ਨਿਸ਼ਾਨੇਬਾਜ਼ ਪਲਕ ਨੇ ਓਲੰਪਿਕ ਕੋਟਾ ਜਿੱਤਿਆ
ਨਵੀਂ ਦਿੱਲੀ, 14 ਅਪਰੈਲ
ਮੌਜੂਦਾ ਏਸ਼ਿਆਈ ਖੇਡਾਂ ਦੀ ਚੈਂਪੀਅਨ ਪਲਕ ਗੁਲੀਆ ਰੀਓ ਡੀ ਜਨੇਰੀਓ ਵਿੱਚ ਅੱਜ ‘ਆਈਐੱਸਐੱਸਐੱਫ ਫਾਈਨਲ ਓਲੰਪਿਕ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ (ਰਾਈਫਲ ਅਤੇ ਪਿਸਟਲ)’ ਦੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਦੇਸ਼ ਲਈ ਨਿਸ਼ਾਨੇਬਾਜ਼ੀ ਵਿੱਚ 20ਵਾਂ ਕੋਟਾ ਹਾਸਲ ਕੀਤਾ। ਹਰਿਆਣਾ ਦੇ ਝੱਜਰ ਦੀ 18 ਸਾਲਾ ਨਿਸ਼ਾਨੇਬਾਜ਼ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਜਦਕਿ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ 24 ਸ਼ਾਟ ਦੇ ਫਾਈਨਲ ਵਿੱਚ ਹੌਲੀ ਸ਼ੁਰੂਆਤ ਤੋਂ ਉਭਰਦੀ ਹੋਈ ਲਗਾਤਾਰ ਸੁਧਾਰ ਦੇ ਨਾਲ ਉਪਰ ਚੜ੍ਹਦੀ ਰਹੀ। ਉਹ 22ਵੇਂ ਸ਼ਾਟ ਤੋਂ ਬਾਅਦ 217.6 ਦੇ ਸਕੋਰ ਨਾਲ ਕਾਂਸੇ ਦਾ ਤਗਮਾ ਪੱਕਾ ਕਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ। ਇਸ ਈਵੈਂਟ ਵਿੱਚ ਅਰਮੇਨੀਆ ਦੀ ਐਲਮੀਰਾ ਕਾਰਪੇਟਯਾਨ ਨੇ ਸੋਨੇ ਅਤੇ ਥਾਈਲੈਂਡ ਦੀ ਕਾਮੋਨਲਾਕ ਸਾਏਂਚਾ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਹੁਣ ਪਿਸਟਲ ਅਤੇ ਰਾਈਫਲ ਮੁਕਾਬਲਿਆਂ ਵਿੱਚ ਕਿਸੇ ਦੇਸ਼ ਲਈ ਸਭ ਤੋਂ ਵੱਧ 16 ਪੈਰਿਸ ਓਲੰਪਿਕ ਕੋਟੇ ਹਾਸਲ ਕਰ ਲਏ ਹਨ। ਭਾਰਤ 19 ਅਪਰੈਲ ਨੂੰ ਦੋਹਾ ਵਿੱਚ ਹੋਣ ਵਾਲੇ ‘ਆਈਐੱਸਐੱਸਐੱਫ ਫਾਈਨਲ ਓਲੰਪਿਕ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ (ਸ਼ਾਟਗਨ)’ ਵਿੱਚ ਟਰੈਪ ਤੇ ਸਕੀਟ ਮੁਕਾਬਲਿਆਂ ਵਿੱਚ ਪੈਰਿਸ ਖੇਡਾਂ ਲਈ ਚਾਰ ਹੋਰ ਕੋਟੇ ਹਾਸਲ ਕਰ ਸਕਦਾ ਹੈ। ਪਲਕ ਅਤੇ ਸੈਨਯਾਮ ਨੇ ਬੀਤੇ ਦਿਨ 578 ਦੇ ਬਰਾਬਰ ਸਕੋਰ ਨਾਲ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਸਥਾਨ ’ਤੇ ਰਹਿੰਦਿਆਂ ਅੱਠ ਮਹਿਲਾਵਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। -ਪੀਟੀਆਈ