕਈ ਵਾਰ ਮੈਂ ਹਿੱਲ ਵੀ ਨਹੀਂ ਸਕਦੀ ਸੀ ਪਰ ਚੁਣੌਤੀਆਂ ਦੇ ਬਾਵਜੂਦ, ਇਹ ਇੱਕ ਦਿਲਚਸਪ ਅਨੁਭਵ ਸੀ। ਹੁਣ ਮੈਂ ਸੋਚਦੀ ਹਾਂ ਕਿ ਜਦੋਂ ਮੇਰੇ ਵਿਆਹ ਦਾ ਸਮਾਂ ਆਇਆ ਤਾਂ ਮੈਂ ਸਾਦਾ ਪਹਿਰਾਵਾ ਪਹਿਨ ਕੇ ਹੀ ਵਿਆਹ ਕਰਵਾ ਲਵਾਂਗੀ।’’
ਇਸ ਕਹਾਣੀ ਬਾਰੇ ਗੱਲ ਕਰਦੇ ਹੋਏ ਮੀਰਾ ਦੇਓਸਥਲੇ ਕਹਿੰਦੀ ਹੈ, “ਮੈਨੂੰ ਲੱਗਦਾ ਹੈ ਕਿ ਵਿਆਹ ਇੱਕ ਸੁੰਦਰ ਮਿਲਾਪ ਹੈ ਅਤੇ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਇੱਕ ਔਰਤ ਦਾ ਜੀਵਨ ਇੱਕ ਨਵੇਂ ਪਰਿਵਾਰ ਵਿੱਚ ਸ਼ਾਮਲ ਹੁੰਦੇ ਹੀ ਬਦਲ ਜਾਂਦਾ ਹੈ। ਮੇਰਾ ਕਿਰਦਾਰ ਨੰਦਿਨੀ, ਰਤਨਸ਼ੀ ਪਰਿਵਾਰ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹੈ ਪਰ ਇਸ ਉਤਸ਼ਾਹ ਦੇ ਅੰਦਰ ਇੱਕ ਅਸਹਿਜ ਤਣਾਅ ਹੈ। ਦੂਜੇ ਪਾਸੇ ਨੰਦਿਨੀ ਨੇ ਹਮੇਸ਼ਾ ਸਮਾਜਿਕ ਬੁਰਾਈਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਹੁਣ ਉਹ ਮਹਿਸੂਸ ਕਰਦੀ ਹੈ ਕਿ ਉਹ ਆਪਣੇ ਨਵੇਂ ਪਰਿਵਾਰ ਵਿੱਚ ਛੁਪੀਆਂ ਗੁੰਝਲਾਂ ਨੂੰ ਉਜਾਗਰ ਕਰਨ ਦੀ ਕਗਾਰ ’ਤੇ ਹੈ।’’
ਸੁਮਿਤ ਕੌਲ ਦੀ ਟੀਵੀ ’ਤੇ ਵਾਪਸੀ
‘ਤਨਾਵ’ ਵਰਗੀ ਵੈੱਬ ਸੀਰੀਜ਼ ਅਤੇ ‘ਅਫ਼ਵਾਹ’ ਅਤੇ ‘ਆਰਟੀਕਲ 370’ ਵਰਗੀਆਂ ਫਿਲਮਾਂ ਨਾਲ ਪਿਛਲੇ ਚਾਰ ਸਾਲਾਂ ਤੋਂ ਰੁੱਝੇ ਅਦਾਕਾਰ ਸੁਮਿਤ ਕੌਲ ਨੇ ਛੋਟੇ ਪਰਦੇ ’ਤੇ ਵਾਪਸੀ ਕੀਤੀ ਹੈ। ਉਹ ‘ਜਨਨੀ-ਏਆਈ ਕੀ ਕਹਾਨੀ’ ਦਾ ਹਿੱਸਾ ਹੈ, ਜੋ ਦੰਗਲ ਟੀਵੀ ’ਤੇ ਪ੍ਰਸਾਰਿਤ ਹੋਵੇਗਾ। ਮ੍ਰਿਣਾਲ ਅਭਿਗਿਆਨ ਝਾਅ ਪ੍ਰੋਡਕਸ਼ਨ (ਐੱਮਏਜੇ) ਵਿੱਚ ਸੁਮਿਤ, ਪਰੇਸ਼ ਪਰਮਾਰ ਦੀ ਭੂਮਿਕਾ ਨਿਭਾ ਰਿਹਾ ਹੈ।
ਉਹ ਦੱਸਦਾ ਹੈ, ‘‘ਇਹ ਸ਼ੋਅ ਬਹੁਤ ਵਿਲੱਖਣ ਹੈ ਕਿਉਂਕਿ ਇਹ ਇੱਕ ਮਾਂ ਵੱਲੋਂ ਸਾਹਮਣਾ ਕਰਨ ਵਾਲੀ ਸਭ ਤੋਂ ਵੱਡੀ ਚੁਣੌਤੀ ਨਾਲ ਨਜਿੱਠਦਾ ਹੈ, ਇਹ ‘ਇੱਕ ਖ਼ਤਰਨਾਕ ਬਿਮਾਰੀ ਤੋਂ ਉਸ ਦੇ ਬੱਚੇ ਦੀ ਜਾਨ ਬਚਾਉਣਾ’ ਹੈ। ਇਸ ਲਈ ਇਹ ਵਿਲੱਖਣ ਸਿਰਲੇਖ ਸਾਡੇ ਸ਼ੋਅ ਲਈ ਢੁੱਕਵਾਂ ਹੈ। ਅਸੀਂ ਇੱਕ ਨਵੀਂ ਦੁਨੀਆ ਬਣਾਉਣ ਦੇ ਵਿਚਕਾਰ ਹਾਂ ਜਿਸ ਦੀ ਅਗਵਾਈ ਕਈ ਤਰੀਕਿਆਂ ਨਾਲ ਏਆਈ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਕੀਤੀ ਜਾਵੇਗੀ। ਅਸੀਂ ਨਵੇਂ ਏਆਈ ਦੇ ਜਨਮ ਦੇ ਗਵਾਹ ਹਾਂ।’’
ਉਹ ਅੱਗੇ ਕਹਿੰਦਾ ਹੈ, ‘‘ਸ਼ੋਅ ਦੀ ਥੀਮ ਬਹੁਤ ਵਿਲੱਖਣ ਹੈ ਅਤੇ ਇਹ ਦਰਸਾਉਂਦੀ ਹੈ ਕਿ ਭਾਰਤੀ ਟੈਲੀਵਿਜ਼ਨ ’ਤੇ ਸਮੱਗਰੀ ਬਹੁਤ ਪ੍ਰਗਤੀਸ਼ੀਲ ਹੈ। ਇਹ ਵਿਸ਼ਾ ਰਵਾਇਤੀ ਤੌਰ ’ਤੇ ਦਰਪੇਸ਼ ਚੁਣੌਤੀਆਂ ਨਾਲ ਨਜਿੱਠਦਾ ਹੈ, ਭਵਿੱਖ ਨੂੰ ਉਜਾਗਰ ਕਰਦਾ ਹੈ। ਭਵਿੱਖ ਵਿੱਚ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਵੀ ਓਨਾ ਹੀ ਮਹੱਤਵਪੂਰਨ ਹੋਵੇਗਾ।’’
ਆਪਣੇ ਚਰਿੱਤਰ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ, “ਮੈਂ ਇੱਕ ਅਤਿ-ਬੁੱਧੀਮਾਨ ਤੇ ਭਾਵੁਕ ਵਿਗਿਆਨੀ ਦੀ ਭੂਮਿਕਾ ਨਿਭਾ ਰਿਹਾ ਹਾਂ ਜੋ ਆਪਣੀਆਂ ਨਿੱਜੀ ਇੱਛਾਵਾਂ ਨੂੰ ਪੂਰਾ ਕਰਨ ਲਈ ਵਿਗਿਆਨ ਅਤੇ ਨਵੀਆਂ ਕਾਢਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਆਪਣੇ ਦ੍ਰਿਸ਼ਟੀਕੋਣ ਵਿੱਚ ਸ਼ਾਮਲ ਹੋਣ ਦੀ ਬਜਾਏ, ਉਹ ਆਪਣੀ ਮਾਨਸਿਕਤਾ ਵਿੱਚ ਬਹੁਤ ਹੀ ਪ੍ਰਤੀਯੋਗੀ ਅਤੇ ਉੱਚ ਪੱਧਰ ਦਾ ਵਿਅਕਤੀ ਹੈ। ਉਹ ਅਜਿਹਾ ਵਿਅਕਤੀ ਹੈ ਜੋ ਪਰਿਵਾਰ ਸਮੇਤ ਹਰ ਚੀਜ਼ ਨਾਲੋਂ ਵਿਗਿਆਨਕ ਕੰਮ ਨੂੰ ਚੁਣਦਾ ਹੈ। ਮੈਂ ਇਸ ਕਿਰਦਾਰ ਵੱਲ ਇਸ ਲਈ ਆਕਰਸ਼ਿਤ ਹੋਇਆ ਕਿਉਂਕਿ ਮਹਾਨ ਵਿਅਕਤੀ ਦੇ ਕਿਰਦਾਰ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਵੱਡੀਆਂ ਹੁੰਦੀਆਂ ਹਨ। ਕਿਸੇ ਅਜਿਹੀ ਚੀਜ਼ ਦਾ ਹਿੱਸਾ ਬਣਨਾ ਵੀ ਬਹੁਤ ਰੁਮਾਂਚਕ ਹੈ ਜੋ ਨਵੀਂ ਹੈ।”
ਉਹ ਅੱਗੇ ਕਹਿੰਦਾ ਹੈ, ‘‘ਜਦੋਂ ਮੈਂ ਇਸ ਕਿਰਦਾਰ ’ਤੇ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਇਸ ਨਾਲ ਜੁੜਨਾ ਬਹੁਤ ਮੁਸ਼ਕਿਲ ਲੱਗਿਆ। ਉਸ ਦਾ ਜਨੂੰਨ, ਉਸ ਨੂੰ ਬਹੁਤ ਹਮਲਾਵਰ, ਬਹੁਤ ਹੀ ਪ੍ਰਤੀਯੋਗੀ, ਹੰਕਾਰੀ ਅਤੇ ਬਹੁਤ ਰੁੱਖਾ ਬਣਾਉਂਦਾ ਹੈ ਪਰ ਸਮੇਂ ਦੇ ਨਾਲ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਸਾਰਿਆਂ ਵਿੱਚ ਇੱਕ ਅਜਿਹਾ ਪੱਖ ਹੈ ਜਿੱਥੇ ਅਸੀਂ ਆਪਣੇ ਕਾਲਪਨਿਕ ਸੰਸਾਰ ਵਿੱਚ ਰਹਿੰਦੇ ਹਾਂ ਅਤੇ ਅਸਲੀਅਤ ਤੋਂ ਵੱਖ ਹੋ ਜਾਂਦੇ ਹਾਂ। ਇੱਕ ਵਾਰ ਜਦੋਂ ਮੈਨੂੰ ਉਹ ਜਗ੍ਹਾ ਮਿਲ ਗਈ ਤਾਂ ਮੈਨੂੰ ਆਪਣੇ ਕਿਰਦਾਰ ਪਰੇਸ਼ ਪਰਮਾਰ ਨਾਲ ਜੁੜਨਾ ਆਸਾਨ ਹੋ ਗਿਆ।’’
ਏਆਈ ਦੀ ਲਹਿਰ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ, “ਏਆਈ ਕਈ ਸਾਲਾਂ ਤੋਂ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਏਆਈ ਦੀ ਗੁਣਵੱਤਾ ਅਤੇ ਸਾਡੀ ਜ਼ਿੰਦਗੀ ਵਿੱਚ ਇਸ ਦੇ ਪ੍ਰਵੇਸ਼ ਕਰਨ ਦੀ ਸ਼ਕਤੀ ਸਿਰਫ਼ ਵਧਣ ਵਾਲੀ ਹੀ ਨਹੀਂ ਹੈ ਬਲਕਿ ਜਿੰਨੀ ਜਲਦੀ ਅਸੀਂ ਇਸ ਨਵੇਂ ਤਰੀਕੇ ਨਾਲ ਅਨੁਕੂਲ ਹੋ ਜਾਵਾਂਗੇ, ਇਸ ਨੂੰ ਅਪਣਾਉਣ ਦੇ ਯੋਗ ਹੋਵਾਂਗਾੇ, ਇਹ ਸਾਡੇ ਲਈ ਬਿਹਤਰ ਹੋਵੇਗਾ।’’
ਅਭਿਗਿਆਨ ਅਤੇ ਮ੍ਰਿਣਾਲ ਝਾਅ ਨਾਲ ਕੰਮ ਕਰਨਾ ਇੱਕ ਖੁਸ਼ੀ ਦੀ ਗੱਲ ਹੈ, ਉਹ ਕਹਿੰਦਾ ਹੈ, “ਮੈਨੂੰ ਅਤੀਤ ਵਿੱਚ ਦੋ ਵੱਖ-ਵੱਖ ਪ੍ਰਾਜੈਕਟਾਂ ਵਿੱਚ ਮ੍ਰਿਣਾਲ ਅਤੇ ਅਭਿਗਿਆਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਹਮੇਸ਼ਾ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਉਹ ਇੱਕ ਲੇਖਕ ਹਨ ਜੋ ਆਪਣੇ ਸਮੇਂ ਤੋਂ ਅੱਗੇ ਹਨ। ਉਨ੍ਹਾਂ ਨੇ ਹਮੇਸ਼ਾ ਸ਼ਾਨਦਾਰ ਪਲੈਟਫਾਰਮ ਬਣਾਏ ਹਨ ਜਿੱਥੇ ਵੱਖੋ-ਵੱਖਰੇ ਵਿਚਾਰਾਂ ਅਤੇ ਵਿਚਾਰ ਪ੍ਰਕਿਰਿਆਵਾਂ ਵਾਲੇ ਰਚਨਾਤਮਕ ਲੋਕ ਸ਼ਾਨਦਾਰ ਸਮੱਗਰੀ ਬਣਾਉਣ ਲਈ ਇਕੱਠੇ ਹੁੰਦੇ ਹਨ।’’