ਨਿਸ਼ਾਨੇਬਾਜ਼ੀ: ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ ਸੋਨ ਤਗ਼ਮੇ ਜਿੱਤੇ
ਨਵੀਂ ਦਿੱਲੀ, 29 ਸਤੰਬਰ
ਭਾਰਤੀ ਨਿਸ਼ਾਨੇਬਾਜ਼ਾਂ ਨੇ ਪੇਰੂ ਦੇ ਲੀਮਾ ਸ਼ਹਿਰ ਵਿੱਚ ਚੱਲ ਰਹੀ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ (ਰਾਈਫਲ/ ਪਿਸਟਲ/ ਸ਼ਾਟਗੰਨ) ਵਿੱਚ ਪੁਰਸ਼ ਅਤੇ ਮਹਿਲਾ ਟੀਮ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇੱਕ ਨਿਸ਼ਾਨੇਬਾਜ਼ ’ਤੇ ਦੇਰੀ ਨਾਲ ਪਹੁੰਚਣ ਕਾਰਨ ਦੋ ਅੰਕ ਦਾ ਜੁਰਮਾਨਾ ਲਗਾਇਆ ਗਿਆ। ਉਮੇਸ਼ ਚੌਧਰੀ, ਪ੍ਰਦੂਮਨ ਸਿੰਘ, ਮੁਕੇਸ਼ ਨੇਲਵੱਲੀ ਦੀ ਜੂਨੀਅਰ ਪੁਰਸ਼ ਟੀਮ ਨੇ 1726 ਅੰਕਾਂ ਨਾਲ 10 ਮੀਟਰ ਏਅਰ ਪਿਸਟਲ ’ਚ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਦੂਜਾ ਸਥਾਨ ਹਾਸਲ ਕਰਨ ਵਾਲੇ ਰੋਮਾਨੀਆ ਤੋਂ 10 ਅੰਕ ਅੱਗੇ ਰਹੀ। ਇਟਲੀ ਨੇ 1707 ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਹਾਲਾਂਕਿ ਉਮੇਸ਼ ਚੌਧਰੀ ਫਾਈਨਲ ਲਈ ਦੇਰੀ ਨਾਲ ਰਿਪੋਰਟ ਕਰਨ ਕਾਰਨ ਦੋ ਅੰਕ ਦਾ ਜੁਰਮਾਨਾ ਲੱਗਣ ’ਤੇ ਤਗ਼ਮਾ ਹਾਸਲ ਕਰਨ ਤੋਂ ਖੁੰਝ ਗਿਆ। ਉਮੇਸ਼ ਚੌਧਰੀ ਅਤੇ ਪ੍ਰਦੂਮਨ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਰਹਿੰਦਿਆਂ ਵਿਅਕਤੀਗਤ ਫਾਈਨਲ ’ਚ ਜਗ੍ਹਾ ਬਣਾਈ ਸੀ। ਉਮੇਸ਼ ਚੌਧਰੀ ਨੇ 580 ਅਤੇ ਪ੍ਰਦੂਮਨ ਨੇ 578 ਦਾ ਸਕੋਰ ਬਣਾਇਆ ਪਰ ਫਾਈਨਲ ਲਈ ਉਹ ਕ੍ਰਮਵਾਰ ਛੇਵੇਂ ਅਤੇ ਅੱਠਵੇਂ ਸਥਾਨ ’ਤੇ ਰਿਹਾ। ਨੇਲਵੱਲੀ 574 ਦੇ ਸਕੋਰ ਨਾਲ ਕੁਆਲੀਫਿਕੇਸ਼ਨ ਵਿੱਚ ਨੌਵੇਂ ਸਥਾਨ ’ਤੇ ਰਿਹਾ ਅਤੇ ਇਸ ਤਰ੍ਹਾਂ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ। ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਨਿਸ਼ਕਾ ਡਾਗਰ, ਲਕਸ਼ਿਤਾ ਅਤੇ ਅੰਜਲੀ ਚੌਧਰੀ ਦੀ ਭਾਰਤੀ ਟੀਮ ਨੇ 1708 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ ਅਜ਼ਰਬਾਇਜਾਨ ਨੂੰ ਇੱਕ ਅੰਕ ਨਾਲ ਪਿੱਛੇ ਛੱਡਿਆ। ਯੂਕਰੇਨ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ