ਨਿਸ਼ਾਨੇਬਾਜ਼ੀ ਫੈਡਰੇਸ਼ਨ ਵੱਲੋਂ ਪੈਰਿਸ ਓਲੰਪਿਕ ਚੋਣ ਨੀਤੀ ’ਚ ਬਦਲਾਅ; ਬੋਨਸ ਅੰਕ ਘਟਾਏ
ਨਵੀਂ ਦਿੱਲੀ: ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਨੇ 2024 ਪੈਰਿਸ ਓਲੰਪਿਕ ਲਈ ਆਪਣੀ ਚੋਣ ਨੀਤੀ ਵਿੱਚ ਸੋਧ ਕਰਦਿਆਂ ‘ਫਾਇਰ ਆਰਮ’ ਸ਼੍ਰੇਣੀ ਵਿੱਚ ਓਲੰਪਿਕ ਕੋਟਾ ਜੇਤੂਆਂ ਲਈ ਸਿਰਫ਼ ਦੋ ਬੋਨਸ ਅੰਕ ਅਤੇ ‘ਏਅਰ ਗੰਨ’ ਨਿਸ਼ਾਨੇਬਾਜ਼ਾਂ ਲਈ ਇੱਕ ਅੰਕ ਦੇਣ ਦਾ ਪ੍ਰਸਤਾਵ ਰੱਖਿਆ ਹੈ। ਏਅਰ ਗੰਨ ਵਿੱਚ 10 ਮੀਟਰ ਦੇ ਮੁਕਾਬਲੇ (ਪਿਸਟਲ ਅਤੇ ਰਾਈਫ਼ਲ) ਹੁੰਦੇ ਹਨ, ਜਦੋਂ ਕਿ ਫਾਇਰ ਆਰਮ ਵਿੱਚ 25 ਮੀਟਰ ਅਤੇ ਇਸ ਤੋਂ ਵੱਧ ਦੂਰੀ ਵਾਲੇ ਮੁਕਾਬਲੇ ਹੁੰਦੇ ਹਨ। ਇਸ ਤੋਂ ਪਹਿਲਾਂ ਓਲੰਪਿਕ ਕੋਟਾ ਜੇਤੂ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ’ਤੇ 10 ਬੋਨਸ ਅੰਕ ਮਿਲਦੇ ਸੀ, ਜਦਕਿ ਚੌਥੇ ਸਥਾਨ ’ਤੇ ਰਹਿਣ ਵਾਲੇ ਨੂੰ ਪੰਜ ਅੰਕ ਮਿਲਦੇ ਸੀ। ਇਸੇ ਤਰ੍ਹਾਂ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜੇਤੂ ਨੂੰ ਛੇ, ਚਾਂਦੀ ਦਾ ਤਗ਼ਮਾ ਜੇਤੂ ਨੂੰ ਚਾਰ ਅਤੇ ਕਾਂਸੇ ਦਾ ਤਗ਼ਮਾ ਜੇਤੂ ਨੂੰ ਦੋ ਬੋਨਸ ਅੰਕ ਦਿੱਤੇ ਜਾਂਦੇ ਸੀ। ਪਿਛਲੇ ਦੋ ਓਲੰਪਿਕ (2016 ਰੀਓ ਅਤੇ 2020 ਟੋਕੀਓ) ਵਿੱਚ ਨਿਸ਼ਾਨੇਬਾਜ਼ਾਂ ਦੇ ਤਗ਼ਮਾ ਨਾ ਜਿੱਤਣ ਕਾਰਨ ਐੱਨਆਰਏਆਈ ਨੇ ਨੀਤੀ ਵਿੱਚ ਸੋਧ ਕੀਤੀ ਹੈ। ਸੋਧੀ ਨੀਤੀ ਅਨੁਸਾਰ ਓਲੰਪਿਕ ਟਰਾਇਲ ਵਿੱਚ ਕੋਟਾ ਜੇਤੂਆਂ ਲਈ ਚਾਰ ਟਰਾਇਲ ਵਿੱਚੋਂ ਤਿੰਨ ਸਰਵੋਤਮ ਪ੍ਰਦਰਸ਼ਨ ਦੇ ਔਸਤ ਅੰਕ ਵਿੱਚ ਬੋਨਸ ਅੰਕ ਨੂੰ ਜੋੜਿਆ ਜਾਵੇਗਾ। -ਪੀਟੀਆਈ