For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਸਰਬਜੋਤ ਸਿੰਘ ਨੇ ਵਿਸ਼ਵ ਕੱਪ ’ਚ ਸੋਨਾ ਫੁੰਡਿਆ

07:15 AM Jun 07, 2024 IST
ਨਿਸ਼ਾਨੇਬਾਜ਼ੀ  ਸਰਬਜੋਤ ਸਿੰਘ ਨੇ ਵਿਸ਼ਵ ਕੱਪ ’ਚ ਸੋਨਾ ਫੁੰਡਿਆ
Advertisement

ਮਿਊਨਿਖ਼, 6 ਜੂਨ
ਸਰਬਜੋਤ ਸਿੰਘ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਚਾਰ ਵਾਰ ਦੇ ਓਲੰਪੀਅਨ ਦੀ ਮੌਜੂਦਗੀ ਵਾਲੇ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਭਾਰਤ ਲਈ ਤਗ਼ਮੇ ਦਾ ਖਾਤਾ ਖੋਲ੍ਹਿਆ। ਭਾਰਤ ਦੇ 22 ਸਾਲਾ ਸਰਬਜੋਤ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 242.7 ਅੰਕ ਹਾਸਲ ਕੀਤੇ। ਉਸ ਨੇ ਚੀਨ ਦੇ ਆਪਣੇ ਕਰੀਬੀ ਵਿਰੋਧੀ ਬੂ ਸੂਆਈਹੇਂਗ ਨੂੰ 0.2 ਅੰਕ ਨਾਲ ਪਛਾੜਿਆ। ਜਰਮਨੀ ਦੇ ਰੌਬਿਨ ਵਾਲਟਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਸਰਬਜੋਤ ਨੇ ਬੁੱਧਵਾਰ ਨੂੰ ਕੁਆਲੀਫਾਇੰਗ ਵਿੱਚ 588 ਅੰਕਾਂ ਨਾਲ ਸਿਖਰ ’ਤੇ ਰਹਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ।
ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਚੀਨ ਦੇ ਬੋਵੇਨ ਜ਼ਾਂਗ ਅਤੇ ਤੁਰਕੀ ਦੇ ਚਾਰ ਵਾਰ ਦੇ ਓਲੰਪੀਅਨ ਯੂਸਫ ਡਿਕੇਕ ਵੀ ਚੁਣੌਤੀ ਪੇਸ਼ ਕਰ ਰਹੇ ਸੀ। ਸਰਬਜੋਤ ਨੇ ਹਾਲਾਂਕਿ ਫਾਈਨਲ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦਿਆਂ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਵਿਅਕਤੀਗਤ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਭੋਪਾਲ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਭਾਰਤੀ ਨਿਸ਼ਾਨੇਬਾਜ਼ ਨੇ ਸ਼ੁਰੂਆਤੀ ਪੰਜ ਸ਼ਾਟ ਵਿੱਚ ਤਿੰਨ ਵਾਰ 10 ਤੋਂ ਵੱਧ ਅੰਕ ਜੋੜ ਕੇ ਸ਼ੁਰੂਆਤੀ ਲੀਡ ਬਣਾਈ। ਸਰਬਜੋਤ ਨੇ ਲਗਾਤਾਰ ਚੰਗੇ ਨਿਸ਼ਾਨੇ ਸੇਧਦਿਆਂ 14ਵੇਂ ਸ਼ਾਟ ਤੋਂ ਪਹਿਲਾਂ ਤੱਕ ਲੀਡ ਕਾਇਮ ਰੱਖੀ, ਜਦੋਂ ਵਾਲਟਰ ਨੇ ਉਸ ਦੀ ਬਰਾਬਰੀ ਕੀਤੀ। ਸਰਬਜੋਤ ਨੇ 15ਵੇਂ ਸ਼ਾਟ ਵਿੱਚ 10.5 ਅੰਕਾਂ ਨਾਲ ਆਪਣਾ ਦਾਅਵਾ ਮਜ਼ਬੂਤ ਕੀਤਾ, ਜਦਕਿ ਵਾਲਟਰ 8.6 ਅੰਕ ਹੀ ਜੋੜ ਸਕਿਆ। ਪੰਜਵੇਂ ਨੰਬਰ ’ਤੇ ਬੋਵੇਨ ਦੇ ਬਾਹਰ ਹੋਣ ਮਗਰੋਂ ਵਾਲਟਰ ਨੇ ਡਿਕੇਕ ਨੂੰ ਪਛਾੜਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਆਖ਼ਰੀ ਦੋ ਸ਼ਾਟ ਤੋਂ ਪਹਿਲਾਂ ਸਰਬਜੋਤ ਅਤੇ ਬੂ ਦਰਮਿਆਨ 1.4 ਅੰਕ ਦਾ ਫ਼ਰਕ ਸੀ ਅਤੇ ਭਾਰਤੀ ਨਿਸ਼ਾਨੇਬਾਜ਼ ਨੇ ਜਿੱਤ ਦਰਜ ਕਰਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ।
ਇਸ ਤੋਂ ਪਹਿਲਾਂ ਸਰਬਜੋਤ ਸਿੰਘ ਪੈਰਿਸ ਓਲੰਪਿਕ ਲਈ ਚੋਣ ਟਰਾਇਲ ਵਿੱਚ ਵੀ ਸਿਖਰ ’ਤੇ ਰਿਹਾ ਸੀ। ਸਰਬਜੋਤ ਸਿੰਘ ਨੇ ਚਾਂਗਵੋਨ ਵਿੱਚ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2023 ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵੀ ਕਾਂਸੇ ਦਾ ਤਗ਼ਮਾ ਤੇ ਭਾਰਤ ਲਈ ਪੈਰਿਸ ਓਲੰਪਿਕ ਦਾ ਪਹਿਲਾ ਪਿਸਟਲ ਕੋਟਾ ਹਾਸਲ ਕੀਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×