ਟੋਅ ਵੈਨਾਂ ਖ਼ਿਲਾਫ਼ ਸੜਕਾਂ ’ਤੇ ਉੱਤਰੇ ਦੁਕਾਨਦਾਰ
ਸ਼ਗਨ ਕਟਾਰੀਆ
ਬਠਿੰਡਾ, 7 ਅਕਤੂਬਰ
ਟੋਅ ਵੈਨਾਂ ਦੀ ਕਾਰਗੁਜ਼ਾਰੀ ਦਾ ਵਿਰੋਧ ਕਰਦਿਆਂ ਅੱਜ ਕੁਝ ਕੁ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਲਾਇਆ। ਧਰਨਾਕਾਰੀਆਂ ਦਾ ਦੋਸ਼ ਸੀ ਕਿ ਸ਼ਹਿਰ ’ਚ ਪਾਰਕਿੰਗ ਵਾਲੀ ਜਗ੍ਹਾ ’ਤੇ ਗੱਡੀਆਂ ਲੁਆਉਣ ਦੇ ਮਕਸਦ ਤਹਿਤ ਸ਼ਹਿਰ ਵਿੱਚੋਂ ਨਿਗਮ ਦੇ ਕਰਮਚਾਰੀ ਟੋਅ ਵੈਨਾਂ ਨਾਲ ਗੱਡੀਆਂ ਟੋਅ ਕਰ ਲੈਂਦੇ ਹਨ, ਜਿਸ ਕਰਕੇ ਦੁਕਾਨਦਾਰੀਆਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭੀੜ ਭੜੱਕੇ ਵਾਲੇ ਬਾਜ਼ਾਰਾਂ ’ਚ ਵਾਹਨ ਟੋਅ ਕਰਨ ਦਾ ਵਰਤਾਰਾ ਦੁਕਾਨਦਾਰਾਂ ਦੇ ਕਾਰੋਬਾਰਾਂ ਨੂੰ ਬੇਹੱਦ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਆਪਣੀਆਂ ਗੱਡੀਆਂ ’ਤੇ ਆਉਣ ਵਾਲੇ ਗਾਹਕ ਇੱਥੇ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਉਹ ਚਿਰਾਂ ਤੋਂ ਟੋਅ ਦੇ ਰੁਝਾਨ ਨੂੰ ਰੋਕਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਰਕਿੰਗ ਦੇ ਠੇਕੇਦਾਰ ਤੋਂ ਇਹ ਕੰਮ ਨਗਰ ਨਿਗਮ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਪਰ ਨਿਗਮ ਦੇ ਕਰਮਚਾਰੀ ਵੀ ਕਈ ਵਾਰ ਕਥਿਤ ਜ਼ਿਆਦਤੀ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਦੁਕਾਨਦਾਰਾਂ ਦੀ ਮੁਸ਼ਕਿਲ ਨੂੰ ਗਹੁ ਨਾਲ ਵਾਚ ਕੇ ਇਸ ਦਾ ਸਥਾਈ ਹੱਲ ਕਰੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।