ਨਿਸ਼ਾਨੇਬਾਜ਼ੀ: ਤਗ਼ਮਾ ਫੁੰਡਣ ਲਈ ਨਿਸ਼ਾਨਾ ਲਾਏਗਾ ਸਵਪਨਿਲ
ਚੈਟੋਰੌਕਸ, 31 ਜੁਲਾਈ
ਭਾਰਤ ਦੇ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਪਰ ਉਸ ਦਾ ਸਾਥੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਇਸ ਤੋਂ ਖੁੰਝ ਗਿਆ। ਕੁਸਾਲੇ 590 (38x) ਦੇ ਸਕੋਰ ਨਾਲ ਕੁਆਲੀਫਾਇੰਗ ਗੇੜ ਵਿੱਚ ਸੱਤਵੇਂ ਸਥਾਨ ’ਤੇ ਜਦਕਿ ਐਸ਼ਵਰਿਆ ਪ੍ਰਤਾਪ 589 (33x) ਸਕੋਰ ਨਾਲ 11ਵੇਂ ਸਥਾਨ ’ਤੇ ਰਿਹਾ। ਸਿਖਰਲੇ ਅੱਠ ਨਿਸ਼ਾਨੇਬਾਜ਼ ਹੀ ਫਾਈਨਲ ਲਈ ਕੁਆਲੀਫਾਈ ਕਰਦੇ ਹਨ।
ਕੁਸਾਲੇ ਨੇ ਨੀਲਿੰਗ ਵਿੱਚ 198 (99 ਅਤੇ 99), ਪ੍ਰੋਨ ਵਿੱਚ 197 (98 ਅਤੇ 99) ਅਤੇ ਸਟੈਂਡਿੰਗ ਪੁਜ਼ੀਸ਼ਨ ਵਿੱਚ 195 (98 ਅਤੇ 97) ਸਕੋਰ ਕੀਤਾ। ਇਸੇ ਤਰ੍ਹਾਂ ਐਸ਼ਵਰਿਆ ਪ੍ਰਤਾਪ ਨੇ ਨੀਲਿੰਗ ਵਿੱਚ 197 (98 ਅਤੇ 99), ਪ੍ਰੋਨ ਵਿੱਚ 199 (100 ਅਤੇ 99) ਅਤੇ ਸਟੈਂਡਿੰਗ ਪੁਜ਼ੀਸ਼ਨ ਵਿੱਚ 193 (95 ਅਤੇ 98) ਸਕੋਰ ਕੀਤਾ। ਚੀਨ ਦਾ ਲਿਊ ਯੁਕੂਨ 594 ਸਕੋਰ ਨਾਲ ਸਿਖਰ ’ਤੇ ਰਿਹਾ। ਮੁਕਾਬਲੇ ਦਾ ਫਾਈਨਲ ਵੀਰਵਾਰ ਨੂੰ ਖੇਡਿਆ ਜਾਵੇਗਾ। ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕੁਸਾਲੇ, ਐਸ਼ਵਰਿਆ ਪ੍ਰਤਾਪ ਅਤੇ ਅਖਿਲ ਨੇ ਟੀਮ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਕੁਸਾਲੇ ਕੋਲਹਾਪੁਰ ਵਿੱਚ ਤੇਜਸਵਿਨੀ ਸਾਵੰਤ ਦੀ ਅਗਵਾਈ ਹੇਠ ਅਭਿਆਸ ਕਰਦਾ ਹੈ। ਉਹ ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਇਸ ਈਵੈਂਟ ਦੇ ਵਿਅਕਤੀਗਤ ਵਰਗ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ। -ਪੀਟੀਆਈ
ਧੋਨੀ ਤੋਂ ਪ੍ਰੇਰਨਾ ਲੈਂਦਾ ਹੈ ਉਸੇ ਵਾਂਗ ਟਿਕਟ ਕੁਲੈਕਟਰ ਰਿਹਾ ਸਵਪਨਿਲ
ਚੈਟੋਰੌਕਸ:
ਓਲੰਪਿਕ ਵਿੱਚ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਸਵਪਨਿਲ ਕੁਸਾਲੇ ਦਾ ਪ੍ਰੇਰਨਾ ਸਰੋਤ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਹੈ। ਕੁਸਾਲੇ ਵੀ ਧੋਨੀ ਵਾਂਗ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਰੇਲਵੇ ਵਿੱਚ ਟਿਕਟ ਕੁਲੈਕਟਰ ਸੀ। ਮਹਾਰਾਸ਼ਟਰ ਦੇ ਕੋਹਲਾਪੁਰ ਦੇ ਪਿੰਡ ਕੰਬਲਵਾੜੀ ਦਾ ਰਹਿਣ ਵਾਲਾ 29 ਸਾਲਾ ਕੁਸਾਲੇ 2012 ਤੋਂ ਕੌਮਾਂਤਰੀ ਮੁਕਾਬਲੇ ਖੇਡ ਰਿਹਾ ਹੈ ਪਰ ਉਸ ਨੂੰ ਪਹਿਲਾ ਓਲੰਪਿਕ ਖੇਡਣ ਲਈ 12 ਸਾਲ ਉਡੀਕ ਕਰਨੀ ਪਈ। ਕੁਸਾਲੇ ਨੇ ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ’ਤੇ ਬਣੀ ਫਿਲਮ ਕਈ ਵਾਰ ਦੇਖੀ ਹੈ। ਉਸ ਨੇ ਕੁਆਲੀਫਿਕੇਸ਼ਨ ਤੋਂ ਬਾਅਦ ਕਿਹਾ, ‘‘ਹੋਰ ਖੇਡਾਂ ਵਿੱਚ ਧੋਨੀ ਮੇਰਾ ਪਸੰਦੀਦਾ ਹੈ। ਮੇਰੀ ਖੇਡ ’ਚ ਵੀ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਅਤੇ ਉਹ ਵੀ ਮੈਦਾਨ ’ਤੇ ਹਮੇਸ਼ਾ ਸ਼ਾਂਤ ਰਹਿੰਦਾ ਸੀ। ਉਹ ਕਦੇ ਟੀਸੀ ਸੀ ਅਤੇ ਮੈਂ ਵੀ।’’ ਕੁਸਾਲੇ 2015 ਤੋਂ ਕੇਂਦਰੀ ਰੇਲਵੇ ਵਿੱਚ ਕੰਮ ਕਰ ਰਿਹਾ ਹੈ। ਉਸ ਦਾ ਪਿਤਾ ਅਤੇ ਭਰਾ ਜ਼ਿਲ੍ਹੇ ਦੇ ਸਕੂਲ ਵਿੱਚ ਅਧਿਆਪਕ ਹਨ ਅਤੇ ਮਾਤਾ ਪਿੰਡ ਦੀ ਸਰਪੰਚ ਹੈ। -ਪੀਟੀਆਈ