ਿਨਸ਼ਾਨੇਬਾਜ਼ੀ: ਗੌਤਮੀ ਤੇ ਅਭਿਨਵ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ
ਸੁਹਲ (ਜਰਮਨੀ), 4 ਜੂਨ
ਭਾਰਤੀ ਨਿਸ਼ਾਨੇਬਾਜ਼ ਗੌਤਮੀ ਭਨੋਟ ਅਤੇ ਅਭਿਨਵ ਸਾਵ ਦੀ ਜੋੜੀ ਨੇ ਅੱਜ ਇਥੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਭਾਰਤੀ ਨਿਸ਼ਾਨੇਬਾਜ਼ਾਂ ਦੀ ਜੋੜੀ ਨੇ ਸੋਨ ਤਗਮੇ ਦੇ ਮੁਕਾਬਲੇ ਲਈ 17 ਦਾ ਸਕੋਰ ਬਣਾਇਆ। ਫਰਾਂਸ ਦੀ ਓਸਿਆਨੇ ਮੁਲਰ ਤੇ ਰੋਮੇਨ ਆਫਰੇਰੇ ਦੀ ਜੋੜੀ ਨੇ ਫਾਈਨਲ ਵਿੱਚ 7 ਅੰਕਾਂ ਦੇ ਸਕੋਰ ਨਾਲ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ।
ਇਸੇ ਤਰ੍ਹਾਂ ਮਿਕਸ ਰਾਈਫਲ ਈਵੈਂਟ ਵਿੱਚ ਭਾਰਤ ਦੀ ਇਕ ਹੋਰ ਜੋੜੀ ਸਵਾਤੀ ਚੌਧਰੀ ਤੇ ਸਲੀਮ ਕੁਆਲੀਫਿਕੇਸ਼ਨ ਵਿੱਚ 624.3 ਦੇ ਸਕੋਰ ਨਾਲ ਸੱਤਵੀਂ ਥਾਂ ‘ਤੇ ਰਹੀ। ਗੌਤਮੀ ਭਨੋਟ ਤੇ ਅਭਿਨਵ ਦੀ ਜੋੜੀ ਕੁਆਲੀਫਿਕੇਸ਼ਨ ਰਾਊਂਡ ਵਿੱਚ 628.3 ਅੰਕ ਦੇ ਸਕੋਰ ਨਾਲ ਦੂਸਰੇ ਨੰਬਰ ‘ਤੇ ਰਹੀ। ਉਧਰ, 10 ਮੀਟਰ ਏਅਰ ਪਿਸਟਲ ਮਿਕਸ ਟੀਮ ਈਵੈਂਟ ਵਿੱਚ ਸੰਯਮ ਨੇ ਅਭਿਨਵ ਚੌਧਰੀ ਨਾਲ ਜੋੜੀ ਬਣਾਈ ਅਤੇ 12 ਅੰਕ ਬਣਾ ਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ ਜੂਰੀ ਕਿਮ ਅਤੇ ਕੰਘਿਨ ਕਿਮ ਨੇ 16 ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ ਅਤੇ ਸਰੁੱਚੀ ਇੰਦਰ ਸਿੰਘ ਤੇ ਸ਼ੁਭਮ ਬੀਸਲਾ ਦੀ ਝੋਲੀ ਕਾਂਸੇ ਦਾ ਤਗਮਾ ਪਿਆ। ਜ਼ਿਕਰਯੋਗ ਹੈ ਕਿ ਸੰਯਮ ਨੇ ਸ਼ਨਿਚਰਵਾਰ ਨੂੰ ਮਹਿਲਾਵਾਂ ਦੇ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਇਕ ਹੋਰ ਜਾਣਕਾਰੀ ਅਨੁਸਾਰ ਸਕੀਟ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ ਕੁਆਲੀਫਿਕੇਸ਼ਨ ਰਾਊਂਡ ਤੋਂ ਅੱਗੇ ਨਹੀਂ ਵਧ ਸਕੇ। -ਪੀਟੀਆਈ