For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਵਨੀ ਲੇਖਰਾ

07:52 AM Aug 31, 2024 IST
ਨਿਸ਼ਾਨੇਬਾਜ਼ੀ  ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਵਨੀ ਲੇਖਰਾ
ਨਿਸ਼ਾਨੇਬਾਜ਼ੀ ਦੇ ਮਹਿਲਾ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗ਼ਮਾ ਜੇਤੂ (1) ਅਵਨੀ ਲੇਖਰਾ, (2) ਕਾਂਸੇ ਦਾ ਤਗ਼ਮਾ ਜੇਤੂ ਮੋਨਾ ਅਗਰਵਾਲ। (3) ਪੁਰਸ਼ਾਂ ਦੇ ਏਅਰ ਪਿਸਟਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ ਨਰਵਾਲ। -ਫੋਟੋਆਂ: ਪੀਟੀਆਈ
Advertisement

ਚੈਟੋਰੌਕਸ, 30 ਅਗਸਤ
ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ ਟੋਕੀਓ ਤੋਂ ਬਾਅਦ ਪੈਰਿਸ ਪੈਰਾਲੰਪਿਕ ਵਿੱਚ ਵੀ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤ ਦੀ ਹੀ ਮੋਨਾ ਅਗਰਵਾਲ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ 22 ਸਾਲਾ ਅਵਨੀ ਨੇ 249.7 ਦਾ ਸਕੋਰ ਬਣਾ ਕੇ ਆਪਣੇ ਹੀ 249.6 ਦੇ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸੇ ਦੌਰਾਨ ਸ਼ਾਟਪੁੱਟ, ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਵਾਲੀਬਾਲ ਮਗਰੋਂ ਦੋ ਸਾਲ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਪ੍ਰਦਰਸ਼ਨ ਕਰਨ ਵਾਲੀ ਮੋਨਾ ਨੇ 228.7 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਭਾਰਤ ਦੇ ਪੈਰਾਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਦੋ ਨਿਸ਼ਾਨੇਬਾਜ਼ਾਂ ਨੇ ਇੱਕ ਹੀ ਮੁਕਾਬਲੇ ਵਿੱਚ ਤਗ਼ਮੇ ਜਿੱਤੇ ਹਨ। ਜੈਪੁਰ ਦੀ ਰਹਿਣ ਵਾਲੀ ਅਵਨੀ ਪੈਰਾਲੰਪਿਕ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਉਸ ਦੇ ਪਿੱਤੇ ਦੇ ਅਪਰੇਸ਼ਨ ਕਾਰਨ ਡੇਢ ਮਹੀਨੇ ਦੀ ਛੁੱਟੀ ਲੈਣੀ ਪਈ ਸੀ। ਅਪਰੇਸ਼ਨ ਕਾਰਨ ਉਸ ਦਾ ਵਜ਼ਨ ਵੀ ਘੱਟ ਗਿਆ ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਅਵਨੀ ਨੇ ਪੈਰਿਸ ਵਿੱਚ ਭਾਰਤ ਦਾ ਝੰਡਾ ਲਹਿਰਾਇਆ।
ਉਸ ਨੇ ਕਿਹਾ, ‘‘ਮੈਂ ਦੇਸ਼ ਲਈ ਤਗ਼ਮਾ ਜਿੱਤ ਕੇ ਖੁਸ਼ ਹਾਂ। ਆਪਣੀ ਟੀਮ, ਆਪਣੇ ਕੋਚ ਅਤੇ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’’ ਗਿਆਰਾਂ ਸਾਲ ਦੀ ਉਮਰ ਵਿੱਚ ਕਾਰ ਹਾਦਸੇ ਵਿੱਚ ਸਰੀਰ ਦੇ ਹੇਠਲੇ ਹਿੱਸੇ ’ਚ ਅਧਰੰਗ ਹੋਣ ਕਾਰਨ ਅਵਨੀ ਵ੍ਹੀਲਚੇਅਰ ’ਤੇ ਨਿਰਭਰ ਹੈ। ਉਹ ਟੋਕੀਓ ਪੈਰਾਲੰਪਿਕ 2021 ਵਿੱਚ ਨਿਸ਼ਾਨੇਬਾਜ਼ੀ ’ਚ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ। ਐਸਐੱਚ 1 ਸ਼੍ਰੇਣੀ ਸ਼ੂਟਿੰਗ ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀਆਂ ਬਾਹਾਂ, ਹੇਠਲਾ ਹਿੱਸਾ, ਲੱਤਾਂ ਜਾਂ ਕੋਈ ਅੰਗ ਨਹੀਂ ਹੁੰਦਾ।
ਕੁਆਲੀਫਿਕੇਸ਼ਨ ਵਿੱਚ ਸਾਬਕਾ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਬਣਾਇਆ ਅਤੇ ਉਹ ਇਰੀਨਾ ਮਗਰੋਂ ਦੂਜੇ ਸਥਾਨ ’ਤੇ ਰਹੀ। ਦੋ ਵਾਰ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਮੋਨਾ ਨੇ ਕੁਆਲੀਫਿਕੇਸ਼ਨ ਵਿੱਚ 623.1 ਦਾ ਸਕੋਰ ਬਣਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਸੀ। ਹੁਣ ਅਵਨੀ 50 ਮੀਟਰ ਰਾਈਫਲ ਥ੍ਰੀ-ਪੌਜੀਸ਼ਨ ਵਿੱਚ ਉੱਤਰੇਗੀ, ਜਿਸ ਵਿੱਚ ਉਹ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ।
ਪਿਛਲੀ ਵਾਰ ਟੋਕੀਓ ਵਿੱਚ ਇਸ ਮੁਕਾਬਲੇ ’ਚ ਉਸ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

ਸ਼ਾਹ ਨੇ ਅਵਨੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਵਨੀ ਲੇਖਰਾ ਨੂੰ ਪੈਰਿਸ ਪੈਰਾਲੰਪਿਕ ਖੇਡਾਂ ਦੇ ਮਹਿਲਾ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਲਈ ਵਧਾਈ ਦਿੱਤੀ। ਸ਼ਾਹ ਨੇ ਐਕਸ ’ਤੇ ਲਿਖਿਆ, ‘ਸਾਡੀ ‘ਗੋਲਡਨ ਗਰਲ’ ਅਵਨੀ ਲੇਖਰਾ ਨੇ ਫਿਰ ਕਰ ਦਿਖਾਇਆ। ਪੈਰਾਲੰਪਿਕ 2024 ਵਿੱਚ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਲਈ ਉਸ ਨੂੰ ਬਹੁਤ ਬਹੁਤ ਵਧਾਈ। ਤੁਸੀ ਫਿਰ ਤੋਂ ਭਾਰਤ ਦੀ ਜੇਤੂ ਭਾਵਨਾ ਨੂੰ ਸਾਬਤ ਕੀਤਾ ਹੈ। ਤੁਹਾਨੂੰ ਭਵਿੱਖ ਦੇ ਮੈਚਾਂ ਲਈ ਸ਼ੁਭਕਾਮਨਾਵਾਂ।’ -ਪੀਟੀਆਈ

Advertisement

ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ ’ਚ ਚਾਂਦੀ ਦਾ ਤਗ਼ਮਾ ਜਿੱਤਿਆ

ਭਾਰਤ ਦੇ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕ ਵਿੱਚ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐੱਸਐੱਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਬਾਈ ਸਾਲਾ ਦੇ ਨਰਵਾਲ ਨੇ ਟੋਕੀਓ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨਰਵਾਲ ਮੁਕਾਬਲੇ ਦੌਰਾਨ ਕੁੱਝ ਸਮੇਂ ਤੱਕ ਅੱਗੇ ਚੱਲ ਰਿਹਾ ਸੀ ਪਰ ਕੁੱਝ ਖਰਾਬ ਸ਼ਾਟ ਕਾਰਨ ਉਹ ਦੱਖਣੀ ਕੋਰੀਆ ਦੇ ਜੋ ਜਿਓਂਗਡੂ ਤੋਂ ਪੱਛੜ ਗਿਆ। ਭਾਰਤ ਦੇ ਨਿਸ਼ਾਨੇਬਾਜ਼ ਸ਼ਿਵਾ ਨਰਵਾਲ ਦੇ ਵੱਡੇ ਭਰਾ ਮਨੀਸ਼ ਨੇ 234.9 ਦਾ ਸਕੋਰ ਬਣਾਇਆ, ਜਦਕਿ ਜਿਓਂਗਡੂ ਨੇ 237.4 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਨਰਵਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ 565 ਦਾ ਸਕੋਰ ਬਣਾ ਕੇ ਪੰਜਵੇਂ ਸਥਾਨ ’ਤੇ ਰਿਹਾ ਸੀ। ਫਰੀਦਾਬਾਦ ਦੇ ਰਹਿਣ ਵਾਲੇ ਨਰਵਾਲ ਨੇ ਵੱਖ ਵੱਖ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਕਈ ਤਗ਼ਮੇ ਜਿੱਤੇ ਹਨ। ਭਾਰਤ ਦਾ ਰੁਦਰਾਕਸ਼ ਖੰਡੇਲਵਾਲ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ ਅਤੇ 561 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਿਹਾ। ਐੱਸਐੱਚ1 ਵਰਗ ਵਿੱਚ ਖਿਡਾਰੀ ਬਿਨਾਂ ਕਿਸੇ ਦਿੱਕਤ ਦੇ ਪਿਸਤੌਲ ਚੁੱਕ ਸਕਦੇ ਹਨ ਅਤੇ ਵ੍ਹੀਲਚੇਅਰ ਜਾਂ ਚੇਅਰ ’ਤੇ ਖੜ੍ਹੇ ਹੋ ਕੇ ਜਾਂ ਬੈਠ ਕੇ ਨਿਸ਼ਾਨਾ ਲਗਾਉਂਦੇ ਹਨ।

Advertisement
Author Image

sukhwinder singh

View all posts

Advertisement