ਦੁਕਾਨਦਾਰਾਂ ਨੇ ਸਬਜ਼ੀਆਂ ਵੇਚ ਕੇ ਪ੍ਰਗਟਾਇਆ ਰੋਸ
ਮੁਕੇਸ਼ ਕੁਮਾਰ
ਚੰਡੀਗੜ੍ਹ, 22 ਅਗਸਤ
ਇਥੇ ਵੀਕਐਂਡ ’ਤੇ ਬਾਜ਼ਾਰ ਬੰਦ ਰੱਖਣ ਦੇ ਹੁਕਮਾਂ ਦਾ ਸ਼ਹਿਰ ਦਾ ਵਪਾਰੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਵਪਾਰੀਆਂ ਅਨੁਸਾਰ ਕਰੋਨਾ ਦੇ ਫੈਲਾਅ ਵਿੱਚ ਦੁਕਾਨਦਾਰਾਂ ਦਾ ਕੋਈ ਹੱਥ ਨਹੀਂ ਹੈ। ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਗੈਰਜ਼ਰੂਰੀ ਕੈਟੇਗਰੀ ਵਾਲੀਆਂ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਖ਼ਿਲਾਫ਼ ਅੱਜ ਦੁਕਾਨਦਾਰਾਂ ਨੇ ਸ਼ਹਿਰ ਵਿੱਚ ਕਈਂ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਇਥੋਂ ਦੇ ਸੈਕਟਰ 23 ਸਥਿਤ ਗਹਿਣਿਆਂ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਫਲ ਤੇ ਸਬਜ਼ੀਆਂ ਵੇਚ ਕੇ ਪ੍ਰਸ਼ਾਸਨ ਦੇ ਆਦੇਸ਼ਾਂ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਦੇ ਦੁਕਾਨਦਾਰ ਸੰਜੀਵ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕਰੋਨਾ ਦੀ ਰੋਕਥਾਮ ਬਾਰੇ ਹਦਾਇਤਾਂ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਂਦੀ ਹੈ ਤੇ ਵਾਇਰਸ ਦੁਕਾਨਾਂ ਰਾਹੀਂ ਨਹੀਂ ਫੈਲ ਰਿਹਾ। ਊਨ੍ਹਾਂ ਦੋਸ਼ ਲਗਾਇਆ ਕਿ ਕਰੋਨਾ ਦੀ ਰੋਕਥਾਮ ਨੂੰ ਲੈਕੇ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੀ ਆਰਥਿਕ ਪੱਖੋਂ ਕਮਰ ਤੋੜਣ ਵਿੱਚ ਕੋਈ ਕਸਰ ਨਹੀਂ ਛੱਡੀ। ਵਪਾਰੀ ਨੇਤਾ ਸੰਜੀਵ ਚੱਢਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਸ਼ਹਿਰ ਦੇ ਵਪਾਰੀਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਊਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਬੰਦ ਕਮਰਿਆਂ ਵਿੱਚ ਜਨਤਾ ਦੇ ਖ਼ਿਲਾਫ਼ ਫੈਸਲੇ ਲੈਂਦੇ ਹਨ। ਵਪਾਰੀ ਨੇਤਾ ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਦੁਕਾਨਾਂ ਬੰਦ ਕਰਨ ਦੀ ਥਾਂ ਕਰੋਨਾਵਾਇਰਸ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਬਿਨਾਂ ਮਾਸਕ ਪਹਿਨੇ ਘੁੰਮਣ ਵਾਲੇ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਾਇਰਸ ਨਾਲ ਮੁਕਾਬਲਾ ਕਰਨ ਲਈ ਸ਼ਹਿਰ ਦੇ ਵਪਾਰੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਤੇ ਪ੍ਰਸ਼ਾਸਨ ਨੂੰ ਵੀ ਦੁਕਾਨਦਾਰਾਂ ਦੇ ਹਿੱਤ ਦਾ ਧਿਆਨ ਰੱਖਣਾ ਚਾਹੀਦਾ ਹੈ। ਵਪਾਰੀ ਨੇਤਾ ਕੈਲਾਸ਼ ਚੰਦ ਜੈਨ ਨੇ ਵੀ ਪ੍ਰਸ਼ਾਸਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ।
ਕਾਰ ਡੀਲਰ ਵੀ ਪ੍ਰਸ਼ਾਸਨ ਦੇ ਹੁਕਮ ਤੋਂ ਖ਼ਫਾ
ਚੰਡੀਗੜ੍ਹ ਕਾਰ ਬਾਜ਼ਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਸੈਕਿੰਡਹੈਂਡ ਕਾਰਾਂ ਦਾ ਬਾਜ਼ਾਰ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹੈ ਤੇ ਥੋੜਾ-ਬਹੁਤ ਕਾਰੋਬਾਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਹੁੰਦਾ ਸੀ ਜੋ ਕਿ ਬੰਦ ਹੋ ਗਿਆ ਹੈ। ਸ਼ਹਿਰ ਦੇ ਵਪਾਰੀਆਂ ਨੇ ਪ੍ਰਸ਼ਾਸਨ ਨੂੰ ਦੁਕਾਨਾਂ ਬੰਦ ਰੱਖਣ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਦੇ ਹੁਕਮਾਂ ਕਾਰਨ ਸੈਕਟਰ-22 ਦੀ ਮੋਬਾਈਲ ਮਾਰਕੀਟ ਸਮੇਤ ਸ਼ਾਸਤਰੀ ਮਾਰਕੀਟ, ਸੈਕਟਰ-19 ਦਾ ਪਾਲਿਕਾ ਬਾਜ਼ਾਰ ਤੇ ਸਦਰ ਬਾਜ਼ਾਰ, ਸੈਕਟਰ-15 ਦੀ ਮਾਰਕੀਟ, ਸੈਕਟਰ-40 ਦੀ ਕ੍ਰਿਸ਼ਨਾ ਮਾਰਕੀਟ, ਸੈਕਟਰ-28 ਤੇ ਮਨੀਮਾਜਰਾ ਦੀ ਮੋਟਰ ਮਾਰਕੀਟ ਦੀਆਂ ਦੁਕਾਨਾਂ ਅੱਜ ਬੰਦ ਰਹੀਆਂ ਬਾਜ਼ਾਰ ਸੁੰਨਸਾਨ ਨਜ਼ਰ ਆਏ।
ਪਰੀਦਾ ਵੱਲੋਂ ਸਪਸ਼ਟੀਕਰਨ
ਚੰਡੀਗੜ੍ਹ (ਟਨਸ): ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਸਬੰਧੀ ਕਈ ਥਾਵਾਂ ’ਤੇ ਭੰਬਲਭੂਸਾ ਬਣਿਆ ਰਿਹਾ ਪਰ ਬਾਅਦ ਵਿੱਚ ਪੁਲੀਸ ਨੇ ਦੁਕਾਨਾਂ ਖੋਲ੍ਹਣ ਲਈ ਪ੍ਰਵਾਨਗੀ ਦੇ ਦਿੱਤੀ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਦਿਆਂ ਸਪਸ਼ਟ ਕੀਤਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਕਿਸੇ ਵਪਾਰੀ ਜਾਂ ਹੋਰ ਵਰਗ ਦੇ ਲੋਕਾਂ ਦਾ ਕੰਮ ਪ੍ਰਭਾਵਿਤ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਪਰ ਬਾਜ਼ਾਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਵੀਕਐਂਡ ’ਤੇ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।