ਸ਼ੂਟਿੰਗ: ਅਮਨਪ੍ਰੀਤ ਨੂੰ 25 ਮੀਟਰ ਪਿਸਟਲ ਮੁਕਾਬਲੇ ’ਚ ਸੋਨ ਤਗ਼ਮਾ
ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 7 ਜੂਨ
ਬਲਾਕ ਭੁੱਨਰਹੇੜੀ ਦੇ ਪਿੰਡ ਪੰਜੇਟਾਂ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਜਰਮਨੀ ਦੇ ਸ਼ਹਿਰ ਸੁਹਲ ਵਿੱਚ ਚੱਲ ਰਹੇ ਆਈਐੱਸਐੱਸਐਫ਼ ਜੂਨੀਅਰ ਅੰਤਰ-ਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਿਸ਼ਵ ਕੱਪ ਜੂਨੀਅਰ ਪੁਰਸ਼ਾਂ ਦੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਅਮਨਪ੍ਰੀਤ ਸਿੰਘ ਨੇ 600 ‘ਚੋਂ 586 ਅੰਕ ਪ੍ਰਾਪਤ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੰਤਰ-ਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ‘ਚ ਅਮਨਪ੍ਰੀਤ ਸਿੰਘ ਦਾ ਇਹ ਪਹਿਲਾ ਸੋਨ ਤਗ਼ਮਾ ਹੈ। ਅਮਨਪ੍ਰੀਤ ਨੇ ਮਾਰਕਸਮੈਨ ਸ਼ੂਟਿੰਗ ਅਕੈਡਮੀ ਪਟਿਆਲਾ ਤੋਂ ਸਿਖਲਾਈ ਲਈ ਹੈ। ਅਮਨਪ੍ਰੀਤ ਦੇ ਪਿਤਾ ਪਰਮਿੰਦਰ ਸਿੰਘ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਮਨਪ੍ਰੀਤ ਨੇ ਇਸ ਸਫ਼ਲਤਾ ਲਈ ਸਖ਼ਤ ਮਿਹਨਤ ਕੀਤੀ ਹੈ, ਜਿਸ ਦਾ ਫਲ ਅੱਜ ਉਸ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਦੇ ਇਸ ਯੋਗਦਾਨ ਨਾਲ ਭਾਰਤ ਦਾ ਸਥਾਨ ਤਗ਼ਮਾ ਸੂਚੀ ਦੇ ਸਿਖਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਸਿੰਘ ਦਿਨ ਵਿੱਚ ਸ਼ੂਟਿੰਗ ਦਾ ਅਭਿਆਸ ਕਰਦਾ ਸੀ ਤੇ ਰਾਤ ਵੇਲੇ ਪੜ੍ਹਾਈ ਕਰਦਾ ਸੀ। ਉਹ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋਂ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਅਮਨਪ੍ਰੀਤ ਸਿੰਘ ਨੇ ਆਪਣੀ ਇਸ ਜਿੱਤ ਲਈ ਕੋਚ ਸਵਰਨਜੀਤ ਕੌਰ ਤੇ ਮਾਤਾ-ਪਿਤਾ ਦਾ ਧੰਨਵਾਦ ਕੀਤਾ।