ਦੁਕਾਨਦਾਰਾਂ ਨੇ ਨਾਭਾ-ਪਟਿਆਲਾ ਸੜਕ ’ਤੇ ਆਵਾਜਾਈ ਰੋਕੀ
ਮੋਹਿਤ ਸਿੰਗਲਾ
ਨਾਭਾ, 5 ਜੂਨ
ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਨਾਭਾ-ਪਟਿਆਲਾ ਰੋਡ ਮਾਰਕੀਟ ਦੇ ਦੁਕਾਨਦਾਰਾਂ ਨੇ ਅੱਜ ਪੁਲੀਸ ਅਤੇ ਹਲਕਾ ਵਿਧਾਇਕ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਚੋਰੀ ਅਤੇ ਲੁੱਟ ਖੋਹ ਦੀ ਸ਼ਿਕਾਇਤ ਲੈ ਕੇ ਕੋਤਵਾਲੀ ਪਹੁੰਚੇ ਲੋਕ ਜਦੋਂ ਕਾਰਵਾਈ ਤੋਂ ਅਸੰਤੁਸ਼ਟ ਰਹੇ ਤਾਂ ਉਹ ਵਿਧਾਇਕ ਦੇ ਘਰ ਜਾ ਪਹੁੰਚੇ। ਦੁਕਾਨਦਾਰਾਂ ਮੁਤਾਬਕ ਉਹ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਘਰ ਦੇ ਬਾਹਰ ਪੌਣਾ ਘੰਟੇ ਦੇ ਕਰੀਬ ਖੜ੍ਹੇ ਰਹੇ ਪਰ ਵਿਧਾਇਕ ਨੂੰ ਮਿਲ ਨਾ ਸਕੇ। ਇਸ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਨਾਭਾ ਪਟਿਆਲਾ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾ ਲੱਗਣ ਤੋਂ ਲਗਪਗ ਵੀਹ ਕੁ ਮਿੰਟ ਬਾਅਦ ਹੀ ਵਿਧਾਇਕ ਅਤੇ ਪੁਲੀਸ ਮੁਲਾਜ਼ਮ ਉੱਥੇ ਪਹੁੰਚ ਗਏ। ਇਸ ਦੌਰਾਨ ਬੈਟਰੀਆਂ ਦੀ ਦੁਕਾਨ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਲਗਭਗ ਚਾਰ ਲੱਖ ਦਾ ਸਾਮਾਨ ਚੋਰੀ ਹੋ ਗਿਆ ਜਿਸ ਦੀ ਸ਼ਿਕਾਇਤ ਕਰਨ ਉਹ ਕੋਤਵਾਲੀ ਥਾਣੇ ਪਹੁੰਚਿਆ ਸੀ। ਦੁਕਾਨਦਾਰ ਸੁਧੀਰ ਸ਼ਰਮਾ ਅਤੇ ਹੋਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਇਥੇ ਇੱਕ ਕਰਿਆਨਾ ਵਾਲੇ ਦੇ ਮੁਲਾਜ਼ਮ ਦੀ ਕੁੱਟਮਾਰ ਕਰਕੇ ਉਸ ਕੋਲੋਂ 1500 ਰੁਪਏ ਅਤੇ ਮੋਬਾਈਲ ਖੋਹ ਲੈਣ ਦੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਐਫਆਈਆਰ ਤੱਕ ਦਰਜ ਨਾ ਹੋਈ। ਪਿਛਲੇ ਹਫਤੇ ਇਸੇ ਮਾਰਕੀਟ ’ਚ ਇੱਕ ਹੋਰ ਦੁਕਾਨ ’ਚ ਚੋਰੀ ਹੋ ਗਈ। ਇਸ ਮੌਕੇ ਐੱਸਐੱਚਓ ਪ੍ਰਿੰਸਪ੍ਰੀਤ ਸਿੰਘ ਨੇ ਲੋਕਾਂ ਨੂੰ ਚੋਰ ਜਲਦ ਫੜਨ ਦਾ ਭਰੋਸਾ ਦਿੱਤਾ।
ਪੱਗ ਬੰਨ੍ਹਣ ਵਿੱਚ ਸਮਾਂ ਲੱਗ ਗਿਆ: ਦੇਵ ਮਾਨ
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਧਰਨੇ ’ਚ ਪਹੁੰਚ ਕੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੱਗ ਬੰਨ੍ਹਣ ’ਚ ਥੋੜ੍ਹਾ ਸਮਾਂ ਲੱਗ ਗਿਆ ਸੀ ਜਦੋਂ ਕਿ ਉਨ੍ਹਾਂ ਨੇ ਅੰਦਰੋਂ ਸੰਦੇਸ਼ ਵੀ ਭੇਜ ਦਿੱਤਾ ਸੀ ਕਿ ਉਹ ਆਪ ਮਾਰਕੀਟ ’ਚ ਹੀ ਪਹੁੰਚ ਰਹੇ ਹਨ। ਵਿਧਾਇਕ ਨੇ ਵੀ ਕਿਹਾ ਕਿ ਨਾਭੇ ਦੇ ਥਾਣਿਆਂ ਵਿਚ 50 ਤੋਂ ਵੱਧ ਮੁਲਾਜ਼ਮ ਚਾਹੀਦੇ ਹਨ ਪਰ ਪਿਛਲੀ ਸਰਕਾਰਾਂ ਵਿਚ ਭਰਤੀ ਨਾ ਹੋਣ ਕਾਰਨ ਇਥੇ 20 ਕ ਮੁਲਾਜ਼ਮਾਂ ਨਾਲ ਹੀ ਕੰਮ ਚੱਲ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਨੇ ਭਰਤੀ ਕੀਤੀ ਹੈ ਤੇ ਜਲਦ ਹੀ ਥਾਣਿਆਂ ਵਿਚ ਨਫਰੀ ਵਧੇਗੀ।