ਦੱਖਣੀ ਅਫਰੀਕਾ ’ਚ ਗੋਲੀਬਾਰੀ; ਛੇ ਮੌਤਾਂ, ਚਾਰ ਜ਼ਖ਼ਮੀ
ਜੋਹਾਨੈੱਸਬਰਗ, 12 ਜੁਲਾਈ
ਦੱਖਣੀ ਅਫਰੀਕਾ ਵਿੱਚ ਤਿੰਨ ਵਿਅਕਤੀਆਂ ਨੇ ਇਕ ਘਰ ਦੇ ਬਾਹਰ ਖਾਲੀ ਪਈ ਜਗ੍ਹਾ ਵਿੱਚ ਪਹੁੰਚ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਗੋਲੀਬਾਰੀ ਪੂਰਬੀ ਕੇਪ ਪ੍ਰਾਂਤ ਵਿੱਚ ਪੈਂਦੇ ਕੈਰੀਏਗਾ ਕਸਬੇ ਨੇੜੇ ਕਵਾਨੋਬੁਹਲ ਬਸਤੀ ਵਿੱਚ ਹੋਈ। ਸ਼ੱਕੀ ਵਿਅਕਤੀਆਂ ਨੂੰ ਅਜੇ ਤਾਈਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੱਖਣੀ ਅਫਰੀਕਾ ਸਭ ਤੋਂ ਵੱਧ ਹੱਤਿਆਵਾਂ ਦੀ ਦਰ ਵਾਲੇ ਦੇਸ਼ਾਂ ’ਚ ਸ਼ਾਮਲ ਹੈ। ਇਹ ਦਰ ਪ੍ਰਤੀ ਦਨਿ 30 ਵਿਅਕਤੀ ਹੈ। ਪੁਲੀਸ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿੱਚ ਪੰਜ ਪੁਰਸ਼ਾਂ ਤੇ ਇਕ ਔਰਤ ਦੀ ਹੱਤਿਆ ਹੋਈ ਹੈ।
ਪੁਲੀਸ ਦੇ ਤਰਜਮਾਨ ਕਰਨਲ ਪ੍ਰਿਸਿਲਾ ਨਾਇਡੂ ਨੇ ਕਿਹਾ, ‘‘ਕਥਿਤ ਤੌਰ ’ਤੇ ਤਿੰਨ ਅਣਪਛਾਤੇ ਵਿਅਕਤੀ ਘਰਾਂ ਦੇ ਨਾਲ ਲੱਗਦੀ ਖਾਲੀ ਜਗ੍ਹਾ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਉੱਥੇ ਨੇੜਲੇ ਘਰਾਂ ’ਚ ਰਹਿੰਦੇ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਦੋ ਔਰਤਾਂ ਜੋ ਕਿ ਘਰਾਂ ਦੇ ਗੇਟ ’ਤੇ ਖੜ੍ਹੀਆਂ ਸਨ, ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ।’’ ਪੁਲੀਸ ਮੁਤਾਬਕ ਗੋਲੀਬਾਰੀ ਦਾ ਮਕਸਦ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। -ਏਪੀ