ਨਿਸ਼ਾਨੇਬਾਜ਼ੀ: ਭਾਰਤ ਨੂੰ ਪੁਰਸ਼ ਟਰੈਪ ਵਿੱਚ ਟੀਮ ਸੋਨ ਤਗ਼ਮਾ
ਹਾਂਗਜ਼ੂ, 1 ਅਕਤੂਬਰ
ਪ੍ਰਿਥਵੀਰਾਜ ਤੋਡਇਮਾਨ, ਕਾਇਨਾਨ ਚੇਨਾਈ ਅਤੇ ਜ਼ੋਰਾਵਰ ਸਿੰਘ ਸੰਧੂ ਦੀ ਭਾਰਤੀ ਤਿਕੜੀ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਟਰੈਪ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਟੀਮ ਸੋਨ ਤਗ਼ਮਾ ਜਿੱਤਿਆ। ਮਨੀਸ਼ਾ ਕੀਰ, ਪ੍ਰੀਤੀ ਰਜ਼ਾਕ ਅਤੇ ਰਾਜੇਸ਼ਵਰੀ ਕੁਮਾਰੀ ਦੀ ਮਹਿਲਾ ਟਰੈਪ ਟੀਮ ਵੀ ਚਾਂਦੀ ਤਗ਼ਮਾ ਜਿੱਤਣ ਵਿੱਚ ਸਫਲ ਰਹੀ ਜਿਸ ਨਾਲ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਜਾਰੀ ਹੈ। ਭਾਰਤੀ ਪੁਰਸ਼ ਟੀਮ ਨੇ ਕੁਆਲੀਫਿਕੇਸ਼ਨ ਗੇੜ ਵਿੱਚ 361 ਅੰਕ ਹਾਸਲ ਕੀਤੇ। ਖਾਲਿਦ ਅਲਮੁਦਹਾਫ, ਤਲਾਲ ਅਲਰਸ਼ੀਦੀ ਅਤੇ ਅਬਦੁਲਰਹਿਮਾਨ ਅਲਫਇਹਾਨ ਦੀ ਕੁਵੈਤ ਦੀ ਟੀਮ ਨੇ 359 ਅੰਕ ਨਾਲ ਚਾਂਦੀ ਤਗ਼ਮਾ ਜਿੱਤਿਆ ਜਦਕਿ ਯੁਹਾਓ ਗੁਓ, ਯਿੰਕ ਦੀ ਔ ਯੁਹਾਓ ਵੈਂਗ ਦੀ ਚੀਨ ਦੀ ਟੀਮ ਨੇ 354 ਅੰਕਾਂ ਨਾਲ ਕਾਂਸੀ ਤਗ਼ਮਾ ਆਪਣੇ ਨਾਂ ਕੀਤਾ। ਭਾਰਤੀ ਮਹਿਲਾ ਟੀਮ ਨੇ 337 ਅੰਕ ਹਾਸਲ ਕਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਪੁਰਸ਼ ਵਰਗ ਵਿੱਚ ਚੇਨਾਈ (122) ਅਤੇ ਜ਼ੋਰਾਵਰ ਸਿੰਘ ਸੰਧੂ (120) ਵਿਅਕਤੀਗਤ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਸਫਲ ਰਹੇ। ਮਹਿਲਾ ਵਰਗ ਦੇ ਮਨੀਸ਼ ਨੇ ਤਿੰਨ ਹੋਰ ਨਿਸ਼ਾਨੇਬਾਜ਼ਾਂ ਦੇ ਨਾਲ ਟਾਈ ਤੋਂ ਬਾਅਦ ਸ਼ੂਟ ਆਫ ਰਾਹੀਂ ਫਾਈਨਲ ’ਚ ਜਗ੍ਹਾ ਬਣਾਈ। -ਪੀਟੀਆਈ