ਬਾਜ਼ਾਰਾਂ ’ਚ ਸਫ਼ਾਈ ਪ੍ਰਬੰਧਾਂ ਦੀ ਘਾਟ ਕਾਰਨ ਦੁਕਾਨਦਾਰ ਨਾਰਾਜ਼
ਹਤਿੰਦਰ ਮਹਿਤਾ
ਜਲੰਧਰ, 9 ਅਕਤੂਬਰ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਬੀਐੱਮਸੀ ਚੌਕ ਨੇੜੇ ਸਥਿਤ ਸੰਜੇ ਗਾਂਧੀ ਮਾਰਕੀਟ ਵਿੱਚ ਸਫ਼ਾਈ ਨਾ ਰੱਖਣ ਵਿੱਚ ਨਗਰ ਨਿਗਮ ਦੀ ਅਣਗਹਿਲੀ ਕਾਰਨ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਨੇ ਮਾਰਕੀਟ ਨੂੰ ਡੰਪਿੰਗ ਗਰਾਊਂਡ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਕਾਰੋਬਾਰੀ ਮਾਲਕਾਂ ਅਤੇ ਦੁਕਾਨਦਾਰਾਂ ਦੋਵਾਂ ਨੂੰ ਨਿਰਾਸ਼ ਨਜਰ ਆ ਰਹੇ ਹਨ। ਮਾਰਕੀਟ ਦੇ ਕਾਰੋਬਾਰੀਆਂ ਨੇ ਨਗਰ ਨਿਗਮ ’ਤੇ ਸਮੇਂ ਸਿਰ ਕੂੜਾ ਨਾ ਚੁੱਕਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ।
ਮਾਰਕੀਟ ਵਿੱਚ ਮੋਬਾਈਲ ਸ਼ੋਅਰੂਮ ਦੇ ਮਾਲਕ ਗੌਰਵ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਦੀ ਥਾਂ ਪੱਕੇ ਤੌਰ ’ਤੇ ਡੰਪਿੰਗ ਗਰਾਊਂਡ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਯਤਨਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ, ਉਨ੍ਹਾਂ ਨੂੰ ਇੱਕ ਡਿੱਚ ਮਸ਼ੀਨ ਕਿਰਾਏ ਤੇ ਲੈਣ ਅਤੇ ਡੰਪ ਦੀ ਸਫਾਈ ਕਰਵਾਉਣ ਲਈ ਆਪਣੀਆਂ ਜੇਬਾਂ ਵਿੱਚੋਂ ਪੈਸੇ ਇਕੱਠੇ ਕਰਨੇ ਪਏ ਸਨ। ਨਗਰ ਨਿਗਮ ਦੀ ਅਣਗਹਿਲੀ ਕਾਰਨ ਕੂੜਾ ਇਕੱਠਾ ਕਰਨ ਦੀ ਕੋਈ ਨਿਗਰਾਨੀ ਨਾ ਹੋਣ ਕਾਰਨ ਡੰਪਿੰਗ ਦਾ ਮੁੱਦਾ ਮੁੜ ਉਭਰਿਆ ਹੈ। ਇਲੈੱਕਟ੍ਰੋਨਿਕਸ ਸਟੋਰ ਦੇ ਅਜੇ ਸ਼ਰਮਾ ਨੇ ਦੱਸਿਆ ਕਿ ਮਾਰਕੀਟ ਦੇ ਵਪਾਰੀਆਂ ਨੇ ਅੱਜ ਸਥਾਨਕ ਵਿਧਾਇਕ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ ਨਾ ਸਿਰਫ਼ ਕੂੜੇ ਦੇ ਮੁੱਦੇ ਨੂੰ ਉਜਾਗਰ ਕੀਤਾ ਗਿਆ ਹੈ, ਸਗੋਂ ਸਟਰੀਟ ਲਾਈਟਾਂ ਦੇ ਕੰਮ ਨਾ ਕਰਨ, ਪਾਰਕਿੰਗ ਖੇਤਰਾਂ ਵਿੱਚ ਇੰਟਰਲਾਕਿੰਗ ਟਾਈਲਾਂ ਦੀ ਲੋੜ ਅਤੇ ਸੀਵਰੇਜ ਦੀ ਸਮੱਸਿਆ ਵਰਗੀਆਂ ਹੋਰ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ।
ਕਾਰੋਬਾਰੀਆਂ ਨੇ ਨਗਰ ਨਿਗਮ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕੂੜੇ ਨੂੰ ਸਾਫ਼ ਕਰਨ ਅਤੇ ਬੁਨਿਆਦੀ ਢਾਂਚੇ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਸਹੂਲਤਾਂ ਦੀ ਘਾਟ, ਜਿਵੇਂ ਕਿ ਸਾਫ-ਸੁਥਰੀਆਂ ਸੜਕਾਂ ਅਤੇ ਸਹੀ ਰੋਸ਼ਨੀ, ਕਾਰੋਬਾਰਾਂ ਲਈ ਮਹੱਤਵਪੂਰਨ ਸਮੇਂ ਦੌਰਾਨ ਸ਼ਹਿਰ ਦੇ ਅਕਸ ਨੂੰ ਖਰਾਬ ਕਰ ਰਹੀ ਹੈ।
ਵਿਧਾਇਕ ਵੱਲੋਂ ਕਾਰਵਾਈ ਦਾ ਭਰੋਸਾ
ਵਿਧਾਇਕ ਕੇਂਦਰੀ ਰਮਨ ਅਰੋੜਾ ਨੇ ਸੰਪਰਕ ਕਰਨ ’ਤੇ ਵਪਾਰੀਆਂ ਦਾ ਮੰਗ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਪਰ ਦਾਅਵਾ ਕੀਤਾ ਕਿ ਕੂੜੇ ਦੇ ਮੁੱਦੇ ’ਤੇ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਨਗਰ ਨਿਗਮ ਕਮਿਸ਼ਨਰ ਕੋਲ ਉਠਾਉਣਗੇ ਅਤੇ ਡੰਪ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਨਗੇ।