ਬਾਲਟੀਮੋਰ ’ਚ ਗੋਲੀਬਾਰੀ; ਦੋ ਹਲਾਕ, 28 ਜ਼ਖ਼ਮੀ
ਬਾਲਟੀਮੋਰ (ਅਮਰੀਕਾ), 2 ਜੁਲਾਈ
ਬਾਲਟੀਮੋਰ ’ਚ ਐਤਵਾਰ ਤੜਕੇ ਪਾਰਟੀ ਲਈ ਇਕੱਤਰ ਹੋਏ ਲੋਕਾਂ ’ਤੇ ਅਣਪਛਾਤੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਵਿਅਕਤੀ ਮਾਰੇ ਗਏ ਅਤੇ 28 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ।
ਪੁਲੀਸ ਹਮਲਾਵਰ ਦਾ ਪਤਾ ਲਾਉਣ ’ਚ ਜੁਟੀ ਹੋਈ ਹੈ। ਬਾਲਟੀਮੋਰ ਪੁਲੀਸ ਵਿਭਾਗ ਦੇ ਕਾਰਜਕਾਰੀ ਕਮਿਸ਼ਨਰ ਰਿਚਰਡ ਵਰਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਕਿ ਗੋਲੀਬਾਰੀ ’ਚ ਦੋ ਵਿਅਕਤੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ 9 ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਦਕਿ 20 ਪੀੜਤ ਖੁਦ ਹੀ ਹਸਪਤਾਲ ਪਹੁੰਚੇ। ਇਹ ਘਟਨਾ ਦੱਖਣੀ ਬਾਲਟੀਮੋਰ ਦੇ ਬਰੁਕਲਿਨ ਹੋਮਜ਼ ਏਰੀਆ ’ਚ ਬਲਾਕ ਪਾਰਟੀ ਦੌਰਾਨ ਵਾਪਰੀ। ਮੇਅਰ ਬਰੈਂਡਨ ਸਕੌਟ ਨੇ ਕਿਹਾ ਕਿ ਹਮਲਾਵਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਗੋਲੀਬਾਰੀ ਮਗਰੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸਕੌਟ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਗੋਲੀਬਾਰੀ ਲਈ ਜ਼ਿੰਮੇਵਾਰ ‘ਕਾਇਰਾਂ’ ਦਾ ਪਤਾ ਲਾਉਣ ਲਈ ਜਾਂਚਕਾਰਾਂ ਦਾ ਸਹਿਯੋਗ ਕਰਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਸ਼ੱਕੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਅੱਗੇ ਆਉਣ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ’ਚ ਸਹਾਇਤਾ ਕਰਨ। -ਏਪੀ
ਕਲੱਬ ’ਚ ਗੋਲੀਬਾਰੀ; ਨੌਂ ਫੱਟਡ਼
ਕਾਂਸਾਸ: ਅਮਰੀਕਾ ਦੇ ਕਾਂਸਾਸ ਦੇ ਇਕ ਕਲੱਬ ਵਿਚ ਅੈਤਵਾਰ ਸੁਵੱਖਤੇ ਹੋਈ ਗੋਲੀਬਾਰੀ ’ਚ ਨੌਂ ਲੋਕ ਜ਼ਖਮੀ ਹੋ ਗਏ। ਸੱਤ ਲੋਕ ਗੋਲੀ ਲੱਗਣ ਕਾਰਨ ਫੱਟਡ਼ ਹੋਏ ਹਨ ਜਦਕਿ ਦੋ ਹੋਰ ਗੋਲੀਬਾਰੀ ਮਗਰੋਂ ਭਗਦਡ਼ ਵਿਚ ਜ਼ਖ਼ਮੀ ਹੋ ਗਏ। ਇਹ ਘਟਨਾ ਸਿਟੀਨਾਈਟਜ਼ ਨਾਈਟ ਕਲੱਬ ਵਿਚ ਰਾਤ ਇਕ ਵਜੇ ਦੇ ਕਰੀਬ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਸੱਤ ਲੋਕਾਂ ਨੂੰ ਗੋਲੀ ਲੱਗੀ ਹੈ। ਉਨ੍ਹਾਂ ਕਿਹਾ ਕਿ ਜਾਂਚ ਹਾਲੇ ਮੁੱਢਲੇ ਦੌਰ ਵਿਚ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿਚ ਕਿਸੇ ਦੀ ਮੌਤ ਨਹੀਂ ਹੋਈ ਪਰ ਕਈ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਸਾਰੇ ਪੀਡ਼ਤਾਂ ਦਾ ਖੇਤਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਗੋਲੀਬਾਰੀ ਦਾ ਸ਼ਿਕਾਰ ਹੋਏ ਪੀਡ਼ਤਾਂ ਵਿਚ ਪੰਜ ਜਣੇ 21-34 ਸਾਲ ਦੇ ਵਿਚਾਲੇ ਹਨ। ਇਕ 21 ਤੇ 24 ਸਾਲ ਦੀ ਮਹਿਲਾ ਵੀ ਫੱਟਡ਼ ਹੈ। ਭਗਦਡ਼ ਵਿਚ ਇਕ 30 ਸਾਲ ਦੀ ਔਰਤ ਤੇ 31 ਸਾਲ ਦਾ ਪੁਰਸ਼ ਜ਼ਖਮੀ ਹੋਇਆ ਹੈ। ਪੁਲੀਸ ਨੇ ਕਿਹਾ ਕਿ ਗੋਲੀਆਂ ਚਾਰ ਬੰਦੂਕਾਂ ਵਿਚੋਂ ਚੱਲੀਆਂ ਹਨ। ਸ਼ੱਕ ਦੇ ਅਧਾਰ ’ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਘਟਨਾ ਵਿਚੀਟਾ ਸ਼ਹਿਰ ਵਿਚ ਵਾਪਰੀ ਹੈ ਜਿਸ ਦੀ ਆਬਾਦੀ ਚਾਰ ਲੱਖ ਹੈ। ਇਹ ਮਿਸੂਰੀ ਦੇ ਕਾਂਸਾਸ ਸ਼ਹਿਰ ਤੋਂ 200 ਮੀਲ ਦੂਰ ਹੈ। -ਏਪੀ