ਹਤਿੰਦਰ ਮਹਿਤਾਜਲੰਧਰ, 19 ਮਾਰਚਆਦਮਪੁਰ-ਅਲਾਵਲਪੁਰ ਮੁੱਖ ਮਾਰਗ ’ਤੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ-ਸਰਕਟ ਕਾਰਨ ਗੰਨੇ ਦੇ ਖੇਤ ਨੂੰ ਅੱਗ ਲੱਗ ਗਈ। ਦਲਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਆਦਮਪੁਰ ਨੇ ਦੱਸਿਆ ਕਿ ਉਸ ਨੇ ਆਦਮਪੁਰ ਅਲਾਵਲਪੁਰ ਮੁੱਖ ਮਾਰਗ ’ਤੇ ਡੇਢ ਏਕੜ ’ਚ ਗੰਨਾ ਬੀਜਿਆ ਹੋਇਆ ਹੈ। ਅੱਜ ਦੁਪਹਿਰ 1.30 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਖੇਤ ’ਚ ਅੱਗ ਲੱਗ ਗਈ ਹੈ। ਉਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਦੋਂ ਤੱਕ ਗੰਨੇ ਦੀ ਫ਼ਸਲ ਸੜ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ’ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਆਂ ਹਨ, ਜਿਨ੍ਹਾਂ ਬਾਰੇ ਕਈ ਵਾਰ ਪਾਵਰਕੌਮ ਅਧਿਕਾਰੀਆ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ਨੂੰ ਅੱਗ ਕਾਰਨ ਕਰੀਬ 1.50 ਲੱਖ ਤੋਂ 2 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕੌਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਫ਼ਸਲ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਆਦਮਪੁਰ ਪੁਲੀਸ ਦੇ ਮੁਲਾਜ਼ਮ ਵੀ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਸਨ।ਪਾਵਰਕੌਮ ਦਫ਼ਤਰ ਆਦਮਪੁਰ ਦੇ ਐੱਸਡੀਓ ਨੇ ਕਿਹਾ ਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਮੌਕੇ ’ਤੇ ਜਾਂਚ ਕਰਨ ਲਈ ਜੇਈ ਨੂੰ ਭੇਜਣਗੇ ਅਤੇ ਇਸ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।