ਨਿਸ਼ਾਨੇਬਾਜ਼ੀ: ਭਾਰਤੀ ਪੁਰਸ਼ ਟੀਮ ਨੇ 50 ਮੀਟਰ ਪਿਸਟਲ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ
ਨਵੀਂ ਦਿੱਲੀ, 7 ਅਕਤੂਬਰ
ਪੇਰੂ ਦੀ ਰਾਜਧਾਨੀ ਲੀਮਾ ਵਿੱਚ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪੁਰਸ਼ਾਂ ਦੇ 50 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਦੀਪਕ ਦਲਾਲ (545), ਕਮਲਜੀਤ (543) ਅਤੇ ਰਾਜ ਚੰਦਰਾ (528) ਦੀ ਭਾਰਤੀ ਟੀਮ ਨੇ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ ਅਜ਼ਰਬਾਇਜਾਨ ਨੂੰ ਇੱਕ ਅੰਕ ਨਾਲ ਹਰਾ ਕੇ ਕੁੱਲ 1616 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਅਰਮੀਨੀਆ ਦੀ ਟੀਮ ਤੀਜੇ ਸਥਾਨ ’ਤੇ ਰਹੀ। ਭਾਰਤ ਨੇ ਇਸ ਤਰ੍ਹਾਂ 13 ਸੋਨ, ਤਿੰਨ ਚਾਂਦੀ ਅਤੇ ਅੱਠ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 24 ਤਗ਼ਮਿਆਂ ਨਾਲ ਚੈਂਪੀਅਨਸ਼ਿਪ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਟਲੀ ਪੰਜ ਸੋਨ, ਚਾਰ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਨਾਲ ਦੂਜੇ, ਜਦਕਿ ਨਾਰਵੇ ਚਾਰ ਸੋਨ ਸਣੇ ਕੁੱਲ 10 ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਭਾਰਤ ਦੇ ਮੁਕੇਸ਼ ਨੇਲਵੱਲੀ ਨੇ 50 ਮੀਟਰ ਪਿਸਟਲ ਮੁਕਾਬਲੇ ’ਚ ਵਿਅਕਤੀਗਤ ਕਾਂਸੀ ਦਾ ਤਗ਼ਮਾ ਜਿੱਤਿਆ, ਜੋ ਮੁਕਾਬਲੇ ’ਚ ਉਸ ਦਾ ਛੇਵਾਂ ਤਗ਼ਮਾ ਹੈ। ਉਸ ਨੇ 548 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। ਅਜ਼ਰਬਾਇਜਾਨ ਦੇ ਇਮਰਾਨ ਗਾਰਾਯੇਵ ਨੇ 552 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਮਹਿਲਾਵਾਂ ਦੇ 50 ਮੀਟਰ ਪਿਸਟਲ ਮੁਕਾਬਲੇ ’ਚ ਪਰਿਸ਼ਾ ਗੁਪਤਾ ਨੇ 540 ਦੇ ਸਕੋਰ ਨਾਲ ਵਿਅਕਤੀਗਤ ਚਾਂਦੀ ਦਾ ਤਗ਼ਮਾ ਜਿੱਤਿਆ। ਹੰਗਰੀ ਦੀ ਮਰੀਅਮ ਜਾਕੋ ਨੇ 546 ਅੰਕ ਬਣਾਏ, ਜੋ ਜੂਨੀਅਰ ਵਿਸ਼ਵ ਰਿਕਾਰਡ ਹੈ। ਭਾਰਤ ਦੀ ਸੇਜਲ ਕਾਂਬਲੇ (529), ਕੇਤਨ (525) ਅਤੇ ਕਨਿਸ਼ਕਾ ਡਾਗਰ (513) ਨੇ ਇਸ ਮੁਕਾਬਲੇ ’ਚ ਟੀਮ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ