ਨਿਸ਼ਾਨੇਬਾਜ਼ੀ: ਪੰਜਾਬ ਨੇ ਏਅਰ ਰਾਈਫਲ ਮਿਕਸਡ ਟੀਮ ’ਚ ਸੋਨ ਤਗ਼ਮਾ ਜਿੱਤਿਆ
ਦੇਹਰਾਦੂਨ, 1 ਫਰਵਰੀ
ਨਿਸ਼ਾਨੇਬਾਜ਼ ਅਰਜੁਨ ਬਬੂਟਾ ਅਤੇ ਓਜਸਵੀ ਠਾਕੁਰ ਦੀ ਪੰਜਾਬ ਦੀ ਜੋੜੀ ਨੇ 38ਵੀਆਂ ਕੌਮੀ ਖੇਡਾਂ ਦੇ ਚੌਥੇ ਦਿਨ ਅੱਜ ਇੱਥੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਅਰਜੁਨ ਅਤੇ ਓਜਸਵੀ ਨੇ ਇੱਥੇ ਤ੍ਰਿਸ਼ੂਲ ਸ਼ੂਟਿੰਗ ਰੇਂਜ ਵਿੱਚ ਸੋਨ ਤਗ਼ਮੇ ਲਈ ਹੋਏ ਕਰੀਬੀ ਮੁਕਾਬਲੇ ਵਿੱਚ ਆਰਿਆ ਬੋਰਸੇ ਅਤੇ ਰੁਦਰਾਕਸ਼ ਪਾਟਿਲ ਦੀ ਮਹਾਰਾਸ਼ਟਰ ਦੀ ਜੋੜੀ ਨੂੰ 16-12 ਨਾਲ ਹਰਾਇਆ। ਖਿਤਾਬੀ ਮੈਚ ਵਿੱਚ ਦੋਵਾਂ ਟੀਮਾਂ ਵਿਚਾਲੇ ਬਹੁਤਾ ਫਰਕ ਨਹੀਂ ਸੀ ਪਰ ਪੰਜਾਬ ਦੀ ਜੋੜੀ ਨੇ ਆਖਰੀ ਨਿਸ਼ਾਨੇ ਵਿੱਚ ਮਹਾਰਾਸ਼ਟਰ ਦੇ 21.0 ਦੇ ਮੁਕਾਬਲੇ 21.4 ਅੰਕਾਂ ਨਾਲ ਜਿੱਤ ਪੱਕੀ ਕੀਤੀ। ਪੱਛਮੀ ਬੰਗਾਲ ਦੇ ਅਭਿਨਵ ਅਤੇ ਇਸਮਿਤਾ ਭੋਵਾਲ ਦੀ ਜੋੜੀ ਨੇ ਗੁਜਰਾਤ ਨੂੰ 17-11 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ 25 ਟੀਮਾਂ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਪੰਜਾਬ (631.7) ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਸੇ ਤਰ੍ਹਾਂ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਾਬ ਦੀ ਸਿਮਰਨਪ੍ਰੀਤ ਕੌਰ ਬਰਾੜ ਨੇ 579 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਇਸ ਤੋਂ ਇਲਾਵਾ ਦਿੱਲੀ ਦੀ ਪੁਸ਼ਪਾਂਜਲੀ ਰਾਣਾ (578), ਕਰਨਾਟਕ ਦੀ ਟੀਐੱਸ. ਦਿਵਿਆ (577), ਮਹਾਰਾਸ਼ਟਰ ਦੀ ਰਾਹੀ ਜੀਵਨ ਸਰਨੋਬਤ (576), ਹਰਿਆਣਾ ਦੀ ਅਨੂ ਰਾਜ (576), ਮਹਾਰਾਸ਼ਟਰ ਦੀ ਰੀਆ (576), ਪੰਜਾਬ ਦੀ ਨੀਰਜ ਕੌਰ (574) ਅਤੇ ਹਰਿਆਣਾ ਦੀ ਅੰਜਲੀ ਚੌਧਰੀ (573) ਨੇ ਫਾਈਨਲ ਕੁਆਲੀਫਾਈ ਕੀਤਾ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 30 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ। -ਪੀਟੀਆਈ