ਨਿਸ਼ਾਨੇਬਾਜ਼ੀ: ਲਕਸ਼ੈ ਸ਼ਿਓਰਾਨ ਤੇ ਨੀਰੂ ਟਰੈਪ ਚੈਂਪੀਅਨਜ਼ ਬਣੇ
ਭੁਪਾਲ, 30 ਜਨਵਰੀ
ਹਰਿਆਣਾ ਦੇ ਏਸ਼ਿਆਈ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਲਕਸ਼ੈ ਸ਼ਿਓਰਾਨ ਅਤੇ ਸਥਾਨਕ ਖਿਡਾਰਨ ਨੀਰੂ ਨੇ ਅੱਜ ਇੱਥੇ ਸ਼ਾਟਗਨ ਮੁਕਾਬਲਿਆਂ ਦੀ ਤੀਜੀ ਦਿਗਵਿਜੈ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ ਤੇ ਮਹਿਲਾ ਟਰੈਪ ਖ਼ਿਤਾਬ ਜਿੱਤੇ।
ਮੱਧ ਪ੍ਰਦੇਸ਼ ਰਾਜ ਅਕੈਡਮੀ (ਐੱਮਪੀਐੱਸਏ) ਸ਼ੂਟਿੰਗ ਰੇਂਜ ਵਿੱਚ ਟੂਰਨਾਮੈਂਟ ਦੇ ਆਖ਼ਰੀ ਦਿਨ ਲਕਸ਼ੈ ਨੇ 50 ਵਿੱਚੋਂ 47 ਦਾ ਸਕੋਰ ਬਣਾ ਕੇ ਸੋਨ ਤਗ਼ਮਾ ਜਿੱਤਿਆ ਜਦਕਿ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰ ਰਹੀ ਉਸ ਦੀ ਚਚੇਰੀ ਭੈਣ ਨੀਰੂ ਨੇ 45 ਦਾ ਸਕੋਰ ਬਣਾ ਕੇ ਮਹਿਲਾ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦਿੱਲੀ ਦਾ ਫ਼ਹਿਦ ਸੁਲਤਾਨ ਪੁਰਸ਼ ਵਰਗ ਵਿੱਚ 45 ਦਾ ਸਕੋਰ ਬਣਾ ਕੇ ਦੂਜੇ ਸਥਾਨ ’ਤੇ ਰਿਹਾ। ਕੁਆਲੀਫਿਕੇਸ਼ਨ ਵਿੱਚ ਚੋਟੀ ’ਤੇ ਰਹੇ ਸੁਲੇਮਾਨ ਅਰਸ਼ ਇਲਾਹੀ ਨੇ ਕਾਂਸੀ ਤਗ਼ਮਾ ਜਿੱਤਿਆ ਜਦਕਿ ਓਲੰਪੀਅਨ ਪ੍ਰਿਥਵੀਰਾਜ ਟੋਂਡੀਮਾਨ ਪੰਜਵੇਂ ਸਥਾਨ ’ਤੇ ਰਿਹਾ। ਮਹਿਲਾ ਵਰਗ ਵਿੱਚ ਦਿੱਲੀ ਦੀ ਕੀਰਤੀ ਗੁਪਤਾ ਨੇ ਚਾਂਦੀ ਅਤੇ ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜੂਨੀਅਰ ਪੁਰਸ਼ ਫਾਈਨਲ ਵਿੱਚ ਰਾਜਸਥਾਨ ਦੇ ਵਿਨੈ ਪ੍ਰਤਾਪ ਸਿੰਘ ਚੰਦਰਾਵਤ ਨੇ 43 ਨਿਸ਼ਾਨੇ ਲਗਾ ਕੇ ਸੋਨ ਤਗ਼ਮਾ ਜਿੱਤਿਆ। ਤਾਮਿਲਨਾਡੂ ਦੇ ਯੁਗਾਨ ਐੱਸਐੱਮ ਨੇ ਚਾਂਦੀ ਜਦਕਿ ਰਾਜਸਥਾਨ ਦੇ ਊਧਵ ਸਿੰਘ ਰਾਠੌੜ ਨੇ ਕਾਂਸੀ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਜੂਨੀਅਰ ਵਰਗ ਵਿੱਚ ਸ਼੍ਰੇਸ਼ਠਾ ਸਿਸੌਦੀਆ ਨੇ ਉੱਤਰ ਪ੍ਰਦੇਸ਼ ਦੀ ਸਬੀਰਾ ਹੈਰਿਸ ਨੂੰ ਸ਼ੂਟ-ਆਫ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ