10 killed in shooting: ਸਵੀਡਨ ਦੇ ਸਕੂਲ ’ਚ ਗੋਲੀਬਾਰੀ; ਦਸ ਹਲਾਕ
ਓਰੇਬਰੋ (ਸਵੀਡਨ), 4 ਫਰਵਰੀ
ਇੱਥੋਂ ਦੇ ਇੱਕ ਬਾਲਗ ਸਿੱਖਿਆ ਕੇਂਦਰ ਵਿੱਚ ਗੋਲੀਬਾਰੀ ਵਿੱਚ ਲਗਪਗ 10 ਲੋਕ ਮਾਰੇ ਗਏ। ਪ੍ਰਧਾਨ ਮੰਤਰੀ ਕ੍ਰਿਸਟਰਸਨ ਨੇ ਕਿਹਾ ਕਿ ਇਹ ਗੋਲੀਬਾਰੀ ਦੇਸ਼ ਲਈ ਇੱਕ ਦਰਦਨਾਕ ਦਿਨ ਹੈ ਜੋ ਸਵੀਡਨ ਵਿੱਚ ਹੋਣ ਵਾਲਾ ਸਭ ਤੋਂ ਘਾਤਕ ਹਮਲਾ ਹੈ। ਸਥਾਨਕ ਪੁਲੀਸ ਮੁਖੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗੋਲੀਬਾਰੀ ਕਰਨ ਵਾਲਾ ਬੰਦੂਕਧਾਰੀ ਮਾਰਿਆ ਗਿਆ ਹੈ ਤੇ ਇਸ ਹਮਲੇ ਵਿਚ ਕੁੱਲ ਦਸ ਜਣੇ ਹਲਾਕ ਹੋ ਗਏ ਹਨ ਤੇ ਪੁਲੀਸ ਵੱਲੋਂ ਹੋਰ ਪੀੜਤਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦਾ ਕਾਰਨ ਸਪਸ਼ਟ ਨਹੀਂ ਹੋਇਆ।
ਪੁਲੀਸ ਮੁਖੀ ਰੋਬਰਟੋ ਇਦ ਫੋਰੈਸਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਦਾ ਮੰਨਣਾ ਹੈ ਕਿ ਇਹ ਕਾਰਾ ਬੰਦੂਕਧਾਰੀ ਨੇ ਇਕੱਲੇ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਸਮੇਂ ਦਹਿਸ਼ਤੀ ਹਮਲੇ ਦਾ ਸ਼ੱਕ ਨਹੀਂ ਹੈ। ਪੁਲੀਸ ਵੱਲੋਂ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਕੁਝ ਹੋਰ ਕਹਿਣਾ ਜਲਦਬਾਜ਼ੀ ਹੋਵੇਗਾ। ਇਹ ਗੋਲੀਬਾਰੀ ਦੀ ਘਟਨਾ ਸਟਾਕਹੋਮ ਤੋਂ ਲਗਪਗ 200 ਕਿਲੋਮੀਟਰ (125 ਮੀਲ) ਪੱਛਮ ਵਿੱਚ ਓਰੇਬਰੋ ਵਿੱਚ ਵਾਪਰੀ। ਜ਼ਿਕਰਯੋਗ ਹੈ ਕਿ ਸਵੀਡਨ ਦੇ ਸਕੂਲਾਂ ਵਿੱਚ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ ਪਰ ਹਾਲ ਹੀ ਦੇ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਚਾਕੂਆਂ ਜਾਂ ਕੁਹਾੜਿਆਂ ਨਾਲ ਜ਼ਖਮੀ ਕਰ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ ਸੀ।
ਇਹ ਗੋਲੀਬਾਰੀ ਉਦੋਂ ਹੋਈ ਜਦੋਂ ਕਈ ਵਿਦਿਆਰਥੀ ਪ੍ਰੀਖਿਆ ਤੋਂ ਬਾਅਦ ਘਰ ਚਲੇ ਗਏ ਸਨ। ਰਾਇਟਰਜ਼