ਦੁਕਾਨਦਾਰਾਂ ਵੱਲੋਂ ਥਾਣਾ ਬਿਲਾਸਪੁਰ ਦਾ ਘਿਰਾਓ
ਪੱਤਰ ਪ੍ਰੇਰਕ
ਯਮੁਨਾਨਗਰ, 22 ਅਗਸਤ
ਬਿਲਾਸਪੁਰ ਵਿੱਚ ਦੁਕਾਨਾਂ ਨਾ ਖੋਲ੍ਹਣ ਦੀ ਉਲਝਣ ਕਾਰਨ ਦੁਕਾਨਦਾਰਾਂ ਨੂੰ ਪੁਲੀਸ ਦੀਆਂ ਲਾਠੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਪੁਲੀਸ ਥਾਣੇ ਦਾ ਘਿਰਾਓ ਕੀਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰ ਅਸ਼ਵਨੀ ਮੰਗਲਾ, ਦਮੋਦਰ ਗੁਪਤਾ, ਰਿੰਕੂ, ਮਹਿਤਾ ਅਤੇ ਹੋਰਨਾਂ ਨੇ ਕਿਹਾ ਕਿ ਬਾਜ਼ਾਰ ਵਿਚ ਖੜ੍ਹੇ ਦੁਕਾਨਦਾਰਾਂ ’ਤੇ ਬਿਨਾਂ ਸੋਚੇ ਸਮਝੇ ਪੁਲੀਸ ਵੱਲੋਂ ਲਾਠੀਆਂ ਵਰਸਾਉਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਉਹ ਗ੍ਰਹਿ ਮੰਤਰੀ ਜਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਐਤਵਾਰ ਅਤੇ ਸੋਮਵਾਰ ਨੂੰ ਬਾਜ਼ਾਰ ਬੰਦ ਕਰਨ ਲਈ ਕਿਹਾ ਸੀ ਪਰ ਅਚਾਨਕ ਰਾਤ ਨੂੰ ਕੋਈ ਹੋਰ ਫ਼ੈਸਲਾ ਆ ਗਿਆ, ਜਿਸ ਦੀ ਪਹਿਲਾਂ ਮੁਨਾਦੀ ਕਰਵਾਉਣੀ ਚਾਹੀਦੀ ਸੀ। ਉਨ੍ਹਾਂ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲੀਸ ਨੇ ਸ਼ਿਵ ਚੌਕ ’ਤੇ ਸਬਜ਼ੀ, ਨਾਈ, ਹਲਵਾਈ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਅਤੇ ਬਜ਼ੁਰਗ ਲੋਕਾਂ ’ਤੇ ਵੀ ਲਾਠੀਆਂ ਵਰਸਾਈਆਂ, ਜੋ ਸਰਾਸਰ ਧੱਕੇਸ਼ਾਹੀ ਹੈ। ਉਧਰ ਇਸ ਸਬੰਧੀ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੁਝ ਸ਼ਰਾਰਤੀ ਅਨਸਰ ਝੂਠੀ ਪੋਸਟ ਪਾ ਕੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਵੀ ਜਦੋਂ ਦੁਕਾਨਦਾਰਾਂ ਨੇ ਦੇਰ ਤੱਕ ਦੁਕਾਨਾਂ ਬੰਦ ਨਹੀਂ ਕੀਤੀਆਂ ਤਾਂ ਪੀਸੀਆਰ ਦੀ ਗਸ਼ਤ ਕਰ ਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਸਨ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਸਰਕਾਰੀ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਸਿਰਫ਼ ਅਪੀਲ ਕੀਤੀ ਸੀ।