ਦੁਕਾਨਾਂ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਕਾਹਨੂੰਵਾਨ, 4 ਜੁਲਾਈ
ਇੱਥੋਂ ਨਜ਼ਦੀਕੀ ਅੱਡਾ ਭੈਣੀ ਮੀਆਂ ਖਾਂ ਦੀਆਂ ਦੁਕਾਨਾਂ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰ ਅਤੇ ਆਮ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਜਗ੍ਹਾ ਉੱਤੇ ਸੀਵਰੇਜ ਪਾਇਆ ਗਿਆ ਸੀ, ਪਰ ਇਸ ਦੀ ਮੁਰੰਮਤ ਸਹੀ ਢੰਗ ਨਾਲ ਨਾ ਕੀਤੇ ਜਾਣ ਕਾਰਨ ਉਸ ਜਗਾ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਜਿਨ੍ਹਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਨੇੜਲੇ ਦੁਕਾਨਦਾਰ ਅਤੇ ਇੱਥੋਂ ਲੰਘਣ ਵਾਲੇ ਆਮ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਪ੍ਰਭਾਵਿਤ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਸ਼ਿਕਾਇਤ ਪੰਚਾਇਤ ਨੂੰ ਕਰ ਚੁੱਕੇ ਹਨ, ਪਰ ਇਸ ਦਾ ਮਸਲੇ ਦੇ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਸਰਪੰਚ ਅਤੇ ਬਲਾਕ ਵਿਕਾਸ ਦਫ਼ਤਰ ਤੋਂ ਮੰਗ ਕੀਤੀ ਕਿ ਇਸ ਜਗ੍ਹਾ ਉੱਤੇ ਪੂਰੀ ਮਿੱਟੀ ਪਾ ਕੇ ਇੰਟਰਲਾਕ ਟਾਈਲਾਂ ਲਗਾਈਆਂ ਜਾਣ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਚਿਮਨ ਲਾਲ ਨੇ ਕਿਹਾ ਕਿ ਪੰਚਾਇਤੀ ਖਾਤੇ ਵਿੱਚ ਲੋੜੀਂਦੀ ਰਕਮ ਤਾਂ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਵਿਕਾਸ ਕਾਰਜ ਕਰਨ ’ਤੇ ਰੋਕ ਲਾਈ ਗਈ ਹੈ।
ਇਸ ਸਬੰਧੀ ਬੀਡੀਪੀਓ ਕਾਹਨੂੰਵਾਨ ਕੁਲਵੰਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਕਰਨ ਉੱਤੇ ਕੋਈ ਵੀ ਰੋਕ ਨਹੀਂ ਲਾਈ ਗਈ। ਜੇਕਰ ਕੋਈ ਜ਼ਰੂਰੀ ਕੰਮ ਹੋਣ ਵਾਲਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਮੌਕੇ ਅੱਡਾ ਕਮੇਟੀ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼, ਚੇਅਰਮੈਨ ਠਾਕੁਰ ਪਵਨ ਕੁਮਾਰ ਅਤੇ ਦੁਕਾਨਦਾਰਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।